ਡੇਰੇ ਨੇੜਿਓ ਬੇਸੁੱਧ ਹਾਲਤ ’ਚ ਮਿਲੇ ਨੌਜਵਾਨ ਦੀ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

Saturday, May 17, 2025 - 05:37 PM (IST)

ਡੇਰੇ ਨੇੜਿਓ ਬੇਸੁੱਧ ਹਾਲਤ ’ਚ ਮਿਲੇ ਨੌਜਵਾਨ ਦੀ ਮੌਤ, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੀ ਬਖੋਪੀਰ ਰੋਡ ਤੋਂ ਲੰਘੀ 15 ਮਈ ਨੂੰ ਲਾਪਤਾ ਹੋਇਆ ਇਕ ਨੌਜਵਾਨ ਬੀਤੇ ਦਿਨ ਬੇਸੁੱਧ ਹਾਲਤ ’ਚ ਇਕ ਡੇਰੇ ਨੇੜਿਓ ਮਿਲਿਆ ਅਤੇ ਦੇਰ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਇਕ ਹੋਰ ਨੌਜਵਾਨ ਨੂੰ ਉਸ ਦੀ ਮੌਤ ਦਾ ਜ਼ਿੰਮੇਵਾਰ ਮੰਨਦੇ ਹੋਏ ਉਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਨੌਜਵਾਨ ਅਨਮੋਲ ਸਿੰਘ ਉਮਰ 22 ਸਾਲ ਦੇ ਪਿਤਾ ਤਰਸੇਮ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਬਖੋਪੀਰ ਰੋਡ ਭਵਾਨੀਗੜ੍ਹ ਨੇ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪੁੱਤਰ ਅਨਮੋਲ ਸਿੰਘ ਜੋ ਕਿ ਨਾਭਾ ਵਿਖੇ ਕਿਸੇ ਫੈਕਟਰੀ ’ਚ ਕੰਮ ਕਰਦਾ ਹੈ ਤੇ ਉਹ ਲੰਘੀ 15 ਮਈ ਨੂੰ ਆਪਣੇ ਕੰਮ 'ਤੇ ਨਹੀਂ ਗਿਆ ਤੇ ਉਹ ਉਨ੍ਹਾਂ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਬਜ਼ਾਰ ਜਾ ਰਿਹਾ ਹੈ ਪਰ ਜਦੋਂ ਦੇਰ ਸ਼ਾਮ ਤੱਕ ਉਸ ਦਾ ਪੁੱਤਰ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਵੱਲੋਂ ਆਪਣੇ ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਉਨ੍ਹਾਂ ਨੂੰ ਨਹੀਂ ਮਿਲਿਆ। 

ਉਨ੍ਹਾਂ ਦੱਸਿਆ ਕਿ ਅਗਲੇ ਦਿਨ 16 ਮਈ ਨੂੰ ਉਨ੍ਹਾਂ ਨੂੰ ਕਿਸੇ ਵੱਲੋਂ ਇਹ ਦੱਸਿਆ ਕਿ ਅਨਮੋਲ ਸਿੰਘ ਦਾ ਡੇਰਾ ਬਾਬਾ ਸਤਕੁਲਾ ਨੇੜੇ ਕਥਿਤ ਤੌਰ ’ਤੇ ਗਗਨਦੀਪ ਸਿੰਘ ਨਾਲ ਲੜਾਈ ਝਗੜਾ ਹੋਇਆ ਹੈ ਤਾਂ ਇਸ ਦਾ ਪਤਾ ਚੱਲਦਿਆਂ ਹੀ ਉਹ ਆਪਣੇ ਪੁੱਤਰ ਦੀ ਤਲਾਸ਼ ਲਈ ਜਦੋਂ ਡੇਰਾ ਬਾਬਾ ਸਤਕੁਲਾ ਨੇੜੇ ਪਹੁੰਚੇ ਤਾਂ ਇਥੇ ਉਨ੍ਹਾਂ ਨੂੰ ਅਨਮੋਲ ਸਿੰਘ ਘਾਹ ’ਚ ਬੇਸੁੱਧ ਹਾਲਤ ’ਚ ਪਿਆ ਮਿਲਿਆ ਜਿਸ ਦੇ ਸੱਟਾਂ ਵੀ ਲੱਗੀਆਂ ਹੋਈਆਂ ਸਨ। ਉਹ ਤੁਰੰਤ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲੈ ਗਏ। ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਜਿਥੇ ਰਾਤ ਨੂੰ ਉਹ ਦਮ ਤੋੜ ਦਿੱਤਾ। ਮ੍ਰਿਤਕ ਅਨਮੋਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਦੀ ਮੌਤ ਗਗਨਦੀਪ ਸਿੰਘ ਵੱਲੋਂ ਉਸ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨ ਕਾਰਨ ਹੋਈ ਹੈ। ਪੁਲਸ ਨੇ ਤਰਸੇਮ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਗਗਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬਖੋਪੀਰ ਰੋਡ ਭਵਾਨੀਗੜ੍ਹ ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸ਼ਟਮਾਰਟ ਲਈ ਭੇਜ ਦਿੱਤਾ।


author

Gurminder Singh

Content Editor

Related News