ਦੋ ਲਾਲਾਂ ਦੀ ਜੋੜੀ ...

01/04/2020 4:41:44 PM

ਬੂਟਾ ਸਿੱਖੀ ਦਾ ਲਾਇਆ ,
ਕਿਵੇਂ ਸੁੱਕ ਜਾਊਗਾ ?
ਸਿਰਜਿਆ ਹੋਇਆ ਜੋ ,
ਸ਼ਹੀਦਾਂ ਦੇ ਖੂਨ ਨਾਲ ।
ਦੋ ਲਾਲਾਂ ਦੀ ਜੋੜੀ,
ਖੜ੍ਹੀ ਸੂਬਾ ਸਰਹਿੰਦ ਦੀ ਕਚਹਿਰੀ ।
ਕੇਸਰੀ ਪਹਿਰਾਵਾ , ਸਿਰ ਤੇ ਪਗੜੀ,
ਬੇਖੌਫ ਸੀ ਗੁਰੂ ਦੇ ਲਾਲਾਂ ਦੀ ਜੋੜੀ,
ਫਤਹਿ ਬੁਲਾ ਗੁਰੂ ਦੀ,
ਨਿੱਕੀਆਂ ਜਿੰਦਾਂ ਨੇ ਖਾਮੋਸ਼ੀ ਤੋੜੀ .... ।
ਕੋਸ ਰਿਹਾ ਸੀ ਕੋਈ ਹੋ ਰਹੇ ਜ਼ੁਲਮਾਂ ਨੂੰ,
ਕੋਈ ਦੇ ਰਿਹਾ ਸਾਥ ਸਜ਼ਾਵਾਂ ਦਾ ,
ਕੋਈ ਦੇ ਰਿਹਾ ਲਾਲਚ ਸ਼ਾਹੀ ਸੌਗਾਤਾਂ ਦਾ ,
ਕਰ ਲਉ ਕਬੂਲ ਇਸਲਾਮ ਧਰਮ,
ਮਿਲੇਗੀ ਜਿੰਦਗੀ ਐਸ਼ੋ ਆਰਾਮਾਂ ਦੀ .... ।
ਸੁਣ ਸਾਹਿਬਜ਼ਾਦਿਆਂ ਆਖ ਸੁਣਾਇਆ,
ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ,
ਗੁੜ੍ਹਤੀ ਮਿਲੀ ਸਾਨੂੰ ਕੁਰਬਾਨੀ ਦੀ,
ਜ਼ੁਲਮ ਮਿਟਾਉਣਾ ਸਾਡੇ ਖੂਨ 'ਚ ਸਮਾਇਆ ।
ਸੀਸ ਤਲੀ ਤੇ ਧਰ ਸਿੱਖ ਧਰਮ ਕਮਾਇਆ,
ਝੁਕਣਾ ਨਹੀਂ ਮਨਜ਼ੂਰ, ਸੀਸ ਕਟਾ ਦਿਆਂਗੇ .... ।
ਗਰਜਦਾ ਗੁੱਸੇ 'ਚ ਵਜ਼ੀਰ ਖਾਨ &
ਮਾਨਵਤਾ ਦੀਆਂ ਹੱਦਾ ਪਾਰ ਸੀ ਹੋਇਆ,
ਚਿਣਵਾ ਦਿਉ ਵਿਚ ਦੀਵਾਰ,
ਹੁਕਮ ਆਖ ਸੁਣਾਇਆ ..... ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਹਿ ਸਿੰਘ ,
ਜੈਕਾਰੇ ਲਾ ਫਤਹਿ ਬੁਲਾਈ ।
ਧਰਮ ਨਾ ਛੱਡਿਆ, ਸ਼ਹੀਦੀ ਪਾਈ ।
ਉਮਰਾਂ ਸੀ ਛੋਟੀਆਂ, ਕਾਰਨਾਮਾ ਵੱਡਾ ਸੀ ਕਰ ਗਏ ।
ਸਿੱਖੀ ਦੀ ਨੀਂਹ ਪੱਕੀ ਸਦਾ ਲਈ ਕਰ ਗਏ ।
“ਪ੍ਰੀਤ“ ਸਿੱਖੀ ਮਿਲੀ ਬੜੀ ਔਖੀ ਹੈ,
ਬਿਰਤਾਂਤ ਲਿਖਦਾ ਜਾਈਂ ।
ਸਿੱਖੀ ਹੈ ਤਾਂ ਵਜੂਦ ਤੇਰਾ,
ਇਹ ਭੁੱਲ ਨਾ ਜਾਈਂ ।

ਪ੍ਰੀਤ ਰਾਮਗੜ੍ਹੀਆ 
ਮੋਬਾਇਲ : +918427174139


Aarti dhillon

Content Editor

Related News