1947 ਹਿਜਰਤਨਾਮਾ- 62: ਪ੍ਰਕਾਸ਼ ਸਿੰਘ ਮਲਹੋਤਰਾ

08/11/2022 12:31:36 PM

'ਮਜ਼੍ਹਬੀ ਜਨੂੰਨੀਆਂ ਪੰਜਾਬ ਵਿੱਚ ਖ਼ੂਨ ਦੀ ਹੋਲੀ ਖੇਡੀ'

"ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਨਨਕਾਣਾ ਸਾਬ ਦੇ ਪਿੰਡ ਅੰਨਿਆਂ ਦਾ ਵਾੜਾ ਵਿਖੇ ਮੇਰੀ ਪੈਦਾਇਸ਼ 1923 'ਚ ਬਰਕਤ ਰਾਮ ਵਲਦ ਠਾਕੁਰ ਦਾਸ ਮਲਹੋਤਰਾ ਦੇ ਘਰ ਹੋਈ। ਪਰਿਵਾਰ ਤਾਂ ਸਾਡਾ ਹਿੰਦੂ ਖੱਤਰੀ ਹੀ ਸੀ ਪਰ ਪਰਿਵਾਰ ਚ ਵੱਡੇ ਪੁੱਤਰ ਨੂੰ ਸਿੱਖ ਬਣਾਉਣ ਦੀ ਰਵਾਇਤ ਤਹਿਤ ਇਹ ਸੁਭਾਗ ਮੈਨੂੰ ਪ੍ਰਾਪਤ ਹੋਇਆ। ਦਰਸ਼ਨ ਰਾਮ ਅਤੇ ਗੁਰਦਾਸ ਮੱਲ ਮੇਰੇ ਛੋਟੇ ਭਾਈ ਅਤੇ ਸੱਤ ਭੈਣਾਂ, ਤਿੰਨ ਭੂਆ ਅਤੇ ਤਿੰਨ ਮਾਸੀਆਂ ਰਾਧਾ, ਗੁਰਦਈ ਅਤੇ ਰਾਮ ਪਿਆਰੀ ਜੋ ਇਸੀ ਪਿੰਡ ਵਿਆਹੀਆਂ ਸਨ। ਸਕੇ ਮਾਮਾ ਜੀ ਗੁਰਦਿੱਤਾ, ਨਾਨਾ ਜੀ ਜਮੀਤੇ ਸ਼ਾਹ ਦਾ ਵੱਡਾ ਪਰਿਵਾਰ ਸੀ, ਸਾਡਾ। ਇਹ ਪਿੰਡ ਮੇਰੇ ਸ਼ਰੀਕੇ ’ਚੋਂ ਲੱਗਦੇ ਨਾਨਾ ਜੀ ਸ.ਦੇਵਾ ਸਿੰਘ ਮਲਹੋਤਰਾ ਹੋਰਾਂ ਬੰਨ੍ਹਿਆਂ, ਜੋ ਗੁਰਦੁਆਰਾ ਬਾਲ ਲੀਲ੍ਹਾ-ਨਨਕਾਣਾ ਸਾਹਿਬ ਦੇ ਪੱਟੀਦਾਰ ਸਨ। ਇਨ੍ਹਾਂ ਦਾ ਅੱਗੇ ਬੇਟਾ ਗੁਰਬਖਸ਼ ਸਿੰਘ ਹੋਇਆ।

ਅੰਨਿਆਂ ਦਾ ਵਾੜਾ ਦਾ ਨਾਮ ਅਸਲ, ਗੁਰੂ ਨਾਨਕ ਕੋਟ ਸੀ ਪਰ ਇਸ ਪਿੰਡ ਨੂੰ ਬੰਨ੍ਹਣ ਵਾਲਾ ਦੇਵਾ ਸਿੰਘ ਸਰਦਾਰ ਕਿਉਂ ਜੋ ਅੰਨ੍ਹਾ ਸੀ, ਇਸ ਕਰਕੇ ਪਿੰਡ ਅੰਨ੍ਹਿਆਂ ਦਾ ਬਾੜ੍ਹਾ ਵਜੋਂ ਮਸ਼ਹੂਰ ਹੋਇਆ। ਇਹੀ ਨਾਮ ਮਾਲ ਰੀਕਾਰਡ ’ਚ ਦਰਜ ਹੈ। ਦੇਵਾ ਸਿੰਘ ਨੇ ਬਾ-ਲਿਹਾਜ਼ ਰਿਸ਼ਤੇਦਾਰੀ, ਆਪਣੇ ਰਿਸ਼ਤੇਦਾਰਾਂ ਨੂੰ ਇਥੇ ਆਬਾਦ ਕੀਤਾ। ਗਾਬਿਆਂ ਦਾ ਬਾੜ੍ਹਾ ਅਤੇ ਨਰੈਣ ਸਿੰਘ ਦਾ ਬਾੜ੍ਹਾ ਸਾਡੇ ਗੁਆਂਢੀ ਪਿੰਡ ਹੁੰਦੇ। ਨਨਕਾਣਾ ਸਾਹਿਬ ਨੂੰ ਜਾਂਦਿਆਂ ਰਸਤੇ ’ਚ ਨਹਿਰੀ ਡਾਕ ਬੰਗਲਾ, ਨਹਿਰੀ ਅੰਗਰੇਜ਼ ਅਫ਼ਸਰ ਮੱਲਨ ਸਾਬ ਦਾ ਡਾਕ ਬੰਗਲਾ ਵੱਜਦਾ। ਪਿੰਡ ਦੇ ਚੌਧਰੀਆਂ 'ਚ ਮਾਮਾ ਗੁਰਬਖਸ਼ ਸਿੰਘ ਮੋਹਰੀ ਹੁੰਦਾ। ਲੜਾਈ ਝਗੜਿਆਂ ਦਾ ਫ਼ੈਸਲਾ ਉਹੀ ਕਰਦੇ। ਪਿੰਡ ’ਚ ਦੋ ਖ਼ੂਹ ਸ.ਦੇਵਾ ਸਿੰਘ ਹੋਰਾਂ ਲਗਵਾਏ ਪਰ ਚਲਦਾ ਅਕਸਰ ਇਕ ਹੀ ਸੀ। ਫ਼ਕੀਰੀਆ ਮਹਿਰਾ ਅਤੇ ਉਸ ਦੇ ਘਰੋਂ ਜਵਾਲੀ ਘਰਾਂ ਖੇਤਾਂ ’ਚ ਪਾਣੀ ਢੋਣ ਦਾ ਕੰਮ ਕਰਦੇ। ਇਕ ਨਹਿਰ ਪਿੰਡ ਦੇ ਬਾਹਰ ਬਾਰੋਂ ਲੰਘਦੀ, ਜੋ ਪਿੰਡ ਦੀ ਜ਼ਮੀਨ ਨੂੰ ਸੈਰਾਬ ਕਰਦੀ। ਜ਼ਮੀਨ ਕੱਲਰ ਮਾਰੀ ਹੋਣ ਕਰਕੇ ਕਿਸਾਨ ਤਬਕੇ ਦੀ ਆਰਥਿਕਤਾ ਕੋਈ ਬਹੁਤੀ ਚੰਗੀ ਨਹੀਂ ਸੀ। ਮੇਰੇ ਪਿਤਾ ਜੀ ਪਿੰਡ ਵਿੱਚ ਹੱਟੀ ਕਰਦੇ, ਇਕ ਹੱਟੀ ਮੂਲਾ ਰਾਮ ਦੀ ਵੀ ਹੁੰਦੀ। ਮੇਲਾ ਸਿੰਘ ਦਰਜ਼ੀ ਦੀ ਦੁਕਾਨ ਕਰਦਾ। ਗੁਲਾਬ ਸਿੰਘ ਕੰਬੋਜ, ਕਾਲੜੇ ਗੋਤ ਦੇ ਇੰਦਰ ਸਿੰਘ, ਰੰਗਾ ਸਿੰਘ, ਗੰਗਾ ਸਿੰਘ ਅਤੇ ਅਰਜਣ ਸਿੰਘ ਪੁਤਰਾਨ ਚੇਤ ਰਾਮ ਮੇਰੇ ਚੇਤਿਆਂ 'ਚ ਨੇ।

ਪਿੰਡ ਵਿੱਚ ਮੇਰੇ ਬਚਪਨ ਦੇ ਦੋਸਤਾਂ ’ਚ ਮਾਮਾ ਜੀ ਦਾ ਬੇਟਾ ਚਰਨ ਦਾਸ ਕਪੂਰ ਹੁੰਦਾ। ਦੂਜੇ ਮੁਸਲਿਮ ਭਾਈਚਾਰੇ ’ਚੋਂ ਖੁਸ਼ੀਆਂ ਅਤੇ ਗਾਮੀ ਤੇਲੀ, ਸ਼ਰੀਫ਼ ਮੁਹੰਮਦ ਅਤੇ ਲਤੀਫ਼ ਮੁਹੰਮਦ, ਜਿਨ੍ਹਾਂ ਦਾ ਅੱਬਾ ਫ਼ਜ਼ਲ ਮੁਹੰਮਦ ਪਿੰਡ ਵਿੱਚ ਲੁਹਾਰਾ ਤਰਖਾਣਾਂ ਕੰਮ ਕਰਦਾ। ਸਕੂਲ ਵਿੱਚ ਮਾਸਟਰ ਕੇਵਲ ਇਕ ਹੀ ਸੀ। ਉਹ ਹਿੰਦੂ ਜੈਂਟਲਮੈਨ ਗੁਆਂਢੀ ਪਿੰਡ ਨਰੈਣ ਸਿੰਘ ਦੇ ਬਾੜੇ ਤੋਂ ਅਕਸਰ ਲੇਟ ਹੀ ਆਉਂਦਾ। ਚੌਥੀ ਪਾਸ ਕਰਕੇ ਮੈਂ ਨਨਕਾਣਾ ਸਾਬ, ਪੰਜਵੀਂ ਜਮਾਤ ਵਿੱਚ ਜਾ ਦਾਖ਼ਲ ਹੋਇਆ। ਨਨਕਾਣਾ ਸਾਬ ਸਕੂਲ ਵਿੱਚ ਤਦੋਂ ਸਰਦਾਰ ਆਤਮਾ ਸਿੰਘ ਸੁਲਤਾਨਪੁਰ ਲੋਧੀ, ਜੋ ਇਧਰ ਬਾਦਲ ਸਰਕਾਰ ਵਿਚ ਮੰਤਰੀ ਵੀ ਰਹੇ, ਸੁਪਰਡੈਂਟ ਅਤੇ ਹੋਸਟਲ ਇੰਚਾਰਜ ਹੁੰਦੇ। ਆਰਜ਼ੀ ਰਿਹਾਇਸ਼ ਬਜ਼ੁਰਗਾਂ ਬਦਲ ਕੇ ਨਨਕਾਣਾ ਸਾਬ, ਗੁਰਦੁਆਰਾ ਛੇਵੀਂ ਪਾਤਿਸ਼ਾਹੀ ਸਾਹਮਣੇ ਲੈ ਆਂਦੀ। ਘਰੇਲੂ ਹਾਲਾਤ ’ਤੇ ਚੱਲਦਿਆਂ ਮੈਂ ਪੰਜਵੀਂ ’ਚੋਂ ਪੜ੍ਹਾਈ ਛੱਡ ਕੇ ਉਥੇ ਹੀ ਰਾਮ ਚੰਦ, ਚਮਨ ਲਾਲ ਦੀ ਹੱਟੀ ’ਤੇ ਕੁਝ ਮਹੀਨੇ ਨੌਕਰੀ ਕੀਤੀ। ਉਪਰੰਤ ਹਰੀ ਸਿੰਘ, ਬਲਵੰਤ ਸਿੰਘ ਦੇ ਸ਼ੋਰੇ ਦੇ ਕਾਰਖ਼ਾਨੇ ਵਿੱਚ ਨੌਕਰੀ ਕੀਤੀ। ਫਿਰ ਆਪ ਜ਼ਮੀਨ ਠੇਕੇ ’ਤੇ ਲੈ ਕੇ ਉਸੀ ਕਾਰਖਾਨੇ ਵਿੱਚ ਸ਼ੋਰਾ ਸਪਲਾਈ ਕਰਨ ਲੱਗਾ। ਮੇਰੀ ਸ਼ਾਦੀ 1946 ’ਚ ਸ਼ੇਖੂਪੁਰਾ ਦੀ ਸੁਰਿੰਦਰ ਕੌਰ ਪੁੱਤਰੀ ਖ਼ੁਸ਼ਹਾਲ ਸਿੰਘ ਨਾਲ ਹੋਈ। ਅਸੀਂ ਰੌਲਿਆਂ ਤੱਕ ਨਨਕਾਣਾ ਸਾਬ ਹੀ ਰਹੇ। 

ਪਿੰਡ ਵੀ, ਜਦ ਰੌਲਿਆਂ 'ਚ ਮਾਰ-ਮਰੱਈਆ ਸ਼ੁਰੂ ਹੋਇਆ ਤਾਂ ਇਹ ਤਸਦੀਕ ਹੋ ਗਿਆ ਕਿ ਹੁਣ ਉਠਣਾ ਹੀ ਪੈਣੈ। ਪਿੰਡ ਭਲੇ ਸਾਰਾ ਸਿੱਖਾਂ ਦਾ ਹੀ ਸੀ ਪਰ ਨਾ ਤਾਂ ਕੋਈ ਅਸਲਾ ਸੀ ਨਾ ਹੀ ਕੋਈ ਏਡੇ ਧਾਕੜ ਬੰਦੇ। ਦੈਵਨੇਤ ਪਿੰਡ ’ਤੇ ਕੋਈ ਹਮਲਾ ਨਾ ਹੋਇਆ। ਬਰਸਾਤ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਹੀ ਪਿੰਡ ਵਾਲੇ ਉਠ ਖੜ੍ਹੇ। ਅੱਗੜ ਪਿੱਛੜ 3-4 ਟਰੱਕ ਆਏ। ਬਜ਼ੁਰਗ ਜਨਾਨੀਆਂ ਬੱਚੇ ਬਹੁਤੇ ਉਨ੍ਹਾਂ ’ਚ ਹੀ ਸਵਾਰ ਹੋ ਕੇ ਅੰਬਰਸਰ ਪਹੁੰਚ ਗਏ ਅਤੇ ਕਈ ਗੱਡੇ ਲੈ ਨਨਕਾਣਾ ਸਾਬ ਰਫਿਊਜ਼ੀ ਕੈਂਪ ਵਿੱਚ ਆ ਗਏ। ਮੇਰਾ ਸਾਰਾ ਪਰਿਵਾਰ ਵੀ ਨਨਕਾਣਾ ਸਾਹਿਬ ਤੋਂ ਫ਼ੌਜੀ ਟਰੱਕ ਵਿੱਚ ਚਲੇ ਗਿਆ।

ਮੈਂ ਕਿਸੇ ਜਿੰਮੀਦਾਰ ਦਾ ਛੱਡਿਆ ਗੱਡਾ ਅਤੇ ਬਲਦ ਜੋੜ ਲਏ। ਕੀਮਤੀ ਸਮਾਨ ਅਤੇ ਰਸਤੇ ਦੀ ਰਸਦ ਵੀ ਲੱਦ ਲਈ। ਗੁਰਦੁਆਰਾ ਛਾਉਣੀ ਨਿਹੰਗਾਂ ਤੋਂ ਕੁੱਝ ਨਿਹੰਗ ਸਿੰਘ ਵੀ ਨਾਲ ਆ ਰਲ਼ੇ। ਕੁੱਝ ਦਿਨ ਦੇ ਠਹਿਰਾ ਤੋਂ ਬਾਅਦ ਕਾਫ਼ਲਾ ਫਿਰੋਜ਼ਪੁਰ ਦੀ ਤਰਫ਼ ਜਿਓਂ ਚੱਲਿਆ ਤਾਂ ਨਨਕਾਣਾ ਸਾਬ ਦੀ ਜੂਹ ਤੋਂ ਬਾਹਰ ਹਥਿਆਰ ਬੰਦ ਧਾੜਵੀਆਂ ਨੇ ਕਾਫ਼ਲੇ ਦੇ ਪਿੱਛੇ ਰਹਿ ਗਏ ਕੁੱਝ ਗੱਡਿਆਂ ਨੂੰ ਲੁੱਟ ਲਿਆ। ਗੱਡੇ ’ਤੇ ਬਲਦ ਵੀ ਖੋਹ ਲਏ। ਫਿਰ ਉਵੇਂ ਤੁਰੇ ਆਏ। ਕਈ ਥਾਈਂ ਪਿੰਡਾਂ ’ਚੋਂ ਧੂੰਆਂ ਉਠਦਾ ਅਤੇ ਖ਼ਤਾਨਾਂ/ਫ਼ਸਲਾਂ 'ਚ ਬਹੂ ਬੇਟੀਆਂ ਦੀਆਂ ਅੱਧ ਨੰਗੀਆਂ, ਕੱਟੀਆਂ ਵੱਢੀਆਂ ਵਿੱਖਰੀਆਂ ਲਾਸ਼ਾਂ ਵੇਖੀਆਂ। ਕਈ ਥਾਈਂ ਮੁਟਿਆਰਾਂ ਨੂੰ ਉਧਾਲਣ ਅਤੇ ਨੰਗਿਆਂ ਕਰਕੇ ਬਜ਼ਾਰਾਂ ਵਿੱਚ ਜਲੂਸ ਕੱਢਣ ਦੀਆਂ ਹਿਰਦੇ ਵੇਦਕ ਕਹਾਣੀਆਂ ਵੀ ਸੂਣਨ ਨੂੰ ਮਿਲੀਆਂ। ਚੜ੍ਹਦੇ ਪੰਜਾਬ ਵੰਨੀਓਂ ਵੀ ਮੁਸਲਿਮ ਭਾਈਚਾਰੇ ਦੇ ਕਾਫ਼ਲੇ ਬਾਰ ਵੱਲ ਵੱਧਦੇ ਦੇਖੇ।  ਭੁੱਖ ਤੇਹ ਅਤੇ ਕਸ਼ਟ ਝਾਗਦੇ ਹੋਏ ਕੋਈ 9ਵੇਂ ਦਿਨ ਫਿਰੋਜ਼ਪੁਰ ਆਣ ਪਹੁੰਚੇ। ਇਥੇ ਇਕ ਰਾਤ ਜਾਣੂੰ ਕਿਤਾਬ ਵਿਕਰੇਤਾ ਦੇ ਘਰ ਰਹੇ। ਇਥੋਂ ਤੁਰ ਕੇ ਅੰਬਰਸਰ ਗਏ। ਰੇਲਵੇ 'ਟੇਸ਼ਣ ਦੇ ਆਸ ਪਾਸ ਕਤਲੇਆਮ ਦੀ ਤਬਾਹੀ ਦੇ ਭਿਆਨਕ ਦ੍ਰਿਸ਼ ਦੇਖੇ।

ਇਥੇ ਕੁੱਝ ਦਿਨ ਗੰਨੇ ਦੀਆਂ ਗਨੇਰੀਆਂ ਵੇਚੀਆਂ। ਇਥੇ ਮੈਨੂੰ ਇਤਲਾਹ ਹੋਈ ਕਿ ਮੇਰਾ ਸਾਰਾ ਪਰਿਵਾਰ ਹੀ ਸਹੀ ਸਲਾਮਤ ਕਰਨਾਲ ਪਹੁੰਚ ਗਿਆ ਐ। ਮੈਂ ਵੀ ਗੱਡੀ ਚੜ੍ਹ ਉਨ੍ਹਾਂ ਪਾਸ ਪਿੰਡ ਨੰਗਲ ਸਾਧਾਂ ਜਾ ਪਹੁੰਚਾ। ਚਾਰ ਮਹੀਨੇ ਬਾਅਦ, ਵਿੱਛੜੇ ਪਰਿਵਾਰ ਨਾਲ ਮੇਰਾ ਮੁੜ ਮੇਲ ਹੋਇਆ। ਉਥੇ ਮੁਸਲਮਾਨ ਜ਼ਿਮੀਂਦਾਰਾਂ ਵਲੋਂ ਛੱਡੇ ਗੱਡੇ ਬਲਦ ਅਤੇ ਹਰੇ ਭਰੇ ਕਮਾਦ ’ਤੇ ਜਾ ਕਬਜ਼ਾ ਕੀਤਾ। ਜਗਾਧਰੀ ਖੰਡ ਮਿੱਲ ਵਿੱਚ ਪ੍ਰਤੀ ਗੱਡਾ 30 ਰੁਪਏ ਹਿਸਾਬ ਵੇਚ ਕੀਤੀ। ਕਮਾਦ ਮੁੱਕਿਆ ਤਾਂ ਅਸੀਂ ਵੀ ਵਿਹਲੇ ਹੋ ਗਏ। ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਦੇ ਨਜ਼ਦੀਕ ਮੋਹਣ ਲਾਲ ਰੋਡ ਤੇ ਮੇਰੀ ਮਾਸੀ ਦਾ ਬੇਟਾ ਖੰਨਾ ਬੁੱਕ ਡੀਪੂ ਦੇ ਨਾਮ ਪੁਰ ਕਿਤਾਬਾਂ ਦੀ ਦੁਕਾਨ ਕਰਦਾ ਸੀ। ਉਨ੍ਹਾਂ ਲੁਧਿਆਣਾ ਆਕੇ, ਖੰਨਾ ਪਬਲੀਸ਼ਰ ਹੇਠ ਕਿਤਾਬਾਂ ਦਾ ਕਾਰੋਬਾਰ ਸ਼ੂਰੂ ਕੀਤਾ। ਉਨ੍ਹਾਂ ਮੈਨੂੰ ਸੱਦ ਭੇਜਿਆ ਕਿ 15 ਰੁ: ਮਹੀਨਾ ਤਨਖਾਹ ਤੇ ਖਾਣਾ, ਰਿਹਾਇਸ਼ ਮੁਫਤ ਦੇਵਾਂਗਾ। ਇਹੀ ਮਨਸ਼ਾ ਨਾਲ ਮੈਂ ਕਰਨਾਲ ਤੋਂ ਲੁਧਿਆਣਾ ਆ ਗਿਆ। ਮਾਮਾ ਗੁਰਬਖਸ਼ ਸਿੰਘ ਦੇ ਬੇਟੇ ਬਲਵੀਰ ਸਿੰਘ ਨੇ ਰੌਲਿਆਂ ਉਪਰੰਤ ਮਾਈ ਹੀਰਾਂ ਗੇਟ ਜਲੰਧਰ ਵਿਖੇ MBD (ਮਲਹੋਤਰਾ ਬੁੱਕ ਡੀਪੂ) ਦੇ ਨਾਮ ਤੇ ਕਿਤਾਬਾਂ ਦਾ ਕਾਰੋਬਾਰ ਸ਼ੁਰੂ ਕੀਤਾ।

ਉਨ੍ਹਾਂ ਸੱਦ ਭੇਜਿਆ ਕਿ 20ਰੁ: ਮਹੀਨਾ ਤੇ ਰਿਹਾਇਸ਼ ਫਰੀ ਦੇਵਾਂਗਾ। ਸੋ ਉਨ੍ਹਾਂ ਪਾਸ ਜਾ ਰਿਹਾ। ਫਿਰ ਉਨ੍ਹਾਂ ਨਾਲ ਪਾਰਟਨਰ ਸ਼ਿੱਪ ਕਰ ਲਈ। 3-4 ਸਾਲਾਂ ਬਾਅਦ ਮੈਂ MBD ਗਰੁੱਪ ਤੋਂ ਵੱਖ ਹੋ ਕੇ ਆਪਣਾ ਵੱਖਰਾ ਕਾਰੋਬਾਰ, ਰਾਸ਼ਟਰੀਆ ਪਬਲੀਸ਼ਰ ਹੇਠ ਸ਼ੁਰੂ ਕਰ ਲਿਆ। MBD ਗਰੁੱਪ ਤਾਂ ਕੁੱਲ ਦੁਨੀਆਂ ’ਚ ਮਸ਼ਹੂਰ ਹੋ ਗਿਆ ਪਰ ਮੇਰੇ ਪਬਲੀਕੇਸ਼ਨਜ਼ ਕਾਰੋਬਾਰ ਦੀ ਉਹ ਚੜ੍ਹਤ ਨਾ ਹੋ ਸਕੀ। ਇਸ ਵਕਤ ਆਪਣੇ ਪੁੱਤਰ ਹਰਜੀਤ ਸਿੰਘ ਦੇ ਬਾਲ ਪਰਿਵਾਰ ਨਾਲ ਸਾਵਣ ਮੁਹੱਲਾ-ਵਰਕਸ਼ਾਪ ਚੌਂਕ ਜਲੰਧਰ ਵਿੱਚ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। 2022 ਦੀ ਵਿਸਾਖੀ ਤੇ ਆਪਣੇ ਪੁੱਤਰ ਨਾਲ ਲਹਿੰਦੇ ਪੰਜਾਬ ਵਿਚਲੀ ਆਪਣੀ ਜੰਮਣ ਭੋਇੰ ਦੇਖਣ ਦੀ ਤਲਬ ਵੀ ਪੂਰੀ ਕਰ ਆਇਆ ਹਾਂ। ਅਫ਼ਸੋਸ ਕਿ ਵੰਡ ਸਮੇਂ ਕੁਰਸੀ ਦੇ ਲਾਲਸੀ ਨੇਤਾਵਾਂ ਅਤੇ ਸਿਰ ਫਿਰਿਆਂ ਦੇ ਮਜ਼੍ਹਬੀ ਜਨੂੰਨ ਨੇ ਪੰਜਾਬ ਵਿੱਚ ਕਤਲੇਆਮ ਅਤੇ ਤਬਾਹੀ ਦੀ ਅਜਿਹੀ ਹੋਲੀ ਖੇਡੀ ਕਿ ਪੰਜਾਬ ਸੈਂਕੜੇ ਕੋਹਾਂ ਪਿੱਛੇ ਪੈ ਗਿਆ।" 

PunjabKesari

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News