ਜੇ ਆਈ ਏ ਪੱਤਝੜ ਤਾਂ ਫੇਰ ਕੀ ਏ

Saturday, May 16, 2020 - 12:35 PM (IST)

ਜੇ ਆਈ ਏ ਪੱਤਝੜ ਤਾਂ ਫੇਰ ਕੀ ਏ

ਡਾ: ਹਰਜਿੰਦਰ ਵਾਲੀਆ

ਕੁਛ ਤੋਂ ਨਿਸ਼ਾਨੀ ਛੋੜ ਜਾ, ਆਪਣੀ ਕਹਾਣੀ ਛੋੜ ਜਾ,
ਕੌਣ ਕਹੇ ਕਲ ਇਸ ਉਹ, ਤੂੰ ਫਿਰ ਆਏ ਨਾ ਆਏ,

ਉਕਤ ਸ਼ੇਅਰ ਮੇਰੇ ਜਜ਼ਬਾਤਾਂ ਨੂੰ ਜ਼ੁਬਾਨ ਦੇ ਰਿਹਾ ਹੈ। ਮੈਂ ਵੀ ਇਸ ਦੁਨੀਆਂ ਵਿਚ ਆਈ ਇਕ ਨਿਸ਼ਾਨੀ ਛੱਡ ਕੇ ਜਾਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਦੁਨੀਆਂ ਵਿਚ ਮੇਰੀ ਇਕ ਵੱਖਰੀ ਪਛਾਣ ਹੋਵੇ। ਮੈਂ ਕੋਈ ਐਸਾ ਹੁਨਰ ਐਸਾ ਇਲਮ ਸਿੱਖਣਾ ਚਾਹੁੰਦੀ ਹਾਂ। ਮੇਰੀ ਵਿਧਵਾ ਮਾਂ ਮਸਾਂ ਤਿੰਨ ਹਜ਼ਾਰ ਰੁਪਏ ਕਮਾ ਕੇ ਲਿਆ ਰਹੀ ਹੈ। ਜ਼ਮੀਨ ਸਾਡੀ ਉਤੇ ਸ਼ਰੀਕ ਕਾਬਜ਼ ਹਨ। ਘਰ ਵਿਚ ਤਿੰਨੇ ਔਰਤਾਂ। ਕੌਣ ਕੋਰਟ ਕਚਹਿਰੀਆਂ ਦੇ ਚੱਕਰ ਕੱਟੇ। ਮਾਂ ਹੱਡ ਭੰਨਵੀਂ ਮਿਹਨਤ ਅਤੇ ਮੁਸ਼ੱਕਤ ਤੋਂ ਬਾਅਦ ਮਸਾਂ ਢਿੱਡ ਭਰ ਰਹੀ ਹੈ। ਅਜਿਹੇ ਹਾਲਾਤ ਵਿਚ ਮੈਂ ਚਾਹੁੰਦੀ ਹੋਈ ਵੀ ਵਕਤ ਦੇ ਪਰਾਂ ’ਤੇ ਆਪਣਾ ਨਾਮ ਲਿਖਣ ਤੋਂ ਅਸਮਰੱਥ ਹਾਂ। ਇੰਨਾ ਪੜ੍ਹ ਲਿਖ ਕੇ ਵੀ ਇਉਂ ਲੱਗਦੈ ਕਿ ਇਹ ਜਨਮ ਵਿਚ ਬੇਇਨਸਾਫੀ ਅਤੇ ਗੁਰਬਤ ਤੋਂ ਬਿਨਾਂ ਕੁਝ ਵੀ ਹਿੱਸੇ ਨਹੀਂ ਆਇਆ।

ਕਵਿਤਾ ਵੀ ਕਹਿ ਲੈਂਦੀ ਹਾਂ ਅਤੇ ਕਹਾਣੀ ਵੀ ਲਿਖਦੀ ਹਾਂ। ਇਕ ਵਿਧਵਾ ਮਾਂ ਦੀਆਂ ਦੋ ਜਵਾਨ ਧੀਆ ਇਕ 29 ਵਰ੍ਹਿਆਂ ਦੀ ਅਤੇ ਇਕ 31 ਵਰ੍ਹਿਆਂ ਦੀ। ਦੋਵੇਂ ਹੀ ਅਣਵਿਆਹੀਆਂ। ਕਿਹੜੇ ਸੁਪਨੇ ਲੈਣ, ਕਿਹੜੀ ਸਫਲਤਾ, ਕਿਹੜੀ ਸ਼ੋਹਰਤ ਅਤੇ ਕਿਹੜੀ ਦੌਲਤ। ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ। ਕਦੇ ਕਦੇ ਤਾਂ ਲੱਗਦੈ ਮੇਰੀ ਕਹਾਣੀ ਦਾ ਅੰਤ ਵੀ ਦੁਖਾਂਤਕ ਹੋਣ ਵਾਲਾ ਹੈ। ਇਸ ਤਰ੍ਹਾਂ ਦੀ ਇਬਾਰਤ ਵਾਲੀ ਇਕ ਚਿੱਠੀ ਮੇਰੀ ਮੇਲ ’ਤੇ ਪ੍ਰਾਪਤ ਹੁੰਦੀ ਹੈ। ਇਹ ਚਿੱਠੀ ਮੇਰੇ ਲੇਖ ਸਫਲਤਾ ਦੇ ਮੰਤਰ ਨੂੰ ਪੜ੍ਹ ਕੇ ਲਿਖੀ ਗਈ ਸੀ। ਜਿਸ ਵਿਚ ਮੈਂ ਲਿਖਿਆ ਸੀ ਕਿ ਜ਼ਿੰਦਗੀ ਵਿਚ ਸਫਲ ਹੋਣ ਲਈ ਵੱਡੇ ਸੁਪਨੇ ਲੈਣ ਦੀ ਲੋੜ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਹੌਸਲਾ, ਹਿੰਮਤ, ਇੱਛਾ ਸ਼ਕਤੀ, ਆਤਮ ਵਿਸ਼ਵਾਸ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਮਿਹਨਤ ਕਰਨੀ ਜ਼ਰੂਰੀ ਹੈ। ਮੈਂ ਉਸ ਬੀਬੀ ਨੂੰ ਇਉਂ ਜਵਾਬ ਦਿੱਤਾ ਸੀ-

''ਮੈਨੂੰ ਤੇਰੀ ਦਾਸਤਾਨ ਪੜ੍ਹ ਕੇ ਦੁੱਖ ਹੋਇਆ। ਹੋਰ ਵੀ ਦੁੱਖ ਹੋਇਆ ਕਿ ਤੁਸੀਂ ਸਾਹਿਤਕ ਬਿਰਤੀ ਵਾਲੇ ਇਨਸਾਨ ਹੋ। ਤੁਹਾਡੇ ਨਾਲ ਹੋਈ ਬੇਇਨਸਾਫੀ ਦਾ ਵੀ ਦੁੱਖ ਹੈ। ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਦਿਲ ਛੱਡ ਬੈਠੇ ਹੋ। ਯਾਦ ਰੱਖੋ ਡਿੱਗਣਾ ਹਾਰ ਨਹੀਂ ਹੁੰਦੀ, ਸਗੋਂ ਡਿੱਗ ਕੇ ਉਠਣ ਤੋਂ ਇਨਕਾਰ ਕਰਨਾ ਹਾਰ ਹੁੰਦੀ ਹੈ। ਅਸਲ ਜੇਤੂ ਉਹ ਹੁੰਦਾ ਹੈ, ਜਿਹੜਾ ਜਿਊਂਦੇ ਜੀਅ ਹਾਰ ਨਹੀਂ ਕਬੂਲਦਾ। ਇਹ ਤਾਂ ਦੁਨੀਆਂ ਦੀ ਰੀਤ ਹੈ ਕਿ ਹਾਰ ਤੋਂ ਬਾਅਦ ਹੀ ਜਿੱਤ ਹੁੰਦੀ ਹੈ। ਅਸੀਂ ਕਈ ਵਾਰ ਗਲਤੀ ਕਰ ਬੈਠਦੇ ਹਾਂ। ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਆਹ ਨਹੀਂ, ਉਹ ਨਹੀਂ ਪਰ ਅਸੀਂ ਇਹ ਨਹੀਂ ਸੋਚਦੇ ਸਾਡੇ ਕੋਲ ਕੀ ਕੁਝ ਹੈ। ਇਕ ਬੰਦਾ ਸੋਚ ਰਿਹਾ ਸੀ ਕਿ ਮੈਨੂੰ ਰੱਬ ਨੇ ਇੰਨਾ ਗਰੀਬ ਕਿਉਂ ਬਣਾਇਆ ਹੈ ਕਿ ਮੇਰੇ ਪੈਰਾਂ ਵਿਚ ਪਾਉਣ ਲਈ ਜੁੱਤੇ ਨਹੀਂ ਹਨ ਪਰ ਉਸੇ ਸਮੇਂ ਉਸਨੇ ਇਕ ਹੋਰ ਵਿਅਕਤੀ ਨੂੰ ਵੇਖਿਆ, ਜਿਸਦੇ ਪੈਰ ਨਹੀਂ ਸਨ। ਸਾਨੂੰ ਜੋ ਕੁਝ ਕੁਦਰਤ ਨੇ ਦਿੱਤਾ ਹੋਇਆ ਹੈ, ਉਸ ਲਈ ਉਸਦੇ ਧੰਨਵਾਦੀ ਹੋਣਾ ਚਾਹੀਦਾ ਹੈ। ਤੁਹਾਡੇ ਪਿਤਾ ਜੀ ਚਲੇ ਗਏ, ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਤੁਹਾਡੇ ਸਿਰ ਉਤੇ ਮਾਤਾ ਜੀ ਦਾ ਹੱਥ ਹੈ। ਮਨੁੱਖ ਨੂੰ ਸਥਿਤੀਆਂ ਦਾ ਦਾਸ ਨਹੀਂ ਬਣਨਾ ਚਾਹੀਦਾ ਸਗੋਂ ਉਨ੍ਹਾਂ ਦਾ ਸਵਾਮੀ ਬਣਨਾ ਚਾਹੀਦਾ ਹੈ। ਜ਼ਿੰਦਗੀ ਵਿਚ ਕਈ ਅਜਿਹੇ ਲੋਕ ਅਸਫਲ ਲੋਕਾਂ ਦੀ ਸੂਚੀ ਵਿਚ ਆਪਣਾ ਨਾਮ ਲਿਖਾ ਲੈਂਦੇ ਹਨ, ਜੋ ਅਸਫਲਤਾ ਨੂੰ ਮੰਨ ਲੈਂਦੇ ਹਨ ਅਤੇ ਬਹੁਤੀ ਵਾਰ ਉਸ ਸਮੇਂ ਮੰਨਦੇ ਹਨ, ਜਦੋਂ ਉਹ ਸਫਲਤਾ ਦੇ ਨੇੜੇ ਹੁੰਦੇ ਹਨ। ਇਕ ਗੱਲ ਹੋਰ ਵੀ ਮਨ ਲੈਣੀ ਚਾਹੀਦੀ ਹੈ, ਦੁੱਖੀ ਅਸੀਂ ਉਦੋਂ ਹੀ ਹੁੰਦੇ ਹਾਂ ਜਦੋਂ ਸਾਡੇ ਲੋਕ ਦੁੱਖ ਸੁੱਖ ਬਾਰੇ ਸੋਚਣ ਦਾ ਸਮਾਂ ਹੁੰਦਾ ਹੈ। ਅਣਕਿਆਸੀਆਂ ਮੁਸੀਬਤਾਂ ਵੀ ਬੰਦਿਆਂ ’ਤੇ ਹੀ ਪੈਂਦੀਆਂ ਹਨ।

ਮੁਸ਼ਕਿਲੇਂ ਦਿਲ ਕੇ ਇਰਾਦੇ ਅਜਮਾਤੀ ਹੈ,
ਹੁਸਨ ਕੇ ਪਰਦੇ ਨਿਗਾਹੋਂ ਸੇ ਹਟਾਤੀ ਹੈ,
ਹੌਸਲਾ ਮਤ ਹਾਰ ਗਿਰ ਕਰ ਓ ਮੁਸਾਫਰ,
ਠੋਕਰੇਂ ਇਨਸਾਨ ਕੋ ਚਲਨਾ ਸਿਖਾਤੀ ਹੈ।

ਫਰੈਂਕਲਿਨ ਡੀ. ਰੂਜ਼ਵੈਲਟ ਅਮਰੀਕਾ ਦਾ ਇਕੋ ਇਕ ਅਜਿਹਾ ਰਾਸ਼ਟਰਪਤੀ ਰਿਹਾ ਹੈ, ਜਿਸ ਨੇ ਚਾਰ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੀ। ਉਨ੍ਹਾਂ ਦੀ ਮੌਤ ਤੋਂ ਬਾਅਦ ਅਮਰੀਕਨਾਂ ਨੇ ਆਪਣੇ ਸੰਵਿਧਾਨ ਵਿਚ ਤਬਦੀਲੀ ਕੀਤੀ ਸੀ ਕਿ ਕੋਈ ਵਿਅਕਤੀ ਦੋ ਵਾਰ ਤੋਂ ਵੱਧ ਅਮਰੀਕੀ ਰਾਸ਼ਟਰਪਤੀ ਨਹੀਂ ਰਹਿ ਸਕਦਾ। ਇਹੀ ਰੂਜ਼ਵੈਲਟ ਸੀ, ਜਿਸਨੇ ਅਮਰੀਕਾ ਨੂੰ ਦੂਜੇ ਵਿਸ਼ਵ ਯੁੱਧ ਵਿਚ ਜੇਤੂ ਬਣਾਇਆ ਸੀ। 1882 ਵਿਚ ਪੈਦਾ ਹੋਏ ਰੂਜ਼ਵੈਲਟ ਨੇ 28 ਵਰ੍ਹਿਆਂ ਦੀ ਉਮਰ ਵਿਚ ਰਿਪਬਲਿਕਨ ਪਾਰਟੀ ਦੇ ਪ੍ਰਭਾਵ ਵਾਲੇ ਖੇਤਰ ਵਿਚ ਡੈਮੋਕ੍ਰੇਟਿਕ ਉਮੀਦਵਾਰ ਦੇ ਤੌਰ ’ਤੇ ਆਪਣੀ ਪਹਿਲੀ ਸਿਆਸੀ ਚੋਣ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। 1920 ਵਿਚ ਉਹ ਉਪ ਰਾਸ਼ਟਰਪਤੀ ਦੀ ਚੋਣ ਲੜਿਆ ਅਤੇ ਹਾਰ ਗਿਆ।
ਸੰਨ 1921 ਦਾ ਵਰ੍ਹਾ ਰੂਜ਼ਵੈਲਟ ਲਈ ਅਜਿਹਾ ਮਾੜਾ ਵਰ੍ਹਾ ਸਾਬਤ ਹੋਇਆ, ਜਿਸ ਨੇ ਉਸਦੇ ਰਾਜਨੀਤਿਕ ਜੀਵਨ ਨੂੰ ਵੱਡਾ ਝਟਕਾ ਦਿੱਤਾ। ਲਕਵੇ ਨਾਲ ਉਸਦੇ ਲੱਕ ਤੋਂ ਥੱਲੇ ਵਾਲਾ ਹਿੱਸਾ ਪੂਰੀ ਤਰ੍ਹਾਂ ਅਪਾਹਜ ਹੋ ਗਿਆ। ਉਸਦੇ ਆਪਣੇ ਸਾਥੀਆਂ ਅਤੇ ਰਾਜਨੀਤਿਕ ਵਿਰੋਧੀਆਂ ਨੇ ਸਮਝਿਆ ਕਿ ਹੁਣ ਇਹ ਸਿਆਸੀ ਤੌਰ ’ਤੇ ਪੂਰਾ ਖਤਮ ਹੋ ਚੁੱਕਿਆ ਹੈ। ਦੂਜੇ ਪਾਸੇ ਰੂਜ਼ਵੈਲਟ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਮਾਨਸਿਕ ਤੌਰ ਪੂਰੀ ਦ੍ਰਿੜ੍ਹ ਸ਼ਕਤੀ ਨਾਲ ਡਟ ਗਿਆ। ਉਸਨੇ ਸੰਕਲਪ ਕੀਤਾ ਕਿ ਉਹ ਮੁੜ ਤੋਂ ਆਪਣੇ ਪੈਰਾਂ ’ਤੇ ਚੱਲ ਕੇ ਦਿਖਾਵੇਗਾ। ਉਸਨੇ ਕਈ ਤਰ੍ਹਾਂ ਦੇ ਇਲਾਜ ਕਰਵਾਏ। ਸਖਤ ਅਤੇ ਦਰਦ ਭਰੀਆਂ ਵਰਜਸ਼ਾਂ ਦੇ ਅਭਿਆਸ ਕੀਤੇ।

ਨਤੀਜੇ ਵਜੋਂ ਸਾਲ ਕੁ ਬਾਅਦ ਬੈਸਾਖੀਆਂ ਦੇ ਸਹਾਰੇ ਤੁਰਨ ਲੱਗ ਪਿਆ। ਉਸਨੇ ਆਪਣੇ ਅਭਿਆਸ ਜਾਰੀ ਰੱਖੇ ਅਤੇ ਉਸਨੂੰ ਦੋ ਤਿੰਨ ਵਰ੍ਹੇ ਹੋਰ ਲੱਗੇ, ਆਪਣੇ ਆਪ ਨੂੰ ਸਿਹਤਯਾਬ ਕਰਨ ਵਿਚ। 1921 ਵਿਚ ਪੂਰਨ ਤੌਰ ’ਤੇ ਅਪਾਹਜ ਹੋਇਆ ਰੂਜ਼ਵੈਲਟ ਆਪਣੀ ਹਿੰਮਤ ਨਾਲ 1928 ਵਿਚ ਨਿਊਯਾਰਕ ਪ੍ਰਾਂਤ ਦਾ ਗਵਰਨਰ ਬਣਨ ਵਿਚ ਕਾਮਯਾਬ ਹੋ ਗਿਆ। ਉਸਦੀ ਹਿੰਮਤ ਦੀ ਦਾਦ ਦੇਣੀ ਬਣੀ ਹੈ ਕਿ ਉਸਨੇ ਆਪਣੀ ਮਿਹਨਤ ਨਾਲ 4 ਵਰ੍ਹੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ। ਉਸਨੂੰ ਪਤਾ ਸੀ ਕਿ ਕੁਝ ਕਰਨ ਲਈ ਮੌਸਮ ਨਹੀਂ ਮਨ ਚਾਹੀਦਾ ਹੁੰਦਾ ਹੈ, ਸ਼ਾਇਦ ਉਹ ਇਹ ਵੀ ਜਾਣਦਾ ਹੋਵੇ:

ਮੰਜ਼ਿਲ ਉਨਹੀ ਕੋ ਮਿਲਤੀ ਹੈ,
ਜਿਨਕੇ ਸੁਪਨੋਂ ਮੇਂ ਜਾਨ ਹੋਤੀ ਹੈ,
ਪੰਖ ਸੇ ਕੁਝ ਨਹੀਂ ਹੋਤਾ,
ਹੌਸਲੋਂ ਸੇ ਉਡਾਨ ਹੋਤੀ ਹੈ।

ਇਕ ਅਜਿਹੀ ਹੀ ਹੋਰ ਕਹਾਣੀ ਟੌਮ ਮੋਨਾਹਨ ਦੀ ਹੈ। ਟੌਮ ਅਮਰੀਕਾ ਦੀ ਦੂਜੀ ਵੱਡੀ ਪਿਜ਼ਾ ਚੇਨ ਡੋਮਿਨਜ਼ ਨੂੰ ਸ਼ੁਰੂ ਕਰਨ ਵਾਲਾ ਉਦਮੀ ਸੀ। ਡੇਮਿਨਜ਼ ਅਤੇ ਡ੍ਰੇਟ੍ਰਾਇਟ ਟਾਇਗਰ ਦੇ ਮਾਲਕ ਟੌਮ ਦੀ ਜ਼ਿੰਦਗੀ ਬੜੀ ਪ੍ਰੇਰਨਾਮਈ ਹੈ।

ਟੌਮ ਇਕ ਅਨਪੜ੍ਹ ਅਤੇ ਬਹੁਤ ਹੀ ਗਰੀਬ ਵਿਅਕਤੀ ਸੀ। ਜਦੋਂ ਉਹ ਅਜੇ ਚਾਰ ਸਾਲ ਦਾ ਹੀ ਹੋਇਆ, ਪਿਤਾ ਰੱਬ ਨੂੰ ਪਿਆਰਾ ਹੋ ਗਿਆ। ਟੌਮ ਨੂੰ ਯਤੀਮਖਾਨੇ ਵਿਚ ਰਹਿਣਾ ਪਿਆ। ਗਰੀਬ ਅਤੇ ਅਨਾਥ ਟੌਮ ਵੱਡਾ ਸੁਪਨੇਸਾਜ਼ ਸੀ। ਉਸਨੇ ਵੱਡਾ ਅਤੇ ਅਮੀਰ ਆਦਮੀ ਬਣਨ ਦਾ ਸੁਪਨਾ ਲਿਆ। ਕਰਜ਼ਾ ਲੈ ਕੇ ਡੋਮਿਨੋਜ਼ ਸ਼ੁਰੂ ਕੀਤੀ ਪਰ ਅਸਫਲ ਹੋਇਆ। ਇੰਨਾ ਜ਼ਿਆਦਾ ਅਸਫਲ ਹੋਇਆ ਕਿ ਉਸ ਉਪਰ 15 ਲੱਖ ਡਾਲਰ ਦਾ ਕਰਜ਼ਾ ਚੜ੍ਹ ਗਿਆ। ਬੈਂਕ ਨੇ ਉਸਦੀ ਕੰਪਨੀ ’ਤੇ ਕਬਜ਼ਾ ਕਰ ਲਿਆ। ਟੌਮ ਮੋਨਾਹਨ ਬੁਰੀ ਤਰ੍ਹਾਂ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ। ਉਧਰ ਬੈਂਕ ਨੂੰ ਉਸਦੀ ਕੰਪਨੀ ਚਲਾਉਣ ਲਈ ਕੋਈ ਸਹੀ ਬੰਦਾ ਨਹੀਂ ਮਿਲ ਰਿਹਾ ਸੀ। ਬੀਕ ਨੇ ਟੌਮ ਨੂੰ 200 ਡਾਲਰ ਪ੍ਰਤੀ ਹਫਤਾ ਤੇ ਉਸਦੀ ਹੀ ਕੰਪਨੀ ਠੇਕੇ ਤੇ ਦਿੱਤੀ। ਟੌਮ ਬਹੁਤ ਹੌਸਲੇ ਵਾਲਾ ਆਦਮੀ ਸੀ, ਨਹੀਂ ਤਾਂ ਕੋਈ ਬੰਦਾ ਅਜਿਹੇ ਹਾਲਾਤ ਵਿਚ ਟੁੱਟ ਸਕਦਾ ਹੈ, ਜਦੋਂ ਉਹ ਆਪਣੀ ਸ਼ੁਰੂ ਕੀਤੀ ਕੰਪਨੀ ਵਿਚ ਨੌਕਰੀ ਕਰਨ ਲਈ ਮਜਬੂਰ ਹੋ ਗਿਆ ਸੀ। ਟੌਮ ਨੇ ਦਿਨ ਰਾਤ ਕਰੜੀ ਮਿਹਨਤ ਕੀਤੀ ਪਰ ਬੈਂਕ ਨੂੰ ਕੰਪਨੀ ਦੀ ਸਫਲਤਾ ’ਤੇ ਯਕੀਨ ਨਹੀਂ ਸੀ। ਬੈਂਕ ਨੇ ਟੌਮ ਨੂੰ ਇਕ ਸਟੋਰ ਦੇ ਬਦਲੇ ਡੀਮੋਨੋਜ਼ ਦੇ ਸ਼ੇਅਰ ਦੇ ਦਿੱਤੇ।

ਲੱਖਾਂ ਦੇ ਕਰਜਾਈ ਟੌਮ ਨੇ ਡੋਮੀਨੋਜ਼ ਨੂੰ ਚਲਾਉਣ ਲਈ ਮਨ ਬਣਾ ਲਿਆ। ਉਹ ਰੋਜ਼ਾਨਾ 15 ਘੰਟੇ ਤੋਂ ਵੱਧ ਮਿਹਨਤ ਕਰਦਾ। ਹੌਲੀ ਹੌਲੀ ਕਰਜ਼ਾ ਉਤਾਰਦਾ ਗਿਆ। ਉਸਨੂੰ ਪੂਰੀ ਤਰ੍ਹਾਂ ਕਰਜ਼ਾ ਉਤਾਰਨ ਲਈ 9 ਸਾਲ ਲੱਗ ਗਏ। ਟੌਮ ਦੇ ਮਨ ਵਿਚ ਇਕ ਹੋਰ ਨਵਾਂ ਵਿਚਾਰ ਆਇਆ ਕਿ ਅਮਰੀਕਾ ਦੇ ਬਹੁਤੇ ਪਤੀ-ਪਤਨੀ ਦੋਵੇਂ ਕੰਮ ਕਰਦੇ ਹਨ। ਜੇਕਰ ਉਨ੍ਹਾਂ ਨੂੰ ਘਰ ਤੱਕ ਪੀਜ਼ਾ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਵੱਡੀ ਅਸਾਨੀ ਹੋ ਜਾਵੇਗੀ। ਉਸਦਾ ਇਹ ਵਿਚਾਰ ਚੱਲ ਨਿਕਲਿਆ। ਦੇਖਦੇ ਹੀ ਦੇਖਦੇ ਟੌਮ ਅਮਰੀਕਾ ਦੇ ਸਫਲ ਉਦਮੀਆਂ ਵਿਚ ਸ਼ਾਮਲ ਹੋ ਗਿਆ। ਟੋਮ ਦੀ ਕਹਾਣੀ ਦੱਸ ਰਹੀ ਹੈ:

ਮੁਸੀਬਤੇਂ ਦਿਲ ਕੇ ਇਰਾਦੇ ਅਜਮਾਤੀ ਹੈ,
ਹੁਸਨ ਕੇ ਪਰਦੇ ਨਿਗਾਹੋਂ ਸੇ ਹਟਾਤੀ ਹੈ,
ਹੌਸਲਾ ਮਤ ਹਾਰ ਗਿਰ ਕਰ ਉ ਮੁਸਾਫਿਰ,
ਠੋਕਰੇਂ ਇਨਸਾਨ ਕੋ ਚਲਨਾ ਸਿਖਾਤੀ ਹੈ।

ਉਕਤ ਕਹਾਣੀਆਂ ਵਰਗੀਆਂ ਅਨੇਕਾਂ ਕਹਾਣੀਆਂ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਹਨ। ਸਰਬਪ੍ਰੀਤ ਕੌਰ ਘੁੰਮਣ ਦਾ ਬਾਪ ਪਹਿਲਾਂ ਹੀ ਨਹੀਂ ਸੀ। ਇਕ ਦਿਨ ਸੜਕ ਦੁਰਘਟਨਾ ਵਿਚ ਉਸਦੀ ਇਕ ਲੱਤ ਜਾਂਦੀ ਰਹੀ। ਉਸ ਸ਼ੇਰ ਦੀ ਬੱਚੀ ਨੇ ਹੌਸਲਾ ਨਹੀਂ ਹਾਰਿਆ। ਇਕ ਲੱਤ ਨਾਲ ਅਜਿਹਾ ਡਾਂਸ ਕਰਨਾ ਸਿੱਖਿਆ ਕਿ ਦਰਸ਼ਕ ਗਿੱਲੀਆਂ ਅੱਖਾਂ ਨਾਲ ਉਸਦੀ ਦਾਦ ਦਿੰਦੇ ਨਹੀਂ ਥੱਕਦੇ। ਇਸ ਤਰ੍ਹਾਂ ਸਾਡੇ ਇਕ ਮਿੱਤਰ ਦਾ ਸਾਰਾ ਘਰ ਅਤੇ ਸਟੋਰ ਅੱਗ ਦੀ ਭੇਂਟ ਚੜ੍ਹ ਗਿਆ। ਇਕ ਵਾਰ ਤਾਂ ਉਹ ਡੋਲਿਆ ਪਰ ਉਸਦੇ ਦੱਸਣ ਮੁਤਾਬਕ 'ਮੈਂ ਮਾਛੀਵਾੜਾ ਸਾਹਿਬ ਵੱਲ ਮੂੰਹ ਕੀਤਾ ਅਤੇ ਮੈਨੂੰ ਅਜਿਹੀ ਰੋਸ਼ਨੀ ਆਈ ਕਿ ਮੈਂ ਚੜ੍ਹਦੀ ਕਲਾ ਵਿਚ ਆ ਗਿਆ। ਮੈਂ ਸੋਚਿਆ ਜਿਸਨੇ ਪਿਤਾ ਤੋਂ ਬਾਅਦ ਮਾਂ ਅਤੇ ਚਾਰੇ ਬੱਚੇ ਕੌਮ ਤੋਂ ਵਾਰ ਦਿੱਤੇ। ਆਰਥਿਕ ਨੁਕਸਾਨ ਦੀ ਗੱਲ ਛੱਡੋ। ਉਸ ਤੋਂ ਬਾਅਦ ਵੀ ਜਫਰਨਾਮਾ ਦੀ ਆਮਦ ਹੁੰਦੀ ਹੈ। ਜਿੱਤਨਾਮੇ ਦੀ।' ਸਿੱਖ ਇਤਿਹਾਸ ਤਾਂ ਅਜਿਹੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਅਸੀਂ ਤਾਂ ਦਿਨ ਰਾਤ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਅਤੇ ਸਰਬੱਤ ਦੇ ਭਲੇ ਦੀ ਵੀ।'

ਮੈਂ ਚਿੱਠੀ ਵਿਚ ਆਪਣੀ ਦੁੱਖ ਭਰੀ ਦਾਸਤਾਨ ਲਿਖਣ ਵਾਲੀ ਬੀਬੀ ਨੂੰ ਕਹਿਣਾ ਚਾਹੁੰਦਾ ਹਾਂ ਕਿ ''ਮੈਨੂੰ ਪਤਾ ਹੈ ਕਿ ਤੁਹਾਨੂੰ ਪੈਸੇ ਦੀ ਕਮੀ ਹੈ। ਮੈਨੂੰ ਪਤਾ ਹੈ ਕਿ ਸ਼ਰੀਕਾਂ ਨੇ ਤੁਹਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਇਹ ਵੀ ਅਹਿਸਾਸ ਹੈ ਕਿ ਵਿਆਹ ਦੀ ਉਮਰ ਬੀਤ ਰਹੀ ਹੈ ਪਰ ਇਸਦਾ ਮਤਲਬ ਇਹ ਉਕਾ ਹੀ ਨਹੀਂ ਕਿ ਤੁਸੀਂ ਹੌਸਲਾ ਹਾਰ ਜਾਓ। ਲੜਨਾ ਛੱਡ ਦਿਓ। ਤੁਸੀਂ ਤਾਂ ਸਾਹਿਤਕ ਰੁਚੀਆਂ ਦੇ ਮਾਲਕ ਹੋ।

PunjabKesari

ਕੋਈ ਹੁਨਰ ਸਿੱਖੋ ਸਿਰਜਣਾਤਮਕ ਲਿਖਤਾਂ ਵੱਲ ਧਿਆਨ ਦੇ ਸਕਦੇ ਹੋ। ਕੋਈ ਕੰਮਕਾਜ ਸ਼ੁਰੂ ਕਰ ਸਕਦੇ ਹੋ। ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰ ਸਕਦੇ ਹੋ। ਕੋਈ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰੀ ਕਰ ਸਕਦੇ ਹੋ। ਆਪਣੀ ਸਫਲਤਾ ਦੀ ਖੁਦ ਜ਼ਮੀਨ ਤਿਆਰ ਕਰਨੀ ਪੈਂਦੀ ਹੈ। ਆਪਣੇ ਕਦਮਾਂ ਵਿਚ ਵਿਸ਼ਵਾਸ ਪੈਦਾ ਕਰਕੇ ਹੀ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਅਸਲ ਵਿਚ ਮੰਜ਼ਿਲ ਕਦੇ ਵੀ ਦੂਰ ਨਹੀਂ ਸਿਰਫ ਇਰਾਦਿਆਂ ਵਿਚ ਕਮੀ ਹੁੰਦੀ ਹੈ। ਜੇ ਇਰਾਦਾ ਦ੍ਰਿੜ੍ਹ ਹੋਵੇ, ਕਦਮਾਂ ਵਿਚ ਵਿਸ਼ਵਾਸ ਹੋਵੇ ਤਾਂ ਮੰਜ਼ਿਲ ਆਪ ਚਾਰ ਕਦਮ ਚੱਲ ਕੇ ਤੁਹਾਡੇ ਵੱਲ ਪਹੁੰਚਦੀ ਹੈ। ਜ਼ਿੰਦਗੀ ਦਾ ਸੱਚ ਇਹੀ ਹੈ ਕਿ ਜੇ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋ ਤਾਂ ਸਫਲਤਾ ਦੇ ਚਿਰਾਗ ਤੁਹਾਡੇ ਬਨੇਰਿਆਂ ’ਤੇ ਜ਼ਰੂਰ ਰੌਸ਼ਨ ਹੋਣਗੇ। ਤੁਸੀਂ ਆਪਣੀ ਕਿਸਮਤ ਤੇ ਝੂਰਨ ਦੀ ਬਜਾਏ ਸਫਲਤਾ ਲਈ ਜੂਝਣ ਦਾ ਫੈਸਲਾ ਕਰੋ। ਮੰਨਿਆ ਕਿ ਮੁਸ਼ਕਲਾਂ ਬਹੁਤ ਹਨ ਪਰ ਹੌਸਲਾ ਹਰ ਮੁਸ਼ਕਿਲ ਤੇ ਫਤਿਹ ਪਾਉਣ ਦੇ ਸਮਰੱਥ ਹੁੰਦਾ ਹੈ। ਮਿਹਨਤ, ਦ੍ਰਿੜ੍ਹ ਇਰਾਦਾ, ਇੱਛਾ ਸ਼ਕਤੀ ਅਤੇ ਆਤਮ ਵਿਸ਼ਵਾਸ ਸਫਲਤਾ ਦੇ ਮੰਤਰ ਹਨ। ਇਨ੍ਹਾਂ ਨੂੰ ਸਮਝੋ ਅਤੇ ਹਿਹਨਾਂ ਤੇ ਅਮਲ ਕਰੋ। ਮੈਂ ਸੁਰਜੀਤ ਪਾਤਰ ਦੇ ਇਨ੍ਹਾਂ ਬੋਲਾਂ ਨਾਲ ਆਪਣੀ ਗੰਲ ਖਤਮ ਕਰ ਰਿਹਾ ਹਾਂ:

ਜੇ ਆਈ ਏ ਪੱਤਝੜ ਤਾਂ ਫੇਰ ਕੀ ਏ,
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ,
ਮੈਂ ਲੱਭ ਕੇ ਕਿਤਿਉਂ ਲਿਆਉਣ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।


author

rajwinder kaur

Content Editor

Related News