ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਨੁਸੂਚਿਤ ਜਾਤੀਆਂ ''ਤੇ ਹੋ ਰਹੇ ਅੱਤਿਆਚਾਰ ਗੰਭੀਰ ਚਿੰਤਾ ਦਾ ਵਿਸ਼ਾ

Friday, Nov 25, 2022 - 03:03 AM (IST)

ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਨੁਸੂਚਿਤ ਜਾਤੀਆਂ ''ਤੇ ਹੋ ਰਹੇ ਅੱਤਿਆਚਾਰ ਗੰਭੀਰ ਚਿੰਤਾ ਦਾ ਵਿਸ਼ਾ

ਭਾਰਤ 'ਚ ਰਹਿਣ ਵਾਲੀਆਂ ਬਹੁਤੀਆਂ ਅਨੁਸੂਚਿਤ ਜਾਤੀਆਂ ਜਿਨ੍ਹਾਂ ਨੂੰ ਵੱਖ-ਵੱਖ ਨਾਂ ਜਿਵੇਂ ਦਲਿਤ, ਮੂਲ ਨਿਵਾਸੀ, ਆਦਿਧਰਮੀ, ਭਾਰਤ ਦੇ ਮੋਢੀ ਆਦਿ ਦਿੱਤੇ ਗਏ ਹਨ, ਨੂੰ ਅੰਗਰੇਜ਼ੀ ਹਕੂਮਤ ਵੇਲੇ ਦੱਬੇ-ਕੁਚਲੇ ਨਾਂ ਦਿੱਤਾ ਗਿਆ ਅਤੇ ਭਾਰਤੀ ਸੰਵਿਧਾਨ ਵਿੱਚ ਅਨੁਸੂਚਿਤ ਜਾਤਾਂ ਦਾ ਦਰਜਾ ਦਿੱਤਾ ਗਿਆ ਹੈ। ਚਾਰ ਵਰਣਾਂ ਵਿੱਚ ਸ਼ੂਦਰਾਂ ਨੂੰ ਸਭ ਤੋਂ ਹੇਠਾਂ ਮੰਨਿਆ ਗਿਆ ਹੈ। ਇਹ ਵੀ ਕੌੜਾ ਸੱਚ ਹੈ ਕਿ ਇਨ੍ਹਾਂ ਸ਼ੂਦਰਾਂ 'ਚੋਂ ਕੁਝ ਜਾਤਾਂ ਨੂੰ ਅਛੂਤ ਕਿਹਾ ਜਾਂਦਾ ਸੀ ਅਤੇ ਇਨ੍ਹਾਂ ਜਾਤਾਂ 'ਤੇ ਕਈ ਤਰ੍ਹਾਂ ਦੀਆਂ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਿਕ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਨ੍ਹਾਂ ਕਾਰਨ ਇਨ੍ਹਾਂ ਜਾਤਾਂ ਨਾਲ ਸਬੰਧਿਤ ਬਹੁਤੇ ਵਿਅਕਤੀਆਂ ਦਾ ਜੀਵਨ ਜਾਨਵਰਾਂ ਤੋਂ ਵੀ ਭੈੜਾ ਰਿਹਾ ਹੈ।

ਇਤਿਹਾਸਕ ਤੌਰ 'ਤੇ ਇਹ ਲੋਕ ਹਿੰਦੂ ਧਰਮ ਨਾਲ ਜੁੜੇ ਰਹੇ ਹਨ ਅਤੇ ਵੱਖ-ਵੱਖ ਸਮਿਆਂ 'ਤੇ ਇਨ੍ਹਾਂ 'ਚੋਂ ਕੁਝ ਲੋਕ ਹਿੰਦੂ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਵਿੱਚ ਗਏ ਹਨ। ਮੌਜੂਦਾ ਸਮੇਂ ਵੀ ਬਹੁਤੀਆਂ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਲੋਕ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਹਿੰਦੂ ਧਰਮ 'ਚ ਹੀ ਵਿਸ਼ਵਾਸ ਰੱਖਦੇ ਹਨ। ਭਾਰਤ ਦੀ ਜਨਸੰਖਿਆ ਬਾਰੇ ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਲੱਗਭਗ 240 ਮਿਲੀਅਨ ਤੋਂ ਵੱਧ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਦੀ ਬਹੁਤੀ ਅਬਾਦੀ ਪਿੰਡਾਂ ਵਿੱਚ ਹੀ ਰਹਿੰਦੀ ਹੈ। ਦੇਸ਼ ਦੀ ਜਨਗਣਨਾ ਵਿੱਚ ਅਪਣੇ-ਆਪ ਨੂੰ ਹਿੰਦੂ, ਸਿੱਖ ਅਤੇ ਬੋਧੀ ਲਿਖਵਾਉਣ ਵਾਲੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਹੀ ਵੱਖਰਾ ਗਿਣਿਆ ਗਿਆ ਹੈ, ਜਦਕਿ ਬਾਕੀ ਇਸਾਈ, ਮੁਸਲਿਮ ਅਤੇ ਹੋਰ ਕਿਸੇ ਧਰਮ ਨੂੰ ਮੰਨਣ ਵਾਲਿਆਂ ਦੀ ਵੱਖਰੀ ਗਿਣਤੀ ਨਹੀਂ ਕੀਤੀ ਗਈ।

ਜੇਕਰ ਭਾਰਤ ਵਿੱਚ ਅਬਾਦੀ ਅਨੁਸਾਰ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਜਨਸੰਖਿਆ ਕਰੀਬ 80.5 ਫ਼ੀਸਦੀ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਹੈ, ਇਸ ਤੋਂ ਬਾਅਦ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭਗ 13.4 ਫ਼ੀਸਦੀ, ਇਸਾਈ ਧਰਮ ਨਾਲ ਸਬੰਧਿਤ ਲੋਕਾਂ ਦੀ ਜਨਸੰਖਿਆ ਲੱਗਭਗ 2.3 ਫ਼ੀਸਦੀ, ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭਗ 1.9 ਫ਼ੀਸਦੀ, ਬੋਧੀਆਂ ਦੀ ਗਿਣਤੀ 0.8 ਫ਼ੀਸਦੀ, ਜੈਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਗਭਗ 0.4 ਫ਼ੀਸਦੀ ਹੈ। ਇਸ ਤੋਂ ਇਲਾਵਾ ਕੁਝ ਲੋਕ ਕਿਸੇ ਵੀ ਵਿਸ਼ੇਸ਼ ਧਰਮ ਨੂੰ ਨਹੀਂ ਮੰਨਦੇ ਜਾਂ ਫਿਰ ਅਪਣੀ ਮਰਜ਼ੀ ਨਾਲ ਹੋਰ ਧਰਮਾਂ ਨੂੰ ਮੰਨਦੇ ਹਨ। ਦੇਸ਼ 'ਤੇ ਜਦੋਂ ਮੁਗਲਾਂ ਨੇ ਕਬਜ਼ਾ ਕੀਤਾ ਤਾਂ ਇਨ੍ਹਾਂ ਅਨੁਸੂਚਿਤ ਜਾਤੀਆਂ 'ਚੋਂ ਕਈਆਂ ਨੇ ਹਿੰਦੂ ਧਰਮ ਛੱਡ ਕੇ ਮੁਸਲਿਮ ਧਰਮ ਅਪਣਾ ਲਿਆ। ਜਦੋਂ ਦੇਸ਼ ਵਿੱਚ ਅੰਗਰੇਜ਼ੀ ਹਕੂਮਤ ਆਈ ਤਾਂ ਇਸ ਭਾਈਚਾਰੇ ਨੂੰ ਕਾਫੀ ਰਾਹਤ ਮਿਲੀ। ਵੱਡੀ ਗਿਣਤੀ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੇ ਹਿੰਦੂ ਧਰਮ ਨੂੰ ਤਿਆਗ ਕੇ ਇਸਾਈ ਧਰਮ ਅਪਣਾ ਲਿਆ।

ਅਨੁਸੂਚਿਤ ਜਾਤੀਆਂ ਦੀ ਇਸ ਵਿਗੜਦੀ ਦਸ਼ਾ ਵਿੱਚ ਕੁਝ ਬਦਲਾਅ ਆਇਆ ਤੇ ਵਿਕਾਸ ਹੋਇਆ ਪਰ ਇਹ ਬਦਲਾਅ ਅਤੇ ਵਿਕਾਸ ਕੁਝ ਕੁ ਲੋਕਾਂ ਤੱਕ ਹੀ ਸੀਮਤ ਰਿਹਾ ਅਤੇ ਬਹੁਤੇ ਲੋਕਾਂ ਦਾ ਜੀਵਨ ਖਸਤਾ ਹਾਲਤ ਵਿੱਚ ਹੀ ਰਿਹਾ ਹੈ। ਕਈ ਅਨੁਸੂਚਿਤ ਜਾਤੀਆਂ ਦੇ ਲੋਕ ਅੰਗਰੇਜ਼ ਹਕੂਮਤ ਵਿੱਚ ਸਰਕਾਰੀ ਨੌਕਰੀਆਂ ਕਰਨ ਲੱਗ ਪਏ, ਜਿਸ ਕਾਰਨ ਇਹ ਪਿੰਡ ਛੱਡ ਕੇ ਨਗਰਾਂ ਵਿੱਚ ਰਹਿਣ ਲੱਗ ਪਏ। ਇਸਾਈ ਮਿਸ਼ਨਰੀਆਂ ਵਲੋਂ ਖੋਲ੍ਹੇ ਗਏ ਵਿੱਦਿਅਕ ਅਦਾਰਿਆਂ ਵਿੱਚ ਅਨੁਸੂਚਿਤ ਜਾਤੀਆਂ ਨੂੰ ਪੜ੍ਹਾਈ ਦਾ ਅਧਿਕਾਰ ਮਿਲ ਗਿਆ, ਜਿਸ ਨਾਲ ਉਨ੍ਹਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਅਤੇ ਇਨ੍ਹਾਂ 'ਚੋਂ ਬਹੁਤੀਆਂ ਅਨੁਸੂਚਿਤ ਜਾਤੀਆਂ ਨੇ ਆਪਣੇ ਜਾਤ ਅਧਾਰਿਤ ਧੰਦਿਆਂ ਨੂੰ ਤਿਆਗ ਦਿੱਤਾ।

ਸਾਲ 1894 ਤੋਂ 1922 ਤੱਕ ਕੋਹਲਾਪੁਰ ਦੇ ਰਾਜਾ ਰਹੇ ਛੱਤਰਪਤੀ ਸ਼ਾਹੂ ਜੀ ਮਹਾਰਾਜ ਨੇ ਸਿੱਖਿਆ ਦੇ ਦੁਆਰ ਸਭ ਲਈ ਖੋਲ੍ਹ ਦਿੱਤੇ ਅਤੇ ਨੌਕਰੀਆਂ ਵਿੱਚ 50 ਫ਼ੀਸਦੀ ਰਾਖਵਾਂਕਰਨ ਗਰੀਬ ਕਮਜ਼ੋਰ ਵਰਗਾਂ ਲਈ ਕਰ ਦਿੱਤਾ। ਮਨੂਵਾਦੀ ਸੋਚ ਰੱਖਣ ਵਾਲੇ ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਫੂਲੇ ਪਰਿਵਾਰ ਨੇ ਇਨ੍ਹਾਂ ਵਰਗਾਂ ਲਈ ਵਿੱਦਿਅਕ ਅਦਾਰੇ ਚਲਾਏ। ਸਾਲ 1891 'ਚ ਪੈਦਾ ਹੋਏ ਅਨੁਸੂਚਿਤ ਜਾਤੀਆਂ ਦੇ ਨਾਇਕ ਡਾ. ਭੀਮ ਰਾਓ ਅੰਬੇਡਕਰ ਨੇ ਬੜੌਦਾ ਦੇ ਮਹਾਰਾਜਾ ਸਿਆਈਜੀਓ ਗਾਇਕਵਾੜ ਵਲੋਂ ਚਲਾਈ ਜਾ ਰਹੀ ਵਜ਼ੀਫਾ ਯੋਜਨਾ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਕੀਤੀ।

PunjabKesari

ਡਾ. ਅੰਬੇਡਕਰ ਜਿਨ੍ਹਾਂ ਨੂੰ ਸਿੱਖਿਆ ਪ੍ਰਪਤ ਕਰਨ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ, ਨੇ ਆਪਣੀ ਸਿੱਖਿਆ ਨੂੰ ਹੀ ਹਥਿਆਰ ਬਣਾ ਕੇ ਸਦੀਆਂ ਤੋਂ ਦੱਬੇ-ਕੁਚਲੇ ਵਰਗਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਕੰਮ ਕੀਤਾ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੂਗੋਵਾਲ ਵਿੱਚ 14 ਜਨਵਰੀ 1886 ਨੂੰ ਪੈਦਾ ਹੋਏ ਗਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲ ਨੇ ਆਪਣੇ ਪਿੰਡ 'ਚ ਅਛੂਤਾਂ ਦੇ ਬੱਚਿਆਂ ਲਈ ਪਹਿਲਾ ਸਕੂਲ ਖੋਲ੍ਹਿਆ ਅਤੇ ਸਰਕਾਰ ਦੀ ਮਦਦ ਨਾਲ 80 ਅਨੁਸੂਚਿਤ ਜਾਤੀ ਅਧਿਆਪਕ ਤਿਆਰ ਕੀਤੇ ਤਾਂ ਜੋ ਸਦੀਆਂ ਤੋਂ ਸਿੱਖਿਆ ਤੋਂ ਵਾਂਝੇ ਇਨ੍ਹਾਂ ਲੋਕਾਂ ਨੂੰ ਸਿੱਖਿਆ ਮਿਲ ਸਕੇ। ਬਾਬੂ ਮੰਗੂ ਰਾਮ ਦੀ ਅਗਵਾਈ ਵਿੱਚ ਹੀ 11-12 ਜੂਨ 1926 ਨੂੰ ਪਿੰਡ ਮੂਗੋਵਾਲ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਕੋਲਕਾਤਾ ਆਦਿ ਤੋਂ ਵੱਖ-ਵੱਖ ਜਾਤਾਂ ਦੇ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਅਛੂਤ ਮੰਨਿਆ ਜਾਂਦਾ ਸੀ, ਦਾ ਭਾਰੀ ਇਕੱਠ ਹੋਇਆ, ਜਿਸ ਵਿੱਚ ਅਛੂਤਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਇਨ੍ਹਾਂ ਜਾਤਾਂ ਨਾਲ ਸਬੰਧਿਤ ਲੋਕ ਆਦਿ ਧਰਮ ਅਪਨਾਉਣਗੇ।

ਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਅਦ ਅਨੁਸੂਚਿਤ ਜਾਤੀਆਂ ਨੂੰ 'ਆਦਿ ਧਰਮ' ਦਾ ਨਾਂ ਮਿਲਿਆ ਤੇ ਇਨ੍ਹਾਂ ਨੂੰ ਪੜ੍ਹਨ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਸਾਲ 1931 'ਚ ਹੋਈ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜਿਆ ਗਿਆ ਤੇ ਉਸ ਵੇਲੇ ਪੰਜਾਬ ਵਿੱਚ ਲੱਗਭਗ 4,18,789 ਲੋਕ ਜੋ ਕਿ ਕੁਲ ਅਬਾਦੀ ਦਾ ਲੱਗਭਗ 1.5 ਫ਼ੀਸਦੀ ਸੀ, ਨੇ ਆਪਣਾ ਧਰਮ ਆਦਿ ਧਰਮ ਲਿਖਾਇਆ ਸੀ। ਡਾ. ਅੰਬੇਡਕਰ ਨੇ ਹਿੰਦੂ ਧਰਮ ਨੂੰ ਅਨੁਸੂਚਿਤ ਜਾਤੀਆਂ ਦੇ ਵਿਕਾਸ ਵਿੱਚ ਰੋੜਾ ਮੰਨ ਕੇ ਹੀ ਆਪਣਾ ਧਰਮ ਬਦਲਣ ਦਾ ਫੈਸਲਾ ਕੀਤਾ ਤੇ ਅਖੀਰ 13 ਅਕਤੂਬਰ 1956 ਨੂੰ ਆਪਣੇ ਲੱਖਾਂ ਸਾਥੀਆਂ ਨਾਲ ਬੁੱਧ ਧਰਮ ਅਪਣਾਇਆ ਸੀ। ਅੱਜ ਵੀ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਅਨੁਸੂਚਿਤ ਜਾਤੀਆਂ ਵਲੋਂ ਵੱਡੇ ਪੱਧਰ 'ਤੇ ਹਿੰਦੂ ਧਰਮ ਛੱਡ ਕੇ ਧਰਮ ਬਦਲਣ ਦੀਆਂ ਖ਼ਬਰਾਂ ਵੇਖਣ ਨੂੰ ਮਿਲਦੀਆਂ ਹਨ।

ਸਾਡੇ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਨਾਲ ਹੋਣ ਵਾਲੇ ਵਿਤਕਰੇ ਅਤੇ ਅੱਤਿਆਚਾਰਾਂ ਲਈ ਮੁੱਖ ਤੌਰ 'ਤੇ ਹਿੰਦੂ ਧਰਮ ਅਤੇ ਮਨੂਵਾਦੀ ਪ੍ਰਥਾ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਜਦਕਿ ਹਕੀਕਤ ਇਹ ਹੈ ਕਿ ਬਾਕੀ ਧਰਮਾਂ ਵਿੱਚ ਵੀ ਇਹ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ ਤੇ ਇਨ੍ਹਾਂ ਨੂੰ ਬਰਾਬਰ ਮਾਣ-ਸਨਮਾਨ ਨਹੀਂ ਮਿਲਦਾ। ਪੰਜਾਬ ਸਮੇਤ ਨਾਲ ਲੱਗਦੇ ਇਲਾਕਿਆਂ ਵਿੱਚ ਅਨੁਸੂਚਿਤ ਜਾਤੀ ਦੇ ਲੋਕ ਵੱਡੀ ਗਿਣਤੀ ਵਿੱਚ ਸਿੱਖ ਧਰਮ ਨੂੰ ਮੰਨਦੇ ਹਨ ਅਤੇ ਇਹ ਵੀ ਕੌੜਾ ਸੱਚ ਹੈ ਕਿ ਪੰਜਾਬ ਵਿੱਚ ਵੀ ਅਕਸਰ ਜਾਤ ਅਧਾਰਿਤ ਵਿਤਕਰੇ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਅਤੇ ਬਹੁਤੀਆਂ ਥਾਵਾਂ 'ਤੇ ਜਾਤ ਅਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਇਸ ਧਰਮ ਵਿੱਚ ਫੈਲ ਰਹੀ ਗੈਰ-ਬਰਾਬਰੀ ਦੀ ਵੱਡੀ ਉਦਾਹਰਣ ਹਨ। ਇਸਾਈ ਅਤੇ ਇਸਲਾਮ ਧਰਮ ਵਿੱਚ ਜਾਣ ਵਾਲੇ ਅਨੁਸੂਚਿਤ ਜਾਤੀਆਂ ਦੇ ਲੋਕ ਵੀ ਆਪਣੀ ਜਾਤ ਦੀ ਪਛਾਣ ਖਤਮ ਨਹੀਂ ਕਰ ਸਕੇ ਤੇ ਨਾ ਹੀ ਬਰਾਬਰਤਾ ਹਾਸਲ ਕਰ ਸਕੇ ਹਨ।

ਜੇਕਰ ਡਾ. ਅੰਬੇਡਕਰ ਵਲੋਂ ਲੱਖਾਂ ਸਾਥੀਆਂ ਨਾਲ ਅਪਣਾਏ ਗਏ ਬੁੱਧ ਧਰਮ ਦੀ ਗੱਲ ਕਰੀਏ ਤਾਂ ਇਸ ਧਰਮ ਦੇ ਵੀ ਕਈ ਰੂਪ ਵੇਖਣ ਨੂੰ ਮਿਲਦੇ ਹਨ ਅਤੇ ਕਈ ਵਾਰ ਇਸ ਧਰਮ ਵਿੱਚ ਵੀ ਮਨੂਵਾਦੀ ਪ੍ਰਥਾਵਾਂ ਨਜ਼ਰ ਆਉਂਦੀਆਂ ਹਨ। 1926 ਵਿੱਚ ਸਥਾਪਿਤ ਹੋਇਆ ਆਦਿ ਧਰਮ ਜਿਸ ਵਿੱਚ ਭਾਰਤ ਦੇ ਕਈ ਸੂਬਿਆਂ ਦੀਆਂ ਅਨੁਸੂਚਿਤ ਜਾਤੀਆਂ ਸ਼ਾਮਲ ਸਨ ਤੇ 1931 ਦੀ ਜਨਗਣਨਾ ਵੇਲੇ ਦੂਜੇ ਧਰਮਾਂ ਦੇ ਆਗੂਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਸ ਵੇਲੇ ਦੇ ਪੰਜਾਬ ਵਿੱਚ ਵੱਡੀ ਗਿਣਤੀ 'ਚ ਅਨੁਸੂਚਿਤ ਜਾਤੀਆਂ ਨੇ ਆਪਣਾ ਧਰਮ 'ਆਦਿ ਧਰਮ' ਲਿਖਵਾਇਆ ਸੀ, ਆਜ਼ਾਦ ਭਾਰਤ ਵਿੱਚ ਆਪਣੀ ਖਾਸ ਪਛਾਣ ਕਾਇਮ ਨਹੀਂ ਰੱਖ ਸਕਿਆ। ਪਿਛਲੇ ਕੁਝ ਸਾਲਾਂ ਤੋਂ ਕਈ ਆਗੂ ਇਸ ਆਦਿ ਧਰਮ ਦੀ ਪਛਾਣ ਬਣਾਉਣ ਲਈ ਕੰਮ ਕਰ ਰਹੇ ਹਨ ਪਰ ਅਜੇ ਤੱਕ ਕੋਈ ਖਾਸ ਨਤੀਜੇ ਨਜ਼ਰ ਨਹੀਂ ਆ ਰਹੇ ਹਨ।

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਅਨੁਸੂਚਿਤ ਜਾਤੀਆਂ ਵਿਸ਼ੇਸ਼ ਤੌਰ 'ਤੇ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਲੋਕਾਂ ਨੂੰ 'ਰਵਿਦਾਸੀਆ ਧਰਮ' ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਨਗਣਨਾ ਵਿਭਾਗ ਅਨੁਸਾਰ ਅਨੁਸੂਚਿਤ ਜਾਤੀਆਂ ਦੇ ਜਿਹੜੇ ਲੋਕ ਆਪਣਾ ਧਰਮ ਹਿੰਦੂ, ਬੁੱਧ ਅਤੇ ਸਿੱਖ ਤੋਂ ਇਲਾਵਾ ਕੋਈ ਹੋਰ ਧਰਮ ਲਿਖਾਉਣਗੇ, ਉਨ੍ਹਾਂ ਨੂੰ ਅਨੁਸੂਚਿਤ ਜਾਤੀ ਵਾਲੇ ਲਾਭ ਨਹੀਂ ਮਿਲਣਗੇ। ਇਸ ਤਰ੍ਹਾਂ ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਧਰਮ ਬਦਲਣ ਤੋਂ ਬਾਅਦ ਵੀ ਅਨੁਸੂਚਿਤ ਜਾਤੀਆਂ ਦੀ ਜਾਤ ਅਧਾਰਿਤ ਪਛਾਣ ਅਤੇ ਵਿਤਕਰਾ ਖਤਮ ਨਹੀਂ ਹੋਇਆ ਹੈ।

ਆਜ਼ਾਦ ਭਾਰਤ ਵਿੱਚ ਇਸ ਭਾਈਚਾਰੇ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦਾ ਨਾਂ ਦਿੱਤਾ ਗਿਆ ਅਤੇ ਭਾਰਤੀ ਸੰਵਿਧਾਨ ਵਿੱਚ ਇਨ੍ਹਾਂ ਜਾਤਾਂ ਨਾਲ ਸਬੰਧਿਤ ਲੋਕਾਂ ਦੇ ਵਿਕਾਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਨਾਲ ਕਈ ਅਨੁਸੂਚਿਤ ਜਾਤੀਆਂ ਦਾ ਵਿਕਾਸ ਵੀ ਹੋਇਆ ਹੈ। ਆਜ਼ਾਦੀ ਤੋਂ ਬਾਅਦ ਵੀ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਅਨੁਸੂਚਿਤ ਜਾਤੀਆਂ ਨੂੰ ਜਾਗਰੂਕ ਕਰਨ ਅਤੇ ਜਾਤ ਅਧਾਰਿਤ ਵਿਤਕਰਿਆਂ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਪਰ ਹਕੀਕਤ ਇਹ ਹੈ ਕਿ ਅੱਜ ਵੀ ਵੱਖ-ਵੱਖ ਧਰਮਾਂ 'ਚ ਬੈਠੇ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਪੱਖਪਾਤ ਹੋ ਰਿਹਾ ਹੈ ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।

ਦੇਸ਼ 'ਚ ਆਜ਼ਾਦੀ ਤੋਂ ਬਾਅਦ ਪਿਛਲੇ ਕੁਝ ਸਾਲਾਂ ਦੌਰਾਨ ਹੀ ਅਨੁਸੂਚਿਤ ਜਾਤੀ ਦੇ ਲੋਕਾਂ ਵੱਲੋਂ ਅੱਤਿਆਚਾਰਾਂ ਦੀਆਂ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਨਿਰੋਧਕ ਐਕਟ 1989 ਵਿੱਚ ਸੋਧ ਸਬੰਧੀ ਆਏ ਇਕ ਫੈਸਲੇ ਦੇ ਵਿਰੋਧ ਵਿੱਚ ਹੋਇਆ, 2 ਅਪ੍ਰੈਲ 2018 ਦਾ ਭਾਰਤ ਬੰਦ, ਦਿੱਲੀ ਵਿੱਚ ਤੁਗਲਕਾਬਾਦ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਵਿੱਚ ਹੋਇਆ ਰੋਸ ਪ੍ਰਦਰਸ਼ਨ, ਰੋਹਿਤ ਵੇਮੁਲਾ ਹੱਤਿਆਕਾਂਡ, ਊਨਾ ਕਾਂਡ, ਮਿਰਚਾਪੁਰ ਘਟਨਾ, ਪੰਜਾਬ ਦੇ ਮੋਗਾ, ਸੰਗਰੂਰ, ਅਬੋਹਰ ਕਾਂਡ, ਬਦਾਂਉ, ਹਾਥਰਸ, ਰਾਜਸਥਾਨ ਦੇ ਜਲੋਰ ਵਰਗੀਆਂ ਕਈ ਘਟਨਾਵਾਂ ਸਬੰਧੀ ਰੋਸ ਪ੍ਰਦਰਸ਼ਨ ਸ਼ਾਮਲ ਹਨ।

ਵੱਖ-ਵੱਖ ਧਰਮਾਂ 'ਚ ਬੈਠੇ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਜਾਤ ਅਧਾਰਿਤ ਵਿਤਕਰੇ, ਸ਼ੋਸ਼ਣ ਅਤੇ ਹੁੰਦੇ ਅੱਤਿਆਚਾਰ ਦੀਆਂ ਘਟਨਾਵਾਂ ਸਬੰਧੀ ਬਹੁਤੇ ਧਰਮਾਂ ਦੇ ਆਗੂ ਅਕਸਰ ਚੁੱਪ ਹੀ ਰਹਿੰਦੇ ਹਨ। ਆਜ਼ਾਦੀ ਤੋਂ 75 ਸਾਲਾਂ ਬਾਅਦ ਵੀ ਇਹ ਲੋਕ ਆਪਣੇ-ਆਪ ਨੂੰ ਹਰ ਧਰਮ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਇਹ ਸਵਾਲ ਉੱਠਦਾ ਹੈ ਕਿ ਆਖਿਰ ਕਰੋੜਾਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਧਰਮ ਕਿਹੜਾ ਹੋਵੇ, ਜਿਸ ਵਿੱਚ ਉਨ੍ਹਾਂ ਨਾਲ ਜਾਤ ਅਧਾਰਿਤ ਸ਼ੋਸ਼ਣ ਅਤੇ ਅੱਤਿਆਚਾਰ ਨਾ ਹੋਵੇ ਤੇ ਉਹ ਬਰਾਬਰਤਾ ਹਾਸਲ ਕਰ ਸਕਣ।

-ਕੁਲਦੀਪ ਚੰਦ ਦੋਭੇਟਾ


author

Mukesh

Content Editor

Related News