ਆਜ਼ਾਦੀ ਦੇ ਓਹਲੇ, ਹਿਜਰਤ ਨਾਮਾ 69 : ਲਛਮਣ ਸਿੰਘ ਖਿੰਡਾ

04/12/2023 12:32:55 AM

"ਮੈਂ ਲਛਮਣ ਸਿੰਘ ਸਾਬਕਾ ਸਰਪੰਚ ਵਲਦ ਰਤਨ ਸਿੰਘ ਵਲਦ ਚੰਦਾ ਸਿੰਘ ਪਿੰਡ ਫੁੱਲ-ਲੋਹੀਆਂ ਤੋਂ ਹਿਜਰਤ ਨਾਮਾ 1947 ਦੀ  ਦਰਦ ਭਰੀ ਦਾਸਤਾਨ ਸੁਣਾ ਰਿਹੈਂ। ਮੇਰੇ ਬਾਬਾ ਜੀ ਚੰਦਾ ਸਿੰਘ ਨੂੰ ਦੂਜੀ ਆਲਮੀ ਜੰਗ ਪਿੱਛੋਂ ਤਹਿਸੀਲ ਅਤੇ ਜ਼ਿਲ੍ਹਾ ਮਿੰਟਗੁਮਰੀ ਦੇ ਪਿੰਡ 47/5L ਵਿੱਚ ਘੋੜੀ ਪਾਲ਼ ਮੁਰੱਬਾ ਅਲਾਟ ਹੋਇਆ। ਸੋ ਓਧਰ ਜਾ ਰਿਹਾ। ਉਦੋਂ ਮੇਰੇ ਬਾਪ , ਉਨ੍ਹਾਂ ਦੇ ਭਾਈ ਚਾਨਣ ਸਿੰਘ,ਰਲਾ ਸਿੰਘ ਅਤੇ ਭੂਆ ਸੰਤ ਕੌਰ ਜੋ ਨਿਆਣੀ ਉਮਰ ਦੇ ਸਨ ਵੀ ਨਾਲ ਚਲ ਖੜ੍ਹੇ। ਮੈਂ ਲਛਮਣ ਸਿੰਘ ਅਤੇ ਮੇਰੀਆਂ ਦੋ ਭੈਣਾਂ ਲਛਮਣ ਕੌਰ, ਗੁਰਮੀਤ ਕੌਰ ਦਾ ਜਨਮ  ਓਧਰ ਗੰਜੀ ਬਾਰ ਦਾ ਹੀ ਐ। ਸਾਰਾ ਪਿੰਡ ਹੀ ਚੰਦੀ, ਖਿੰਡਾ, ਮਰੋਕ, ਥਿੰਦ ਗੋਤੀਏ ਕੰਬੋਜ ਸਿੱਖਾਂ ਦਾ ਸੀ। ਇਨ੍ਹਾਂ 'ਚੋਂ ਬਹੁਤੇ ਸ਼ਾਹ ਪੁਰ-ਫਿਲੌਰ ਅਤੇ ਫੁੱਲ, ਘੁੱਦੂਵਾਲ, ਟੁਰਨਾ-ਲੋਹੀਆਂ ਤੋਂ ਪਿਛੋਕੜ ਵਾਲੇ ਕਿਸਾਨ ਸਨ ਜਿਨ੍ਹਾਂ ਆਪਣਾ ਪਸੀਨਾ ਬਹਾ ਕੇ 47/5L ਜਾ ਆਬਾਦ ਕੀਤਾ।

ਪਿੰਡ ਵਿਚਕਾਰ ਚੁਰੱਸਤੇ 'ਚ ਇਕ ਖੂਹੀ ਹੁੰਦੀ, ਜਿੱਥੋਂ ਸਾਰਾ ਪਿੰਡ ਪਾਣੀ ਭਰਦਾ। ਉਂਜ ਸਰਦਿਆਂ ਦੇ ਇਕ ਦੋ ਹੋਰ ਘਰਾਂ ਅੰਦਰ ਵੀ ਜਾਤੀ ਖੂਹੀਆਂ ਸਨ। ਵੈਸੇ ਕਈ ਲੋੜਵੰਦ ਨਹਿਰ ਦਾ ਪਾਣੀ ਵੀ ਵਰਤ ਲੈਂਦੇ। ਪਿੰਡ ਵਿੱਚ ਇਕ ਗੁਰਦੁਆਰਾ ਸਾਹਿਬ ਹੁੰਦਾ। ਭਾਈ ਸਵੇਰ ਸ਼ਾਮ ਪਾਠ ਕਰਦਾ। ਗੁਰਪੁਰਬ ਵੀ ਮਨਾਏ ਜਾਂਦੇ। ਸਿੱਖ ਕਿਰਸਾਨੀ ਤੋਂ ਇਲਾਵਾ ਕੁੱਝ ਘਰ ਕਾਮੇ ਮੁਸਲਿਮ, ਆਦਿ ਧਰਮੀ, ਵਾਲਮੀਕਿ ਬਰਾਦਰੀ ਦੇ ਵੀ ਸਨ। ਲੁਹਾਰਾ ਤਰਖਾਣਾਂ ਦਾ ਕੰਮ ਦੋ ਮੁਸਲਿਮ ਭਰਾ ਕਰਦੇ। ਸੋਹਣ ਸਿੰਘ (ਪਿਛਲਾ ਪਿੰਡ ਗਿੱਦੜ ਪਿੰਡੀ-ਲੋਹੀਆਂ) ਹੱਟੀ ਨਾਲ ਖੰਡ ਦਾ ਡੀਪੂ ਵੀ ਚਲਾਉਂਦਾ। ਕਰਨੈਲ ਅਤੇ ਉਹਦਾ ਭਾਈ ਚਾਨਣ ਵੀ ਵੱਖ-ਵੱਖ ਹੱਟੀ ਕਰਦੇ। ਇਕ ਝੀਰ ਵੀ ਮਸ਼ਕਾਂ ਨਾਲ ਘਰਾਂ, ਖੂਹਾਂ ਤੇ ਪਾਣੀ ਢੋਂਦਾ। ਬਦਲੇ ਵਿੱਚ ਉਸ ਹਾੜੀ ਸਾਉਣੀ ਲੈਂਦਾ। ਪਿੰਡ ਦੇ ਚੌਧਰੀਆਂ ਵਿੱਚ ਜ਼ੈਲਦਾਰ ਵਧਾਵਾ ਸਿੰਘ ਅਤੇ ਲੰਬੜਦਾਰ ਹਜ਼ਾਰਾ ਸਿੰਘ ਵੱਜਦਾ। ਉਂਜ ਖੰਡ ਡੀਪੂ ਵਾਲਾ ਸੋਹਣ ਸਿੰਘ ਵੀ ਚੰਗਾ ਚੁੱਸਤ ਦਰੁਸਤ ਸੀ। ਘਰਤੋੜ ਸਿੰਘ ਨਿਹੰਗ ਵੀ ਮੁੰਡਿਆਂ ਨੂੰ ਗਤਕਾ ਸਿਖਾਉਂਦਾ। ਅਨੰਦਪੁਰ ਸਾਹਿਬ ਮੇਲੇ 'ਤੇ ਵੀ ਸੰਗਤ ਲੈ ਕੇ ਜਾਂਦਾ। ਗੁਆਂਢੀ ਪਿੰਡਾਂ ਵਿੱਚ 48, 49, 50 ਚੱਕ ਹੁੰਦੇ। 44 ਚੱਕ ਮੁਸਲਮਾਨਾਂ ਦਾ ਵੱਜਦਾ। 36/4L ਜਾਂਗਲੀਆਂ ਦਾ ਪਿੰਡ ਸੁਣੀਂਦੇ। ਬਜ਼ੁਰਗ ਜਿਣਸ ਵਜੋਂ ਨਰਮਾ, ਗੰਨਾ, ਕਣਕ ਹੀ ਬੀਜਦੇ। ਜੋ ਗੱਡਿਆਂ ਉਤੇ ਲੱਦ ਕੇ ਉਕਾੜਾ ਮੰਡੀ ਵੇਚ ਆਉਂਦੇ। ਪ੍ਰਾਇਮਰੀ ਸਕੂਲ 48 ਦੇ ਰਾਹ 'ਤੇ ਪੈਂਦਾ ਪਰ ਅਸੀਂ ਸਕੂਲ ਕੋਈ ਨਾ ਗਏ। ਮੇਰੀ ਉਮਰ ਉਦੋਂ ਦਸ ਕੁ ਸਾਲ ਤੋਂ ਘੱਟ ਹੀ ਸੀ। ਹਾਂ ਪ੍ਰਾਇਮਰੀ ਸਕੂਲ ਦਾ ਵੱਡਾ ਮਾਸਟਰ, ਸਾਡੇ ਪਿੰਡ ਤੋਂ ਹੀ 'ਰੋੜਿਆਂ ਦਾ ਸਾਈਂ ਦਿੱਤਾ, ਹੁੰਦਾ। ਜੋ ਸਾਡੇ ਮੁਹੱਲੇ ਹੀ ਵਾਸ ਕਰਦਾ।

ਆਲ਼ੇ ਦੁਆਲ਼ੇ ਪਿੰਡਾਂ ਅਤੇ ਸਾਰੀਆਂ ਬਰਾਦਰੀਆਂ ਨਾਲ ਚੰਗਾ ਸਹਿਚਾਰਾ ਸੀ। ਸਿੱਖ-ਮੁਸਲਿਮ ਚੌਧਰੀ  ਇਕ ਦੂਜੇ ਦੇ ਫੈਸਲਿਆਂ ਉਤੇ ਜਾਂਦੇ। ਜਿਓਂ ਹੀ ਆਜ਼ਾਦੀ ਅਤੇ ਭਾਰਤ ਵੰਡ ਦੀ ਹਵਾ ਗਰਮ ਹੋਈ ਤਾਂ ਫਿਰਕੂਆਂ ਨੇ ਵੀ ਪੂਛਾਂ ਚੁੱਕ ਲਈਆਂ। ਖ਼ੂਨ ਦਾ ਰੰਗ ਬਦਲ ਗਿਆ। ਪੀੜੀਆਂ ਦੀ ਸਾਂਝ, ਪਲਾਂ ਵਿੱਚ ਹੀ ਤਲਖ਼ੀਆਂ ਵਿੱਚ ਬਦਲ ਗਈ। ਆਲ਼ੇ ਦੁਆਲ਼ੇ ਕਤਲੇਆਮ ਅਤੇ ਲੁੱਟ ਖੋਹ ਸ਼ੁਰੂ ਹੋ ਗਈ। ਇਵੇਂ ਹੀ ਦੋ ਵਾਰ ਦੰਗਈਆਂ ਦਾ ਹਮਲਾ ਪਿੰਡ ਦੇ ਲੋਕਾਂ ਮਿਲ ਮਿਲਾ ਕੇ ਮੋੜਤਾ ਪਰ ਤੀਜੀ ਵਾਰ, ਗੁਆਂਢੀ ਪਿੰਡਾਂ ਤੋਂ 'ਕੱਠੇ ਦੰਗਈਆਂ ਢੋਲ ਦੇ ਡਗੇ 'ਤੇ, ਹੁੜਦੰਗ ਮਚਾਉਂਦਿਆਂ ਫਿਰ ਪਿੰਡ ਨੂੰ ਆਣ ਘੇਰਿਆ। ਉਦੋਂ ਭਾਦੋਂ ਦੀ ਇੱਕ ਸਵੇਰ ਦੇ ਨੌਂ ਵਜੇ ਸਨ ਕਿ ਅਸੀਂ ਸਾਰਾ ਟੱਬਰ ਰੋਟੀ ਖਾਈਏ, ਬਾਹਰੋਂ ਮਾਰ ਮਰੱਈਏ ਦੀ ਲਲਾ-ਲਲਾ ਹੋ ਗਈ। ਉੱਭੜ ਵਾਹੇ ਲੋਕ ਸਾਡੇ ਪਿਛਵਾੜੇ ਪੈਂਦੀ ਖੰਗਰਾਂ ਦੀ ਹਵੇਲੀ ਵੱਲ ਭੱਜੇ। (ਖੰਗਰਾ ਦਾ ਪਰਿਵਾਰ ਅੱਜ-ਕੱਲ੍ਹ ਪਿੰਡ ਬੁੱਢਣਵਾਲ- ਸ਼ਾਹਕੋਟ ਵਾਸ ਕਰਦਾ ਐ) ਉਦੋਂ ਘਰ ਵਿੱਚ ਮੌਜੂਦ ਮੈਂ, ਮਾਂ, ਭੂਆ, ਚਾਚੀ, ਦਾਦਾ ਅਤੇ ਦਾਦੀ ਹੀ ਸਾਂ। ਬਾਕੀ ਮੈਂਬਰ ਬਾਹਰ ਖੇਤਾਂ ਵਿੱਚ ਸਨ। ਅਸੀਂ ਵੀ ਗਹਿਣਾ ਗੱਟਾ ਚੁੱਕ ਕੇ ਖੰਗਰਾਂ ਦੀ ਹਵੇਲੀ ਵੱਲ ਭੱਜੇ ਤੁਰੇ । ਮਾਂ ਦੇ ਦਿਲ ਵਿੱਚ ਪਤਾ ਨਹੀਂ ਕੀ ਆਈ, ਕਹਿੰਦੀ ਚਲੋ ਘਰ ਚੱਲੀਏ। ਮੁੜੇ ਤਾਂ ਰਸਤੇ ਵਿੱਚ ਮਾਸਟਰ ਸਾਈਂ ਦਿੱਤਾ ਆਪਣੇ ਕੋਠੇ ਉਤੇ ਚੜ੍ਹ ਕੇ ਝੰਡਾ ਪਿਆ ਝੁਲਾਵੇ। ਸਾਨੂੰ ਦੇਖ ਕੇ ਉਸ ਮੇਰੀ ਮਾਂ ਨੂੰ ਕਹਿਆ,"ਕੁੜੀਓ ਇਧਰ ਆ ਜਾਓ। " ਅਸੀਂ ਸਾਰੇ ਜਣੇ ਉਸ ਦੇ ਘਰ ਚਲੇ ਗਏ। ਅੰਦਰ ਇੱਕੋ ਕਮਰਾ ਅਤੇ ਛੋਟਾ ਜਿਹਾ ਵਿਹੜਾ ਸਾਰਾ ਹੀ ਭਰਿਆ ਪਿਆ। ਸ਼ਾਮ ਚਾਰ ਕੁ ਵਜੇ ਬਾਹਰੋਂ ਫਿਰ ਬਿੱਫਰੀ ਭੀੜ ਨੇ ਗੋਲ਼ੀ ਚਲਾਈ। ਭੀੜ ਦਾ ਰੁੱਖ ਦੇਖਣ ਲਈ ਮਾਸਟਰ ਕੋਠੇ ਉਪਰ ਚੜ੍ਹਿਆ ਤਾਂ ਉਸ ਦੇ ਵੀ ਗੋਲੀ ਆਣ ਲੱਗੀ। ਕਿਉਂ ਜੋ ਗੋਲੀ ਦਾ ਡਰ ਸੀ ਇਸ ਲਈ ਕਿਸੇ ਵੀ ਕੋਠੇ ਚੜ੍ਹਨ ਦਾ ਹਿਆਂ ਨਾ ਕੀਤਾ।

ਮਾਸਟਰ ਦਾ ਬੇਟਾ ਕਿਸ਼ਨ ਵਿਹੜੇ 'ਚੋਂ ਭੱਜ ਕੇ ਅੰਦਰ ਆ, ਆਪਣੀ ਮਾਂ ਨੂੰ ਬੋਲਿਆ,"ਭਾਬੀ, ਮੁੜ ਭਾਈਆ ਮਾਰਤਾ ਈ।" ਹੁਣ ਭੀੜ ਮਾਸਟਰ ਦਾ ਦਰਵਾਜ਼ਾ ਭੰਨਣ ਲੱਗੀ। ਉਦੋਂ ਹੀ ਇੱਕ ਕੌਤਕ ਵਰਤਿਆ। ਮਾਸਟਰ ਦੇ ਪਰਿਵਾਰ ਨੂੰ ਬਚਾਉਣ ਲਈ,ਉਸ ਦੇ ਸਕੂਲ ਤੋਂ ਹੀ ਦੂਜਾ ਮਾਸਟਰ,ਜੋ ਨੇੜੇ ਦੇ ਪਿੰਡ ਤੋਂ ਹੀ ਸੀ, ਆਪਣੇ ਭਰਾ ਸਮੇਤ ਰਫਲਾਂ ਲੈ ਕੇ ਆਏ। ਉਨ੍ਹਾਂ ਆਉਂਦਿਆਂ ਹੀ ਭੀੜ ਨੂੰ ਲਲਕਾਰ ਕੇ ਫਾਇਰ ਕੀਤਾ ਤਾਂ ਦੰਗਈ ਖਿੱਲਰ ਗਏ। ਉਨ੍ਹਾਂ ਮਾਸਟਰ ਦੇ ਬੇਟੇ ਨੂੰ ਬਾਹਰ ਆਵਾਜ਼ ਮਾਰੀ। ਅਖੇ, ਮਾਸਟਰ ਦਾ ਸਾਰਾ ਪਰਿਵਾਰ ਆ ਜਾਏ। ਬਾਕੀ ਬਾਅਦ 'ਚ ਲੈ ਕੇ ਜਾਵਾਂਗੇ। ਕਿਸ਼ਨ ਨੇ ਇਹ ਖ਼ਬਰ ਅੰਦਰ ਆ ਕੀਤੀ। ਤਾਂ ਸਾਡੀ ਮਾਈ ਗੰਗੀ ਨੇ ਕਿਸ਼ਨ ਨੂੰ ਉਲ੍ਹਾਮਾ ਦਿੰਦਿਆਂ ਕਿਹਾ, " ਕਿਸ਼ਨ,ਕਿਓਂ ਪੀੜ੍ਹੀਆਂ ਦੀ ਸਾਂਝ ਨੂੰ ਤਾਰ ਤਾਰ ਕਰਦਾਂ ਏਂ? ਆਪ ਚਲੇ ਜਾਓ ਤੇ ਸਾਨੂੰ ਇੱਥੇ ਮਰਨ ਲਈ ਛੱਡ ਜਾਓ। 'ਕੱਠੇ ਹੀ ਜਾਵਾਂਗੇ ਜਾਂ ਮਰਾਂਗੇ।" ਕਿਸ਼ਨ ਨੇ ਇਹੀ ਖ਼ਬਰ ਮਾਸਟਰ ਨੂੰ ਜਾ ਦੱਸੀ ਤਾਂ ਮਾਸਟਰ ਮੰਨ ਗਿਆ ਕਿ ਸਾਰੇ ਹੀ ਆਜੋ। ਬਾਹਰ ਚੁਰੱਸਤੇ 'ਚ ਪਹੁੰਚੇ ਤਾਂ ਕੀ ਦੇਖਦੇ ਹਾਂ ਕਿ 30-35 ਹਥਿਆਰਬੰਦ ਮੁਸਲਿਮ ਚੋਬਰ ਖੜ੍ਹੇ ਨੇ। ਉਨ੍ਹਾਂ ਚੋਂ 4-5 ਦੰਗਈ ਗੰਡਾਸੀਆਂ ਲੈ ਕੇ ਸਾਡੇ ਵੱਲ ਅਹੁਲੇ ਤਾਂ ਮਾਸਟਰ ਨੇ ਉਨ੍ਹਾਂ ਨੂੰ ਦਬਕਦਿਆਂ ਕਿਹਾ, " ਇਨ੍ਹਾਂ ਨੂੰ ਕੁੱਝ ਨਹੀਂ ਕਹਿਣਾ, ਸਾਰੇ ਪਿੰਡ ਦੇ ਦਰਵਾਜ਼ੇ ਖੁੱਲ੍ਹੇ ਹਨ ਜਾਓ ਲੁੱਟ ਮਾਰ ਕਰੋ।"

ਉਪਰੰਤ ਉਹ ਸਾਨੂੰ ਆਪਣੇ ਪਿੰਡ 40 ਚੱਕ ਵਿੱਚ ਲੈ ਗਏ। ਮਾਸਟਰ ਦੇ ਪਰਿਵਾਰ ਨੂੰ ਤਾਂ ਉਨ੍ਹਾਂ ਆਪਣੇ ਘਰ ਰੱਖਿਆ ਪਰ ਸਾਨੂੰ ਬਾਕੀਆਂ ਨੂੰ ਹੋਰ ਘਰ ਵਿਚ। ਦੂਜੇ ਦਿਨ ਸਾਨੂੰ ਮੁੰਡਿਆਂ ਨੂੰ ਇਕ ਖੂਹ 'ਤੇ ਲੈ ਜਾ ਕੇ,ਨਾਈ ਨੂੰ ਬੁਲਾ ਸਾਡੇ ਵਾਲ਼ ਕਟਵਾ ਦਿੱਤੇ। ਉਪਰੰਤ ਸਾਰਿਆਂ ਨੂੰ ਆਪਣੇ ਦੇਸ਼ ਜਾਣ ਲਈ ਕਿਹਾ। ਮਾਈਆਂ ਨੇ ਫਿਰ ਉਹੀ ਉਲ੍ਹਾਮਾ ਦਿੱਤਾ, ਅਖੇ ਰਸਤੇ ਵਿੱਚ ਵੀ ਤਾਂ ਮਰਨਾ ਹੈ ਐ, ਸਾਨੂੰ ਇਥੇ ਹੀ ਮਾਰ ਛੱਡੋ। ਫਿਰ ਉਹ ਕੋਈ ਇੱਕ ਮੁਰੱਬਾ ਵਾਟ ਸਾਡੇ ਨਾਲ ਤੁਰੇ। ਉਪਰੰਤ, ਨਜ਼ਦੀਕ ਪੈਂਦੇ ਗਾਂਬਰ 'ਟੇਸ਼ਣ ਵੱਲ, 'ਅੱਗੇ ਤੇਰੇ ਭਾਗ ਲੱਛੀਏ' ਕਹਿ ਵਿਦਾ ਕਰਤਾ। ਅਗਲੇ ਪਿੰਡ ਤੋਂ ਉਰਾਰ 2-3 ਲੁੱਟ ਖੋਹ ਕਰਨ ਵਾਲੇ ਮਿਲ ਗਏ। ਉਨ੍ਹਾਂ 'ਚੋਂ ਇਕ ਨੇ ਜਿਓਂ ਹੀ ਡਾਂਗ ਸੇਵਾ ਸਿੰਘ ਪੁੱਤਰ ਹਜ਼ਾਰਾ ਸਿੰਘ ਲੰਬੜਦਾਰ (ਉਸ ਦਾ ਪਰਿਵਾਰ ਤੇਹਿੰਗ-ਫਿਲੌਰ ਬੈਠਾ ਹੈ) ਦੇ ਸਿਰ ਉੱਤੇ ਮਾਰਨ ਲਈ ਉਲਾਰੀ ਤਾਂ ਉਸ ਦੀ ਮਾਈ ਨੇ ਮੌਕਾ ਸਾਂਭਦਿਆਂ ਆਪਣਾ ਖੇਸ ਸੇਵਾ ਸਿੰਘ ਦੇ ਸਿਰ 'ਤੇ ਵਗਾਹ ਮਾਰਿਆ। ਇਸ ਤਰ੍ਹਾਂ ਉਹ ਗੰਭੀਰ ਸੱਟ ਤੋਂ ਬਚ ਰਿਹਾ ਪਰ ਆਪਣੇ ਬਚਾਅ ਵਾਸਤੇ ਮਾਈ ਨੇ ਬਦਲੇ ਵਿੱਚ ਆਪਣੀਆਂ ਮੁਰਕੀਆਂ ਉਤਾਰ ਕੇ ਉਸ ਧਾੜਵੀ ਵੱਲ ਵਗਾਹ ਮਾਰੀਆਂ। ਹਾਲੇ ਦੋ ਕੁ ਕੋਹ ਹੋਰ ਅੱਗੇ ਵਧੇ ਤਾਂ ਇਕ ਭਲਾ ਮੁਸਲਿਮ ਇਕ ਬੀਬੀ ਨੂੰ ਸਾਡੇ ਕਾਫ਼ਲੇ ਨਾਲ ਛੱਡ ਗਿਆ। ਉਦੋਂ ਹੀ 5-7 ਹੋਰ ਧਾੜਵੀ ਡਾਂਗਾਂ ਉਲਾਰਦੇ ਸਾਡੇ ਵੱਲ ਭੱਜੇ ਆਏ। ਉਹ ਭਲਾ ਮੁਸਲਿਮ ਹਾਲੇ ਸਾਡੇ ਨੇੜੇ ਹੀ ਸੀ।

ਉਸ ਨੇ ਆਪਣੇ ਸਿਰ ਤੇ ਬੱਧਾ ਹਰੇ ਰੰਗ ਦਾ ਸਾਫ਼ਾ ਉਤਾਰ ਕੇ ਹਵਾ ਵਿੱਚ ਲਹਿਰਾਉਂਦਿਆਂ ਉਨ੍ਹਾਂ ਨੂੰ ਵਾਪਸ ਮੁੜਨ ਲਈ ਕਿਹਾ, ਤਾਂ ਉਹ ਵਾਪਸ ਮੁੜ ਗਏ। ਅੱਗੇ ਰਸਤੇ 'ਚ ਸਿੱਖਾਂ ਦੇ ਘਰਾਂ ਚੋਂ ਲੁੱਟ ਖੋਹ ਕਰਕੇ ਸਮਾਨ ਦੇ ਭਰੇ 5-7 ਗੱਡੇ, ਕੁੱਝ ਮੁਸਲਿਮ ਹੱਕੀ ਜਾਣ। ਸਾਨੂੰ ਦੇਖ ਕੇ ਕਹਿੰਦੇ, ਆ ਗਏ ਸਿੱਖੜੇ। ਇਕ ਚੋਬਰ ਗੰਡਾਸੀ ਲੈ ਕੇ ਸਾਡੇ ਵੱਲ ਵਧਿਆ ਤਾਂ ਸਾਡੀ ਮਾਂ ਨੇ ਹੱਥ ਜੋੜਦਿਆਂ ਕਿਹਾ, "ਅਸੀਂ ਤਾਂ ਭਰਾ ਪਹਿਲਾਂ ਹੀ ਮਰੇ ਪਏ ਹਾਂ। ਮਰਿਆਂ ਨੂੰ ਨਾ ਮਾਰੋ।" ਤਾਂ ਉਹ ਪਿੱਛੇ ਹਟ ਗਿਆ। ਅੱਗੇ ਰੱਬ ਰੱਬ ਕਰਦੇ ਹਨੇਰ ਹੁੰਦਿਆਂ, ਮੁਲਤਾਨ-ਲਾਹੌਰ ਟਰੈਕ 'ਤੇ ਪੈਂਦੇ ਗਾਂਬਰ 'ਟੇਸ਼ਣ 'ਤੇ ਜਾ ਪਹੁੰਚੇ। ਉਥੇ 'ਟੇਸ਼ਣ ਬਾਬੂ ਸਾਡੇ ਲਈ ਰੋਟੀਆਂ ਲੈ ਕੇ ਆਇਆ,ਇਹ ਵੀ ਤਾਕੀਦ ਕਰ ਗਿਆ ਕਿ ਅਗਰ ਕੋਈ ਵੀ ਆਵੇ ਇਹੀ ਬੋਲਣਾ ਕਿ ਅਸੀਂ ਕੇਵਲ ਬੱਚੇ ਅਤੇ ਜ਼ਨਾਨੀਆਂ ਹੀ ਹਾਂ। ਸਵੇਰੇ ਤੜਕੇ ਉਕਾੜਾ ਮੰਡੀ ਲਈ ਗੱਡੀ ਆਵੇਗੀ ਉਸ ਵਿਚ ਚੜ੍ਹ ਜਾਣਾ। ਅੱਧੀ ਕੁ ਰਾਤੀਂ ਇੱਕ ਗੱਡੀ ਆਈ। ਉਸ 'ਚੋਂ ਉਤਰ ਕੇ ਇਕ ਬਲੋਚ ਫੌਜੀ ਆਇਆ। ਪੁੱਛਣ ਲੱਗਾ ਕੌਣ ਹੋ ਤੁਸੀਂ, ਹੋਰ ਤੁਹਾਡੇ ਨਾਲ ਕੌਣ ਹੈ? ਮਾਂ ਆਖਿਆ ਅਸੀਂ ਤਾਂ ਜਨਾਨੀਆਂ, ਬੱਚੇ ਈ ਆਂ। ਮਰਦ ਸਾਡੇ ਨਾਲ ਕੋਈ ਨਾ ਤਾਂ ਉਹ ਫੌਜੀ ਮੁੜ ਗਿਆ। ਤੜਕੇ ਮੁਲਤਾਨ ਵੰਨੀਓਂ ਮੁਸਾਫ਼ਿਰ ਗੱਡੀ ਆਈ ਤਾਂ ਉਸ ਵਿੱਚ ਜਾ ਸਵਾਰ ਹੋਏ। ਜਿਓਂ ਹੀ ਗੱਡੀ ਤੁਰੀ ਤਾਂ ਸਾਡੇ ਡੱਬੇ ਵਿੱਚ ਇਕ ਮੁਸਲਿਮ ਚੋਬਰ, ਡੱਬ 'ਚ ਖੰਜਰ ਲਈ ਚੜ੍ਹਿਆ। ਗਹਿਣੇ ਗੱਟੇ ਦੀ ਭਾਲ਼ ਵਿੱਚ ਉਸ ਨੇ ਮੇਰੇ ਬਜ਼ੁਰਗ ਬਾਬਾ ਚੰਦਾ ਸਿੰਘ ਦੇ ਪੇਟ ਨੂੰ ਛੂਹ ਕੇ ਦੇਖਿਆ। ਬਾਬੇ ਦੇ ਲੱਕ ਸਿੱਕਿਆਂ ਦੀ ਭਰੀ ਬਾਂਸਰੀ ਬੱਧੀ ਹੋਈ ਸੀ।ਚੋਬਰ ਦਾ ਦਿਲ ਬੇਈਮਾਨ ਹੋ ਗਿਆ।ਉਕਾੜਾ ਮੰਡੀ ਉਤਰੇ ਤਾਂ ਉਨ੍ਹੇ ਖ਼ੰਜਰ ਦਿਖਾ ਕੇ ਬਾਬੇ ਦੀ ਬਾਂਹ ਫੜ੍ਹ, ਪਲੇਟਫਾਰਮ ਤੋਂ ਉਲਟ ਪਾਸੇ ਉਤਾਰ ਕੇ ਖਤਾਨਾਂ ਵਿਚ ਲੈ ਜਾ ਕੇ ਖ਼ੰਜਰ ਮਾਰ ਕੇ ਕਤਲ ਕਰਤਾ ਅਤੇ ਸਿੱਕਿਆਂ ਭਰੀ ਬਾਂਸਰੀ ਖੋਹ ਕੇ ਲੈ ਗਿਆ। ਅਫ਼ਸੋਸ ਕਿ ਅਸੀਂ ਉਹ ਭਿਆਨਕ ਦ੍ਰਿਸ਼ ਟਾਲਣ ਦਾ ਵਿਰੋਧ ਕਰਨ ਦੀ ਦਲੇਰੀ ਨਾ ਕਰ ਸਕੇ। 

ਹਮਦਰਦੀ ਜਤਾਉਂਦਿਆਂ,ਉਕਾੜਾ ਮੰਡੀ ਵਿੱਚ ਹਿੰਦੂ-ਸਿੱਖ ਦੁਕਾਨਦਾਰਾਂ ਆਪਣੀਆਂ ਦੁਕਾਨਾਂ ਦੇ ਬਾਰ, ਰਿਫਿਊਜੀਆਂ ਲਈ ਖੋਲ੍ਹ ਦਿੱਤੇ। ਅਸੀਂ ਵੀ ਕੁੱਝ ਭਾਂਡੇ ਲਿਆਂਦੇ। ਹਫ਼ਤਾ ਕੁ ਉਥੇ ਦਿਨ ਕਟੀ ਕੀਤੀ। ਫਿਰ ਤੁਰਕੇ ਹੀ ਕਾਫ਼ਲੇ ਨਾਲ 3-4 ਦਿਨਾਂ ਬਾਅਦ ਫਿਰੋਜ਼ਪੁਰ ਆਪਣੀ ਜੂਹ ਵਿੱਚ ਆਣ ਪਹੁੰਚੇ। ਬਰਸਾਤ ਵੀ ਭਾਰੀ ਉਤੋਂ ਹੈਜ਼ਾ ਵੀ ਫ਼ੈਲਿਆ ਹੋਇਆ ਸੀ। ਫਿਰੋਜ਼ਪੁਰ ਦਾਣਾ ਮੰਡੀ 'ਚ ਹੀ ਚਾਚਾ ਚਾਨਣ ਸਿੰਘ ਦੇ ਘਰੋਂ ਚਾਚੀ ਰਾਮ ਕੌਰ ਵਬਾ ਦੀ ਭੇਟ ਚੜ੍ਹ ਗਈ। 'ਟੇਸ਼ਣ 'ਤੇ ਗਏ ਤਾਂ ਬਾਬੂ ਨੇ ਕਿਹਾ, "ਮੁਸਾਫ਼ਿਰ ਗੱਡੀ ਨਹੀਂ ਆਉਣੀ।ਕੋਲੇ ਵਾਲੀ ਗੱਡੀ ਰਾਤ ਨੂੰ ਜਲੰਧਰ ਜਾਣ ਲਈ ਆਵੇਗੀ। ਮੈਂ ਉਹਦੇ ਦਰਵਾਜ਼ੇ ਖੋਲ੍ਹ ਦੇਵਾਂਗਾ। ਤੁਸੀਂ ਰਸਤੇ ਵਿੱਚ ਜਿਥੇ ਵੀ ਉਤਰਨਾ, ਉਤਰ ਜਾਇਓ।" ਇੰਜ ਹੀ ਹੋਇਆ। ਮਾਲ ਗੱਡੀ ਰਾਤ ਨੂੰ ਆਈ। ਦਰਵਾਜ਼ੇ ਖੁੱਲ੍ਹੇ ਤਾਂ ਸਾਡਾ ਸਾਰਾ ਕਾਫ਼ਲਾ ਉਸ ਵਿਚ ਸਵਾਰ ਹੋ ਗਿਆ। ਰਸਤੇ ਵਿੱਚ ਆਉਂਦੇ 'ਟੇਸ਼ਣਾ ਤੇ ਲੋਕ  ਉਤਰਦੇ ਗਏ। ਲੋਹੀਆਂ ਆਇਆ ਤਾਂ ਅਸੀਂ ਵੀ ਉਤਰ ਖੜ੍ਹੇ। ਪਹੁ ਫੁੱਟਦੀ ਨੂੰ ਆਪਣੇ ਜੱਦੀ ਪਿੰਡ ਘੁੱਦੂਵਾਲ ਆਣ, ਆਪਣੇ ਸ਼ਰੀਕਾਂ ਦਾ ਦਰਵਾਜ਼ਾ ਖੜਕਾਇਆ। ਮੋਹਰਿਓਂ ਵੀ ਬਜ਼ੁਰਗ ਮਾਈ ਨੇ ਮੇਰੀ ਦਾਦੀ ਨੂੰ,"ਆ ਨੀ ਰਾਮੀਏਂ ਤੇਰਾ ਘਰ ਆ,ਜੰਮ ਜੰਮ ਆ।" ਕਹਿ ਸਵਾਗਤ ਕੀਤਾ। ਰੋਟੀ ਪਾਣੀ ਛਕਾ, ਸਾਡੇ ਬੰਦ ਕਮਰੇ ਦਾ ਦਰਵਾਜ਼ਾ ਵੀ ਖੋਲ੍ਹਤਾ।

ਸਾਡੀ ਕੱਚੀ ਉਪਰੰਤ ਪੱਕੀ ਪਰਚੀ ਨਾਲ ਜੁੜਵੇਂ ਪਿੰਡ ਫੁੱਲ ਦੀ ਪਈ। ਸੋ ਉਥੇ ਜਾ ਵਾਸ ਕੀਤਾ। ਹੁਣ ਆਪਣੇ ਸਪੁੱਤਰ ਸੁਖਵਿੰਦਰ ਸਿੰਘ ਅਤੇ ਉਸ ਦੀ ਬਾਲ ਫੁਲਵਾੜੀ ਨਾਲ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਿਹੈਂ। ਜਦ ਅਸੀਂ ਬਾਰ ਵਾਲਾ ਆਪਣਾ ਪਿੰਡ ਛੱਡਿਆ ਤਾਂ ਉਦੋਂ ਹੀ ਕਾਫੀ ਦੰਗਈ ਹਥਿਆਰਬੰਦ ਹੋ ਕੇ ਢੋਲ ਦੇ ਡਗੇ 'ਤੇ ਪਹੁੰਚ ਰਹੇ ਸਨ। ਉਨ੍ਹਾਂ ਨੂੰ ਪਹਿਰੇ 'ਤੇ ਖੜ੍ਹੇ ਸਿੱਖ ਸਰਦਾਰਾਂ ਜ਼ੋਰਦਾਰ ਟੱਕਰ ਦਿੱਤੀ। ਇਸ ਤੋਂ ਦੋ ਦਿਨ ਪਹਿਲਾਂ ਸਰਦਾਰਾਂ ਵਲੋਂ ਪਿੰਡ ਤੋਂ ਆਪਣੇ ਦੋ ਬੰਦਿਆਂ ਨੂੰ ਮਿੰਟਗੁਮਰੀਓਂ ਸਿੱਖ ਮਿਲਟਰੀ ਲੈਣ ਭੇਜਿਆ ਪਰ ਉਨ੍ਹਾਂ ਗੀਦੀਪੁਣਾ ਕੀਤਾ। ਉਹ ਚੁੱਪ ਚਪੀਤੇ ,ਫੁੱਲ- ਲੋਹੀਆਂ ਆਪਣੇ ਪਿੰਡ ਹੀ ਆ ਗਏ। ਦੂਜੇ ਪਾਸੇ ਤੀਸਰੇ ਦਿਨ ਦੰਗਈਆਂ ਬਲੋਚ ਮਿਲਟਰੀ ਬੁਲਾ , ਪਹਿਰੇ 'ਤੇ ਖੜ੍ਹੇ ਜਵਾਨ, ਹਵੇਲੀਆਂ ਵਿਚ ਪਨਾਹ ਲਈ ਬੁੱਢੇ, ਬੱਚੇ, ਔਰਤਾਂ 'ਤੇ ਫਾਇਰਿੰਗ ਕਰਕੇ ਮਾਰ ਸੁੱਟੇ। ਸਹਿਕਦਿਆਂ ਨੂੰ ਵੀ ਦੰਗਈਆਂ ਸਿਰਾਂ 'ਤੇ ਡਾਂਗਾਂ ਮਾਰ ਮਾਰ, ਮਾਰਤਾ।ਅਤੇ ਗਹਿਣਾ ਗੱਟਾ ਲੁੱਟ ਲਿਆ। ਕਈ ਜਨਾਨੀਆਂ ਤਾਈਂ ਵੀ ਉਠਾ ਕੇ ਲੈ ਗਏ । ਧਾੜਵੀਆਂ ਤੋਂ ਇੱਜ਼ਤ ਬਚਾਉਣ ਲਈ ਕਈ ਮੁਟਿਆਰਾਂ ਚੁਰੱਸਤੇ ਵਿਚਲੇ ਖੂਹ ਵਿੱਚ ਛਾਲਾਂ ਮਾਰਤੀਆਂ ।

ਉਨ੍ਹਾਂ ਵਿੱਚੋਂ ਕਈਆਂ ਦੇ ਪੂਰੇ ਪਰਿਵਾਰ ਹੀ ਮਾਰੇ ਗਏ। ਕੇਵਲ ਇੱਕਾ ਦੁੱਕਾ ਹੀ ਜਾਨ ਬਚਾਉਣ ਵਿਚ ਸਫ਼ਲ ਰਹੇ। ਸਾਡੇ 'ਚੋਂ ਕ੍ਰਮਵਾਰ ਬਾਬਾ ਚੰਦਾ ਸਿੰਘ, ਮੇਰਾ ਬਾਪ ਰਤਨ ਸਿੰਘ, ਚਾਚਾ ਚਾਨਣ ਸਿੰਘ ਅਤੇ ਉਸ ਦੇ ਘਰੋਂ ਰਾਮ ਕੌਰ ਮਾਰੇ ਗਏ। ਚਾਚਾ ਰਲਾ਼ ਸਿੰਘ ਇਧਰ ਆ ਕੇ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕਿਆ। ਤੀਜੇ ਕੁ ਮਹੀਨੇ ਹੀ ਗੁਮਨਾਮੀ 'ਚ ਕਿਧਰੇ ਚਲਾ ਗਿਆ ਜੋ ਮੁੜ ਨਾ ਬਹੁੜਿਆ। ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ, ਸੋਹਣ ਸਿੰਘ ਖੰਡ ਡੀਪੂ ਵਾਲਿਆਂ ਦੇ ਪਰਿਵਾਰ, ਨਾਮੀ ਕਬੱਡੀ ਖਿਡਾਰੀ ਸੂਬਾ ਸਿੰਘ ਅਤੇ ਉਸ ਦਾ ਪਰਿਵਾਰ ਮਾਰੇ ਗਏ। ਜ਼ੈਲਦਾਰ ਵਧਾਵਾ ਸਿੰਘ ਟੁਰਨਾ-ਲੋਹੀਆਂ, ਫੁੰਮਣ ਸਿੰਘ ਭੱਟੀਆਂ-ਫਿਲੌਰ ਹੋਰਾਂ ਦੇ ਕਰੀਬ 30-30 ਪਰਿਵਾਰਕ ਮੈਂਬਰ ਆਜ਼ਾਦੀ ਦੇ ਓ੍ਹਲੇ ਮਾਰੇ ਗਏ। ਉਪਰੰਤ ਖੰਡ ਡੀਪੂ ਵਾਲੇ ਸੋਹਣ ਸਿੰਘ ਦੇ ਸ਼ਾਬਾਸ਼ ਜਿਸ ਨੇ, ਉਧਾਲੇ, ਗੁਆਚੀਆਂ ਔਰਤਾਂ ਅਤੇ ਬੱਚਿਆਂ ਨੂੰ ਸਿੱਖ ਮਿਲਟਰੀ ਦੀ ਸਹਾਇਤਾ ਨਾਲ ਲੱਭ ਲੱਭ ਓਕਾੜਾ ਦੇ ਰਫਿਊਜੀ ਕੈਂਪ ਵਿੱਚ ਪਹੁੰਚਾਇਆ। ਅੱਜ ਵੀ ਉਹ ਭਿਆਨਕ ਵੇਲਾ ਯਾਦ ਆ ਕੇ,ਦਿਲ ਦੀ ਤਾਰ ਹਿਲਾ ਜਾਂਦਾ ਏ। " 
ਸਤਵੀਰ ਸਿੰਘ ਚਾਨੀਆਂ
92569-73526


Mandeep Singh

Content Editor

Related News