ਆਜ਼ਾਦੀ ਦੇ ਓਹਲੇ, ਹਿਜਰਤਨਾਮਾ 68 : ਮੋਹਣ ਸਿੰਘ ਫੁੱਲ

03/24/2023 12:51:16 AM

"ਮੈਂ ਮੋਹਣ ਸਿੰਘ ਪੁੱਤਰ ਸ਼ਾਦੀ ਰਾਮ ਪੁੱਤਰ ਨਿਹਾਲਾ ਪਿੰਡ ਫੁੱਲ-ਲੋਹੀਆਂ ਤੋਂ ਬੋਲਦੈਂ।" ਜਦ ਨਨਕਾਣੇ ਦਾ ਸਾਕਾ ਹੋਇਆ ਤਾਂ ਉਸ ਦੇ ਗੇੜ 'ਚ ਮੇਰੇ ਪਿਤਾ ਜੀ ਪਿੰਡ ਦੇ ਜਿੰਮੀਦਾਰਾਂ ਨਾਲ ਕਾਮੇ ਵਜੋਂ ਗਏ। ਚਾਚੇ ਬੂੜਾ ਅਤੇ ਕਰੇਲਾ ਕੁੱਝ ਪਿੱਛੋਂ ਬਾਰ ਵਿਚ ਪਹੁੰਚੇ। ਪਿੰਡ ਸੀ 58 ਚੱਕ, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲੈਲਪੁਰ। ਕਰੀਬ ਅੱਠ ਪਿੰਡਾਂ ਤੋਂ ਜਿੰਮੀਦਾਰ ਇਧਰੋਂ ਉਸ ਪਿੰਡ ਵਿੱਚ ਗਏ। ਜਿੰਮੀਦਾਰ ਤਬਕਾ ਹੀ ਸੀ ਤੇ ਥੋੜੇ ਘਰ ਕਾਮੇ ਲੋਕਾਂ ਦੇ ਹੀ ਸਨ। ਹਿੰਦੂ ਜਾਂ ਮੁਸਲਮਾਨ ਕੋਈ ਨਹੀਂ । ਅਸੀਂ ਨੌਂ ਭਰਾ ਹੋਏ। ਸਾਰਿਆਂ ਦਾ ਜਨਮ ਓਧਰ ਦਾ ਈ ਐ। ਸਕੂਲ ਅਸੀਂ ਕੋਈ ਨਾ ਗਏ। ਭਲੇ ਪਿੰਡ ਛੇਵੀਂ ਤੱਕ ਸਕੂਲ ਸੀ। ਹਾਂ ਗੁਰਦੁਆਰਾ ਸਾਹਿਬ ਭਾਈ ਜੀ ਕੋਲੋਂ ਗੁਰਮੁਖੀ ਜ਼ਰੂਰ ਸਿੱਖੀ। ਵੱਡਾ ਭਾਈ ਗੁਰਦਾਸ ਖੇਤ ਮਜ਼ਦੂਰੀ ਛੱਡ ਕੇ ਰਜਾਈਆਂ ਦੇ ਅਮਰੇ ਛਾਪਣ ਲੱਗ ਪਿਆ।

ਪਿੰਡ ਦੇ ਚੌਧਰੀਆਂ ਵਿੱਚ ਇਸੇ ਪਿੰਡੋਂ ਸਰਦਾਰ ਹਾਕਮ ਸਿੰਘ ਮੇਦਾ, ਨਰੈਣ ਸਿੰਘ ਅਤੇ ਸੁਰੈਣ ਸਿੰਘ ਲੰਬੜਦਾਰ ਵੱਜਦੇ। ਸਾਰਾ ਪਿੰਡ ਹੀ ਕੰਬੋਜ ਸਿੱਖਾਂ ਅਤੇ ਘੋੜੀਪਾਲ਼ ਮੁਰੱਬਿਆਂ ਵਾਲਾ ਸੀ ਅਤੇ ਬਾਕੀ ਕੇਵਲ ਧੰਦਿਆਂ ਅਧਾਰਤ। ਗੁਆਂਢੀ ਪਿੰਡਾਂ ਵਿਚ ਕੰਗ, ਸ਼ੰਕਰ, ਹੋਰ ਲਹਿੰਦੇ ਪਾਸੇ ਵੀ ਸਿੱਖਾਂ ਦੇ ਪਿੰਡ ਅਤੇ ਚੜ੍ਹਦੇ ਪਾਸੇ ਰੋਡੀ, ਮੌਲਵੀ ਵਾਲ ਮੁਸਲਿਮ ਪਿੰਡ ਸਨ। ਪਿੰਡ ਵਿੱਚ ਇਕ ਗੁਰਦੁਆਰਾ ਸਾਹਿਬ, ਇਕ ਖੂਹ, 3-4 ਹੱਟੀਆਂ , ਇਕ ਆਟਾ ਚੱਕੀ, ਇਕ ਕੋਹਲੂ ਤੇ ਦੋ ਦਾਣੇ ਭੁੰਨਣ ਵਾਲੀਆਂ ਭੱਠੀਆਂ ਸਨ। ਲੁਹਾਰਾਂ ਤਰਖਾਣਾਂ ਕੰਮ ਦੋ ਭਰਾ ਧਰਮ ਸਿੰਘ ਅਤੇ ਵਡੇਰਾ ਸਿੰਘ ਕਰਦੇ ਜੋ ਬਾਅਦ 'ਚ ਮਹਿਤਪੁਰ ਜਾ ਬੈਠੇ।

ਸਾਰੀਆਂ ਕੌਮਾਂ ਵਿੱਚ ਆਪਸੀ ਪਿਆਰ, ਮੁਹੱਬਤ ਅਤੇ ਮਿਲਵਰਤਣ ਸੀ। ਇਸੇ ਤਰ੍ਹਾਂ ਹੀ ਹੌਲੀ-ਹੌਲੀ ਭਾਰਤ ਵੰਡ ਦੀਆਂ ਗੱਲਾਂ ਚੱਲੀਆਂ। ਦੰਗਿਆਂ ਦਾ ਧੂਆਂ ਉੱਚਾ ਉੱਠਣ ਲੱਗਾ। ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਕੱਠੀ ਭੀੜ ਨੇ ਇਕ ਦਿਨ ਸਾਉਣ ਦੇ ਮਹੀਨੇ 'ਲੇ ਕੇ ਰਹੇਂਗੇ ਪਾਕਿਸਤਾਨ' ਨਾਅਰੇਬਾਜ਼ੀ ਕਰਦਿਆਂ ਢੋਲ ਦੇ ਡਗੇ ਤੇ ਪਿੰਡ ਨੂੰ ਆਣ ਘੇਰਿਆ। ਸਬੱਬੀਂ ਬਚਾਅ ਇਸ ਤਰ੍ਹਾਂ ਹੋਇਆ ਕਿ ਉਸ ਦਿਨ ਧਰਮ ਸਿੰਘ ਦੀ ਆਟਾ ਚੱਕੀ ਤੇ 5-7 ਡੋਗਰਾ ਮਿਲਟਰੀ ਦੇ ਬੰਦੇ ਟਰੱਕ ਲੈ ਕੇ ਆਟਾ ਲੈਣ ਲਈ ਆਏ ਹੋਏ ਸਨ, ਜਦ ਉਨ੍ਹਾਂ ਫਾਇਰ ਖੋਲਿਆ ਤਾਂ ਭੀੜ ਤਿੱਤਰ ਹੋ ਕੇ ਅਗਲੇ ਸਿੱਖ ਪਿੰਡਾਂ ਵੱਲ ਨਿੱਕਲ ਗਈ। ਇਹ ਸਾਡੇ ਹਿਜਰਤ ਦੀ ਪਹਿਲੀ ਘੰਟੀ ਸੀ। ਇਹ ਤਸਦੀਕ ਹੋ ਗਿਆ ਕਿ ਉਠਣਾ ਹੀ ਪੈਣਾ ਤਾਂ ਇਸੇ ਹੇਰਵੇ ਵਿੱਚ ਮੇਰਾ ਬਾਪ ਉਥੇ ਹੀ ਚੜ੍ਹਾਈ ਕਰ ਗਿਆ।

ਤੀਜੇ ਦਿਨ ਸਾਡਾ ਸਾਰਾ ਪਰਿਵਾਰ ਲਹੁਕੇ ਰਫਿਊਜੀ ਕੈਂਪ ਚਲਾ ਗਿਆ। ਮੇਰੇ ਤੇੜ ਕੱਛਾ ਬਨੈਣ ਹੀ ਸੀ। ਰਸਤੇ 'ਚੋਂ ਕੰਗਾਂ ਪਿੰਡ ਤੋਂ ਝੱਗਾ ਲੈ ਕੇ ਪਾਇਆ। ਲਹੁਕੇ ਤੋਂ ਗੱਡਿਆਂ ਦੇ ਕਾਫ਼ਲੇ ਨਾਲ ਹੋ ਤੁਰੇ। ਡੋਗਰਾ ਮਿਲਟਰੀ ਦਾ ਪਹਿਰਾ ਸੀ। 4-5ਵੇਂ ਦਿਨ ਖੇਮਕਰਨ ਤੋਂ ਸਰਹੱਦ ਪਾਰ ਕੇ ਅੰਬਰਸਰਵਾਲੀ ਵਾਲੀ ਟਰੇਨ ਜਾ ਚੜ੍ਹੇ। ਭੁੱਖ, ਪਿਆਸ, ਮੀਂਹ, ਵਬਾ ਨਾਲ ਸਾਹ ਸੂਤੇ ਗਏ, ਜਿੱਥੇ ਵੀ ਕੋਈ ਮਰਦਾ, ਉਥੇ ਹੀ ਮੁਰਦੇ ਨੂੰ ਟੋਆ ਪੁੱਟ ਕੇ ਦੱਬ ਦਿੰਦੇ। ਆਲੇ-ਦੁਆਲੇ ਮਨੁੱਖੀ ਅਤੇ ਪਸ਼ੂਆਂ ਦੀਆਂ ਲਾਸ਼ਾਂ ਤਰਦੀਆਂ ਬਰਸਾਤ ਦਾ ਪਾਣੀ ਹੀ ਪਾਣੀ ਪਰ ਪੀਣ ਦਾ ਪਾਣੀ ਕੋਈ ਨਾ। ਉੱਤੋਂ ਗਰਮੀ ਅਤੇ ਹੁੰਮਸ ਦਾ ਜ਼ੋਰ।

ਅੰਬਰਸਰੋਂ ਜਲੰਧਰ, ਜਲੰਧਰੋਂ-ਫਿਰੋਜ਼ਪੁਰ ਵਾਲੀ ਟਰੇਨ ਫੜ ਲੋਹੀਆਂ ਆਣ ਉਤਰੇ। ਲੋਹੀਆਂ ਤੋਂ ਫੁੱਲ ਪਿੰਡ ਆਪਣੇ ਜੱਦੀ ਘਰ ਆ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਰੱਜ ਕੇ ਖਾਧਾ ਪੀਤਾ ਤੇ ਰੱਜ ਕੇ ਸੁੱਤੇ। ਇਧਰ ਜ਼ਮੀਨ ਸਾਨੂੰ ਕੋਈ ਨਾ ਮਿਲੀ, ਕਿਉਂ ਜੋ ਓਧਰ ਸਾਡੀ ਆਪਣੀ ਕੋਈ ਜ਼ਮੀਨ ਨਹੀਂ ਸੀ। ਕੁੱਝ ਸਮਾਂ ਜ਼ੀਰਾ ਤਹਿਸੀਲ ਦੇ ਪਿੰਡ ਕਿੱਲੀ ਸਰਦਾਰਾਂ ਵਿੱਚ ਹਾਲੇ ਭੌਲੀ 'ਤੇ ਖੇਤੀ ਕੀਤੀ ਪਰ ਮੁੜ ਇਸ ਜੱਦੀ ਪਿੰਡ ਹੀ ਆਬਾਦ ਹੋ ਰਹੇ। ਇਸ ਵਕਤ ਮੈਂ ਆਪਣੇ ਵੱਡੇ ਪੁੱਤਰ ਰਜਿੰਦਰ ਦੇ ਪਰਿਵਾਰ ਨਾਲ ਜ਼ਿੰਦਗੀ ਦਾ ਆਖੀਰੀ ਪਹਿਰ ਹੰਢਾਅ ਰਿਹਾ ਹਾਂ। ਦਾਲ ਫੁਲਕੇ ਲਈ ਮਾੜੀ ਮੋਟੀ ਕਰਿਆਨਾ ਹੱਟੀ ਪਾਈ ਐ। ਤੰਦਰੁਸਤੀ ਐ,ਬਾਲ ਫੁਲਵਾੜੀ ਐ ਪਰ ਸੱਭ ਕੁੱਝ ਹੁੰਦਿਆਂ ਸੁੰਦਿਆਂ 1947 ਦੀ ਹਿਜਰਤ ਸਮੇਂ ਕਤਲੋਗਾਰਤ, ਝੱਲੇ ਸਰੀਰਕ ਅਤੇ ਆਰਥਿਕ ਨੁਕਸਾਨ ਭੁਲਾਇਆ ਵੀ ਨਹੀਂ ਭੁਲਦੇ। ਅਫ਼ਸੋਸ ਕਿ ਆਜ਼ਾਦੀ ਸਮੇਂ ਫੈਲੀ ਬੁਰਛਾਗਰਦੀ ਦੀ ਭੇਟ ਚੜ੍ਹ ਗਏ ਬੇਨਾਮਾ ਦਾ ਇਤਿਹਾਸ ਵਿੱਚ ਕਿਧਰੇ ਜ਼ਿਕਰ ਨਹੀਂ।

ਸਤਵੀਰ ਸਿੰਘ ਚਾਨੀਆਂ
92569-73526


Mandeep Singh

Content Editor

Related News