ਕੀੜੀ ਅਤੇ ਬੀਂਡਾ
Saturday, Jun 15, 2019 - 01:48 PM (IST)
ਇਕ ਕੀੜੀ ਅਤੇ ਬੀਂਡਾ ਦੋਵੇ,
ਰਹਿੰਦੇ ਸੀ ਇਕ ਦੂਜੇ ਪਾਸ।
ਮੁਸੀਬਤ ਵਿੱਚ ਕੰਮ ਆਵੇਗਾ,
ਰੱਖਦੇ ਸੀ ਇਕ ਦੂਜੇ ਤੇ ਆਸ।
ਕੀੜੀ ਬਹੁਤ ਮਿਹਨਤ ਸੀ ਕਰਦੀ,
ਕਦੇ ਨਾ ਬੈਠੇ ਨਾਲ ਅਰਾਮ।
ਸਾਰਾ ਦਿਨ, ਕੰਮ ਵਿੱਚ ਲੱਗੀ,
ਕਦੇ ਨਾ ਦੇਖੇ ਸਵੇਰਾ-ਸ਼ਾਮ।
ਆਉਣ ਵਾਲੀ ਬਰਸਾਤ ਤੋਂ ਡਰਦੀ,
ਉਸੇ ਲਈ ਹੋ ਰਹੀ ਤਿਆਰ।
ਢੋਹ-ਢੋਹ, ਅਨਾਜ ਦੇ ਦਾਣੇ,
ਭਰ ਲਏ ਉਸਨੇ ਕਈ ਭੰਡਾਰ।
ਬੀਂਡਾ ਨਾ ਕੋਈ ਕੰਮ ਸੀ ਕਰਦਾ,
ਬੈਠ ਕਿੱਕਰ ਤੇ ਸਦਾ ਹੀ ਗਾਉਂਦਾ।
ਜਦੋਂ ਕੀੜੀ ਕੋਈ ਕੰਮ ਨੂੰ ਕਹਿੰਦੀ,
ਗੀਤ ਗਾ, ਰਹੇ ਮਨ ਪਰਚਾਉਂਦਾ।
ਜਦੋਂ ਫਿਰ ਬਰਸਾਤ ਸੀ ਆਈ,
ਕੀੜੀ ਅੰਦਰ ਵੜ, ਕੁੰਡੀ ਲਾਈ।
ਚਾਰੇ ਪਾਸੇ ਪਾਣੀ ਹੀ ਪਾਣੀ,
ਬੀਂਡਾ ਪਾਵੇ ਹਾਲ ਦੁਹਾਈ।
ਸੋਚਿਆ, ਚਲ, ਕੀੜੀ ਕੋਲ ਜਾਵਾਂ,
ਖਾਣ ਲਈ ਕੁਝ ਮੰਗ ਲਿਆਵਾਂ।
ਜਾ ਕੀੜੀ ਕੋਲ, ਦੁੱਖ ਸੀ ਰੋਇਆ,
ਕਰ ਮਦਦ, ਮੈਂ ਭੁੱਖਾ ਮੋਇਆ।
ਪਰ ਕੀੜੀ, ਨਹੀਂ ਕੁੰਢੀ ਖੋਲ੍ਹੀ,
ਅੰਦਰੋ ਹੀ ਉਹ ਰੋਅਬ ਨਾਲ ਬੋਲੀ।
ਬੰਦ ਕਰ ਰੋਣਾ, ਸ਼ੁਰੂ ਕਰ ਗਾਉਣਾ,
ਤੈਨੂੰ ਨਹੀਂ, ਹੁਣ ਕਿਸੇ ਬਚਾਉਣਾ।
ਨਿਕੰਮੇ ਆਲਸੀ, ਜੋ ਕੰਮ ਤੋਂ ਡਰਦੇ,
'ਗੋਸਲ' ਲੋਕ ਨਾ ਫਿਰ ਮਦਦ ਕਰਦੇ।
ਬਹਾਦਰ ਸਿੰਘ ਗੋਸਲ,
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ.ਨੰ: 98764-52223