ਨਾਬਾਲਗ ਨੂੰ ਵਰਗਲਾ ਕੇ ਬਾਹਰ ਬੁਲਾਇਆ, ਨਸ਼ੀਲੀ ਕੋਲਡ ਡਰਿੰਕ ਪਿਲਾ ਟੱਪੀਆਂ ਹੱਦਾਂ

05/25/2024 6:17:53 PM

ਅਬੋਹਰ (ਸੁਨੀਲ) : ਉਪ-ਮੰਡਲ ਦੀ ਉਪ ਤਹਿਸੀਲ ਸੀਤੋ ਗੁੰਨੋਂ ਦੇ ਇਕ ਪਿੰਡ ਵਿਚ ਇਕ ਨਾਬਾਲਗ ਨੂੰ ਵਰਗਲਾ ਕੇ ਜਬਰ-ਜ਼ਿਨਾਹ ਕਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ, ਨਾਬਾਲਗ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ 15 ਸਾਲਾ ਪੀੜਤਾ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਰਹਿਣ ਵਾਲੀ ਇਕ ਮਹਿਲਾ ਦੇ ਘਰ ਵਿਚ ਮਲੋਟ ਵਾਸੀ ਉਸਦਾ ਭਰਾ ਆਉਂਦਾ ਜਾਂਦਾ ਸੀ ਜਿਸ ਨਾਲ ਉਸਦੀ ਕੁਝ ਦਿਨ ਪਹਿਲਾਂ ਜਾਣ ਪਛਾਣ ਹੋ ਗਈ ਅਤੇ ਉਕਤ ਨੌਜਵਾਨ ਨੇ ਉਸ ਨੂੰ ਵਰਗਲਾ ਕੇ ਆਪਣੇ ਜਾਲ ਵਿਚ ਫਸਾ ਲਿਆ।

ਪੀੜਤਾ ਨੇ ਦੱਸਿਆ ਕਿ ਬੀਤੇ ਦਿਨ ਮਲੋਟ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੇ ਦੋ ਦੋਸਤਾਂ ਨੂੰ ਪਿੰਡ ਭੇਜ ਕੇ ਉਸਨੂੰ ਮਲੋਟ ਬੁਲਾਇਆ। ਜਿੱਥੇ ਗਰਮੀ ਕਾਰਨ ਉਕਤ ਨੌਜਵਾਨ ਨੇ ਉਸ ਨੂੰ ਕੋਲਡ ਡਰਿੰਕ ’ਚ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਨੌਜਵਾਨ ਕੋਲ ਲੈ ਗਏ ਜਿਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਕਤ ਨੌਜਵਾਨ ਉਸ ਨੂੰ ਛੋਟੇ ਹਾਥੀ ’ਤੇ ਬਿਠਾ ਕੇ ਸ਼੍ਰੀਗੰਗਾਨਗਰ ਲੈ ਜਾ ਰਹੇ ਸੀ। ਉਸ ਨੇ ਕਥਿਤ ਦੋਸ਼ ਲਾਇਆ ਕਿ ਉਕਤ ਨੌਜਵਾਨ ਉਸ ਨੂੰ ਸ੍ਰੀਗੰਗਾਨਗਰ ਵਿਚ ਕਿਸੇ ਵਿਅਕਤੀ ਨੂੰ ਵੇਚਣਾ ਚਾਹੁੰਦਾ ਸੀ।

ਪੀੜਤਾ ਦੇ ਭਰਾ ਨੇ ਦੱਸਿਆ ਕਿ ਸ੍ਰੀਗੰਗਾਨਗਰ ਜੀ. ਆਰ. ਪੀ. ਪੁਲਸ ਨੇ ਉਨ੍ਹਾਂ ਨੂੰ ਉਸ ਦੀ ਭੈਣ ਦੇ ਉੱਥੇ ਮੌਜੂਦ ਹੋਣ ਦੀ ਸੂਚਨਾ ਦਿੱਤੀ। ਜਿਸ ’ਤੇ ਉਹ ਉਸ ਨੂੰ ਸ੍ਰੀਗੰਗਾਨਗਰ ਤੋਂ ਅਬੋਹਰ ਲੈ ਕੇ ਆਏ ਅਤੇ ਮੈਡੀਕਲ ਲਈ ਹਸਪਤਾਲ ਵਿਚ ਦਾਖਲ ਕਰਵਾਇਆ। ਡਾਕਟਰਾਂ ਨੇ ਇਸਦੀ ਰਿਪੋਰਟ ਤਿਆਰ ਕਰਕੇ ਥਾਣਾ ਬਹਾਵਵਾਲਾ ਪੁਲਸ ਨੂੰ ਭੇਜ ਦਿੱਤੀ ਹੈ। ਇਸ ਸਬੰਧੀ ਥਾਣਾ ਇੰਚਾਰਜ ਜਸਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਭਗਵਾਨ ਸਿੰਘ ਕਰਨਗੇ, ਜੋ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਪੀਡ਼ਤਾ ਦੇ ਬਿਆਨ ਦਰਜ ਕਰਨਗੇ, ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News