ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

Saturday, May 08, 2021 - 02:25 PM (IST)

ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਬੰਗਾਲ ਸਮੇਤ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਿੜ ਤਿਆਰ ਕਰਨ 'ਚ ਰੁੱਝੀ ਕੇਂਦਰੀ ਸੱਤਾ ਦਾ ਆਨੰਦ ਮਾਣ ਰਹੀ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ।ਆਪਣੀ ਪੂਰੀ ਤਾਕਤ ਝੌਂਕਣ ਮਗਰੋਂ ਵੀ ਬੰਗਾਲ ਵਿੱਚ 100 ਦਾ ਅੰਕੜਾ ਪਾਰ ਨਾ ਕਰ ਸਕਣਾ ਭਾਜਪਾ ਲਈ ਚਿੰਤਾਜਨਕ ਤਾਂ ਹੈ ਈ ਸਗੋਂ ਹੈਰਾਨੀਜਨਕ ਵੀ ਹੈ ਕਿ ਜਿਹੜੀ ਸਿਆਸੀ ਰਣਨੀਤੀ ਨਾਲ ਪਹਿਲਾਂ ਵਿਰੋਧੀਆਂ ਨੂੰ ਧੋਬੀ ਪਟਕੇ ਦਿੱਤੇ ਸਨ ਉਹ ਵਰਤਣ ਮਗਰੋਂ ਵੀ ਵੋਟਰਾਂ ਨੇ ਬੀਜੇਪੀ ਨੂੰ ਬਹੁਮਤ ਦੇ ਨੇੜੇ-ਤੇੜੇ ਵੀ ਨਹੀਂ ਖੜ੍ਹਨ ਦਿੱਤਾ। ਹਾਲਾਕਿ ਸਿੱਕੇ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਭਾਜਪਾ ਨੂੰ ਪੋਲ ਹੋਈਆਂ ਕੁੱਲ ਵੋਟਾਂ 'ਚੋਂ 38 ਫ਼ੀਸਦ ਵੋਟਾਂ ਮਿਲੀਆਂ ਹਨ।ਪਿਛਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 3 ਸੀਟਾਂ 'ਤੇ ਜਿੱਤ ਮਿਲੀ ਸੀ ਜੋ ਇਸ ਵਾਰ ਵੱਧ ਕੇ 77 ਹੋ ਗਈ। ਭਾਜਪਾ ਲਈ ਚੰਗੀ ਖ਼ਬਰ ਇਹੀ ਹੈ ਕਿ  ਬੇਸ਼ੱਕ ਪੱਕੇ ਪੈਰੀਂ ਨਾ ਸਹੀ ਪਰ ਬੰਗਾਲ ਦੀ ਜ਼ਮੀਨ 'ਤੇ ਭਾਜਪਾ ਦੇ ਪੈਰ ਜੰਮ ਚੁੱਕੇ ਹਨ।ਦੂਜੇ ਪਾਸੇ ਮਮਤਾ ਬੈਨਰਜੀ ਦੇ ਹੌਂਸਲੇ ਦੀ ਹਰ ਕੋਈ ਦਾਦ ਵੀ ਦੇ ਰਿਹਾ ਹੈ ਕਿ ਉਸਨੇ ਇਕੱਲਿਆਂ ਭਾਜਪਾ ਦੀ ਤਿੱਕੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਜਿੱਤ ਦੇ ਵੱਡੇ ਵੱਡੇ ਦਾਅਵੇ ਕਰਦੀ ਪ੍ਰਚਾਰਿਕ ਨ੍ਹੇਰੀ ਨੂੰ ਠੱਲ੍ਹਣ ਦਾ ਦਮ ਦਿਖਾਇਆ।

ਹਾਰ-ਜਿੱਤ ਮਗਰੋਂ ਹਰ ਰਾਜਨੀਤਕ ਦਲ ਆਪਣੀਆਂ ਪ੍ਰਾਪਤੀਆਂ ਅਤੇ ਗ਼ਲਤੀਆਂ ਦੀ ਪਰਖ ਪੜਚੋਲ ਕਰਦਾ ਹੈ।ਇਹ ਸਮਾਂ ਬੀਜੇਪੀ ਲਈ ਚੁਣੌਤੀ ਪੂਰਨ ਵੀ ਹੈ ਤੇ ਇਕ ਤੈਅ ਦਾਇਰੇ 'ਚੋਂ ਬਾਹਰ ਨਿਕਲਕੇ ਚਾਰ ਚੁਫੇਰੇ ਨਜ਼ਰਸਾਨੀ ਕਰਨ ਦਾ ਵੀ ਕਿ ਆਖ਼ਿਰ ਕਿਉਂ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਬੰਗਾਲ ਦੇ ਲੋਕਾਂ ਨੇ ਭਰੋਸਾ ਨਹੀਂ ਜਤਾਇਆ? ਭਾਜਪਾ ਦੀ ਰਾਜਨੀਤੀ ਕਿਸੇ ਕੋਲੋਂ ਲੁਕੀ ਨਹੀਂ।ਸਰਕਾਰ ਬਣਾਉਣ ਲਈ ਜਿਸ ਤਰ੍ਹਾਂ  ਪਹਿਲਾਂ ਕਈ ਸੂਬਿਆਂ ਵਿੱਚ ਵਿਧਾਇਕਾਂ ਦੀ ਖ਼ਰੀਦੋ ਫਰੋਖਤ ਦਾ ਖੇਡ ਖੇਡਿਆ ਗਿਆ, ਉਹ ਦਾਅ ਪੇਚ ਬੰਗਾਲ ਵਿੱਚ ਪੁੱਠਾ ਪੈਂਦਾ ਨਜ਼ਰ ਆਇਆ।ਐਨ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਵੀ ਕਈ ਆਗੂ ਮਮਤਾ ਨੂੰ ਅੱਖਾਂ ਵਿਖਾ ਕੇ ਮੋਦੀ ਦੇ ਚਰਨੀਂ ਆ ਲੱਗੇ ਪਰ ਬਹੁਤਿਆਂ  ਦੀ ਕੁਰਸੀ  ਦੀ ਲਾਲਸਾ ਇੱਧਰ ਆ ਕੇ ਵੀ ਅਧੂਰੀ ਹੀ ਰਹੀ।

ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਆਪਣੀ ਪਾਰਟੀ ਲਈ ਕਿਸੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਜਿੰਨੀਆਂ ਰੈਲੀਆਂ ਕੀਤੀਆਂ ਗਈਆਂ ਹਨ, ਐਨੀਆਂ ਰੈਲੀਆਂ ਸ਼ਾਇਦ ਹੀ  ਪਹਿਲਾਂ ਕਿਸੇ ਨੇ ਕੀਤੀਆਂ ਹੋਣ।ਵੋਟਾਂ ਦਾ ਧਰੁਵੀਕਰਨ ਕਰਨ ਦੀ ਰਾਜਨੀਤੀ 'ਚ ਮਾਹਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਖ਼ਾਸ ਸਮੁਦਾਏ ਦੀਆਂ ਵੋਟਾਂ ਲੈਣ ਲਈ ਕਈ ਤਰ੍ਹਾਂ ਦੇ ਧਾਰਮਿਕ ਨਾਅਰੇ ਵੀ ਲਾਏ ਅਤੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਵਾਰ-ਵਾਰ ਸੀਆਈਏ ਕਾਨੂੰਨ ਦਾ ਹਵਾਲਾ ਵੀ ਦਿੱਤਾ ਗਿਆ।ਪ੍ਰਧਾਨ ਮੰਤਰੀ ਮੋਦੀ ਵੱਲੋਂ ਦੋ ਖਿਡਾਰੀਆਂ ਦੇ ਮੁਕਾਬਲੇ  'ਚ ਆਪਣੀ  ਲਿਆਕਤ ਦਿਖਾਉਣ ਦੀ ਬਜਾਏ ਇਕ ਦੇਸ਼ ਇਕ ਪਾਰਟੀ ਦਾ  ਏਜੰਡਾ ਦੁਹਰਾਇਆ ਗਿਆ।ਇਸੇ ਤਰ੍ਹਾਂ ਆਪਣੇ ਸਖ਼ਤ ਫ਼ੈਸਲਿਆਂ ਕਰਕੇ ਜਾਣੇ ਜਾਂਦੇ ਮੁੱਖ ਮੰਤਰੀ ਯੋਗੀ ਨੇ ਵੀ ਬੰਗਾਲੀਆਂ ਨੂੰ ਰਾਮਰਾਜ ਦਾ ਸੁਫ਼ਨਾ ਵਿਖਾਇਆ ਪਰ ਕਿਸੇ ਕੰਮ ਨਾ ਆਇਆ।

ਇਹ ਵੀ ਪੜ੍ਹੋ :ਜਾਣੋ ਕੌਣ ਹਨ ਕੋਟਕਪੂਰਾ ਪੁਲਸ ਗੋਲੀ ਕਾਂਡ ਮਾਮਲੇ ’ਚ ਜਾਂਚ ਕਰਨ ਵਾਲੀ ਨਵੀਂ ਐੱਸ. ਆਈ. ਟੀ. ਦੇ ਅਫ਼ਸਰ

'ਦੀਦੀ ਓ ਦੀਦੀ' ਆਖ ਮਮਤਾ ਦਾ ਮਜ਼ਾਕ ਉਡਾਉਣ ਵਾਲੇ ਪ੍ਰਧਾਨ ਮੰਤਰੀ ਸ਼ਾਇਦ ਪ੍ਰਚਾਰ ਵੇਲੇ ਇਹ ਭੁੱਲ ਜਾਂਦੇ ਸਨ ਕਿ ਉਹ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰ ਰਹੇ ਹਨ, ਜਿੱਥੇ ਪੁਰਸ਼ ਅਤੇ ਜਨਾਨੀਆਂ ਨੂੰ ਬਰਾਬਰ ਦਾ ਸਨਮਾਨ ਅਤੇ ਸਤਿਕਾਰ ਮਿਲਣ ਦੀ ਹਾਮੀ ਸੰਵਿਧਾਨ ਵੀ ਭਰਦਾ ਹੈ। ਧਾਰਾ 370 ਨੂੰ ਜੰਮੂ ਕਸ਼ਮੀਰ ਵਿਚੋਂ ਮਨਸੂਖ ਕਰਕੇ ਉਥੋਂ ਪੰਜਾਬੀ ਭਾਸ਼ਾ ਨੂੰ ਬਾਹਰ ਰੱਖ ਕੇ ਹੋਰਨਾਂ ਭਾਸ਼ਾਵਾਂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਦਾ ਫ਼ੈਸਲਾ ਪੱਥਰ ਤੇ ਲੀਕ ਮੰਨਿਆ ਗਿਆ। ਹੈਰਾਨੀ ਦੀ ਗੱਲ ਸੀ ਕਿ ਇਸ ਮੌਕੇ ਸੰਘੀ ਢਾਂਚੇ ਦੀ ਦੁਹਾਈ ਪਾਉਣ ਵਾਲੀਆਂ ਖੇਤਰੀ ਪਾਰਟੀਆਂ ਅਕਾਲੀ ਦਲ ਅਤੇ 'ਆਪ' ਨੇ ਵੀ ਧਾਰਾ 370 ਹਟਾਉਣ ਦੀ ਹਮਾਇਤ ਕੀਤੀ ਸੀ। 

ਮੁਗਲਾਂ ਦੇ ਵਸਾਏ ਜਾਂ ਉਨ੍ਹਾਂ ਦੇ ਨਾਮ 'ਤੇ ਸ਼ਹਿਰਾਂ ਦੇ ਨਾਵਾਂ ਨੂੰ ਬਦਲਣਾ ਵੀ ਭਾਜਪਾ ਦੀ ਰਾਜਨੀਤੀ ਦਾ ਹਿੱਸਾ ਹੈ।ਜਿਸ ਕਰਕੇ ਪਾਰਟੀ ਨੂੰ ਖ਼ੁਦ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਦੱਬਵੀਂ ਆਵਾਜ਼ ਵਿਚਲੀ ਆਲੋਚਨਾ ਵੀ ਸੁਣਨ ਨੂੰ ਮਿਲਦੀ ਰਹੀ ਹੈ। ਸਾਲ ਪਹਿਲਾਂ ਦੇਸ਼ 'ਚ ਆਇਆ ਕੋਰੋਨਾ ਅੱਜ ਵੀ ਆਏ ਦਿਨ ਭਿਆਨਕ ਹੁੰਦਾ ਜਾ ਰਿਹਾ ਹੈ ਪਰ ਵਧੀਆ ਸਿਹਤ ਪ੍ਰਬੰਧ ਦੇਣ ਦੀ ਬਜਾਏ ਚੋਣ ਰੈਲੀਆਂ ਨੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਢਾਅ ਲਾਈ ਹੈ। ਆਕਸੀਜਨ ਦੀ ਘਾਟ ਕਾਰਨ ਹੀ ਕਿੰਨੀਆਂ ਜਿੰਦੜੀਆਂ ਖ਼ਤਮ ਹੋ ਚੁੱਕੀਆਂ ਹਨ ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਉੱਤਰ ਪ੍ਰਦੇਸ਼ ਵਿੱਚ ਸੋਸ਼ਲ ਮੀਡੀਆ 'ਤੇ ਸੱਚ ਵਿਖਾਉਣ ਵਾਲੇ ਨੂੰ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਅੰਦਰ ਤਾੜ ਦਿੱਤਾ ਜਾਂਦਾ ਹੈ।

ਸੂਬਿਆਂ ਦੇ ਅਧਿਕਾਰਾਂ ਖ਼ਿਲਾਫ਼ ਜਾ ਕੇ ਖੇਤੀ ਕਾਨੂੰਨ ਬਣਾਉਣ ਕਾਰਨ ਭਾਜਪਾ ਚੁਫੇਰਿਓਂ ਘਿਰੀ ਹੋਈ ਹੈ।ਆਗੂਆਂ ਦੀ 'ਪੱਥਰ 'ਤੇ ਲੀਕ' ਵਾਲੀ ਛਵੀ ਨੇ ਕਿਸਾਨਾਂ ਦੇ ਰੋਹ ਨੂੰ ਹੋਰ ਵਧਾਇਆ ਹੈ।ਬੇਸ਼ੱਕ ਖੇਤੀਬਾੜੀ ਮੰਤਰੀ ਵਲੋਂ ਕਈ ਤਜਵੀਜ਼ਾਂ ਦਿੱਤੀਆਂ ਗਈਆਂ ਸਨ ਪਰ ਦੋਹਾਂ ਧਿਰਾਂ ਦੀ ਸਹਿਮਤੀ ਨਹੀਂ ਬਣ ਪਾਈ। ਪ੍ਰਧਾਨ ਮੰਤਰੀ ਮੋਦੀ ਕਿਸੇ ਵੀ ਹੋਰ ਦੁਖਦਾਇਕ ਘਟਨਾ 'ਤੇ ਤਾਂ ਦੁੱਖ ਜ਼ਾਹਿਰ ਕਰ ਸਕਦੇ ਹਨ ਪਰ ਅੰਦੋਲਨ ਕਰ ਰਹੇ 300 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀਆਂ।ਕਿਸਾਨਾਂ ਪ੍ਰਤੀ ਉਨ੍ਹਾਂ ਦਾ ਇਹ ਨਜ਼ਰਅੰਦਾਜ਼ ਕਰਨ ਵਾਲਾ ਰਵੱਈਆ ਕਿਸੇ ਲੋਕਤੰਤਰੀ ਆਗੂ ਦੀ ਜ਼ਿੰਮੇਵਾਰ ਭੂਮਿਕਾ ਦਾ ਲਿਖਾਇਕ ਨਹੀਂ ਹੈ। ਸੰਘ ਦੇ ਆਗੂਆਂ ਵੱਲੋਂ ਕਿਸਾਨ ਅੰਦੋਲਨ ਦੇ ਮਸਲੇ ਨੂੰ ਜਲਦੀ ਹੱਲ ਕਰਨ ਦੀਆਂ ਅਵਾਜ਼ਾਂ ਨੂੰ ਗੰਭੀਰਤਾ ਨਾਲ ਨਾ ਲੈਣਾ ਵੀ ਪ੍ਰਧਾਨ ਮੰਤਰੀ ਦੇ ਅਕਸ ਦੇ ਸਖ਼ਤ ਰੁਖ਼ ਨੂੰ ਉਘਾੜਦਾ ਹੈ।

ਕੋਈ ਸਮਾਂ ਸੀ ਜਦੋਂ ਕਾਂਗਰਸ ਨੂੰ ਪਰਿਵਾਰ ਦੀ ਪਾਰਟੀ ਕਿਹਾ ਜਾਂਦਾ ਸੀ ਪਰ ਮਨਮੋਹਨ ਸਿੰਘ ਦੇ ਦੋ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਕਾਂਗਰਸ ਐਨੇ ਬੁਰੇ ਤਰੀਕੇ ਨਾਲ ਡਾਵਾਂਡੋਲ ਹੋਈ ਕੇ ਅਜੇ ਤੱਕ ਨਹੀਂ ਸੰਭਲ ਪਾ ਰਹੀ।ਅੱਜ ਉਸੇ ਤਰਜ 'ਤੇ ਭਾਜਪਾ ਚੱਲ ਰਹੀ ਹੈ।ਭਾਜਪਾ ਬੇਸ਼ੱਕ ਪਰਿਵਾਰਵਾਦ ਦੇ ਦਾਗ਼ ਤੋਂ ਰਹਿਤ ਹੈ ਪਰ 'ਤਿੱਕੜੀ' ਕਰਕੇ ਕਿਸੇ ਹੋਰ ਆਗੂ ਨੂੰ ਅਹਿਮੀਅਤ ਨਾ ਮਿਲਣਾ ਪਾਰਟੀ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ।ਪੰਜਾਬ ਵਿੱਚ ਅਕਾਲੀ ਦਲ ਦੇ ਸਾਥ ਛੱਡਣ ਮਗਰੋਂ ਭਾਜਪਾ ਨੂੰ ਕੋਈ ਵੀ  ਸਿੱਖ  ਚਿਹਰਾ ਨਹੀਂ ਮਿਲ ਰਿਹਾ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਭਰੋਸਾ ਦਿਵਾ ਸਕੇ।ਭਾਜਪਾ ਦੀ ਇਸ ਤਿੱਕੜੀ ਸਬੰਧੀ ਸਿਆਸੀ ਚਰਚਾਵਾਂ ਆਮ ਹਨ ਕਿ ਇਨ੍ਹਾਂ ਵੱਲੋਂ ਲਏ ਫ਼ੈਸਲੇ ਨੂੰ ਬਦਲਣਾ ਤਾਂ ਦੂਰ ਪਾਰਟੀ ਅੰਦਰ ਉਸ ਦੀ ਕੋਈ ਆਲੋਚਨਾ ਕਰਨ ਦੀ ਜ਼ੁਰਅੱਤ ਵੀ ਨਹੀਂ ਕਰਦਾ।ਮਜ਼ਬੂਤ ਹੋ ਰਹੀਆਂ ਖੇਤਰੀ ਪਾਰਟੀਆਂ ਕੇਂਦਰੀ ਪਾਰਟੀ 'ਤੇ ਕਿਵੇਂ ਭਾਰੀ ਪੈ ਸਕਦੀਆਂ ਹਨ ਇਸ ਦਾ ਅੰਦਾਜ਼ਾ ਹਾਲ ਹੀ 'ਚ ਹੋਈਆਂ ਚੋਣਾਂ ਤੋਂ ਲਗਾਇਆ ਜਾ ਸਕਦਾ ਹੈ। ਖੇਤਰੀ ਪਾਰਟੀਆਂ ਦੀ ਇੱਕਜੁਟਤਾ ਦਾ ਇਸ਼ਾਰਾ ਮਮਤਾ ਬੈਨਰਜੀ ਵੱਲੋਂ ਵੀ ਦਿੱਤਾ  ਗਿਆ ਹੈ। ਜੇਕਰ ਭਾਜਪਾ ਨੇ ਆਪਣੇ ਨਾਅਰੇ ਸਭ ਕਾ ਸਾਥ,ਸਭ ਕਾ ਵਿਕਾਸ ਨੂੰ ਅਸਲ ਮਾਇਨਿਆਂ 'ਚ ਲਾਗੂ ਕਰਨਾ ਹੈ ਤਾਂ ਇਸ ਨੂੰ ਸਭ ਤੋਂ ਪਹਿਲਾਂ ਪਾਰਟੀ ਅੰਦਰ ਲਾਗੂ ਕਰਨਾ ਪਵੇਗਾ।ਇਨ੍ਹਾਂ ਤਿੰਨ ਆਗੂਆਂ  ਨੂੰ ਪਾਰਟੀ ਦੇ ਅੰਦਰ ਤੇ ਬਾਹਰ ਬਣੇ ਆਪਣੇ ਅਕਸ ਦੇ ਬਿੰਬ ਨੂੰ ਤੋੜਨਾ ਪਵੇਗਾ ਤਾਂ ਜੋ ਆਮ ਲੋਕਾਈ ਦਾ ਆਪਣੇ ਆਗੂਆਂ ਦੀ ਨੀਤੀ ਤੇ ਨੀਅਤ ਵਿੱਚ ਵਿਸ਼ਵਾਸ ਬਣਿਆ ਰਹਿ ਸਕੇ।
ਹਰਨੇਕ ਸਿੰਘ ਸੀਚੇਵਾਲ   
ਨੋਟ:  ਬੰਗਾਲ ਚੋਣਾਂ 'ਚ ਭਾਜਪਾ ਦੀ ਇਸ ਤਿੱਕੜੀ ਵੱਲੋਂ ਕੀਤੇ ਪ੍ਰਚਾਰ ਸਬੰਧੀ ਕੀ ਹੈ ਤੁਹਾਡੀ ਰਾਏ?  


author

Harnek Seechewal

Content Editor

Related News