ਡਾਕਟਰਾਂ ਵਲੋਂ ਚਿਤਾਵਨੀ : ਜਦੋਂ ਤਕ ਲਿਖਤੀ ’ਚ ਨਹੀਂ ਮਿਲਦਾ, ਜਾਰੀ ਰਹੇਗੀ 130 ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ
Wednesday, Sep 13, 2023 - 05:24 PM (IST)

ਚੰਡੀਗੜ੍ਹ (ਪਾਲ) : ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ’ਚ 130 ਪੀ. ਜੀ. ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਮੰਗਾਂ ਨਾ ਮੰਨਣ ’ਤੇ ਹੜਤਾਲ ਕਰ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉੱਥੇ ਹੀ ਹੜਤਾਲ ਦਾ ਹਸਪਤਾਲ ਦੇ ਕੰਮਕਾਜ ’ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਓ. ਪੀ. ਡੀ. ’ਚ 2500 ਤਕ ਮਰੀਜ਼ ਆਉਂਦੇ ਹਨ ਪਰ ਹੜਤਾਲ ਦੇ ਬਾਵਜੂਦ 2600 ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਇਹ ਗਿਣਤੀ ਹੋਰ ਦਿਨਾਂ ਦੇ ਮੁਕਾਬਲੇ ਵੱਧ ਹੈ। ਰੈਜ਼ੀਡੈਂਟ ਡਾਕਟਰਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਓ. ਪੀ. ਡੀ. ਸੇਵਾ ਅਤੇ ਦੂਜੇ ਵਾਰਡ ’ਚ ਉਹ ਡਿਊਟੀ ਨਹੀਂ ਦੇਣਗੇ। ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸਨੂੰ ਵੇਖਦੇ ਹੋਏ ਐਮਰਜੈਂਸੀ ਸੇਵਾ ਜਾਰੀ ਰਹੀ। ਐਮਰਜੈਂਸੀ ਵਿਚ 110 ਡਾਕਟਰਾਂ ਨੇ ਡਿਊਟੀ ਦਿੱਤੀ। ਵੱਖ-ਵੱਖ ਵਿਭਾਗਾਂ ਦੇ 250 ਪੀ. ਜੀ. ਜੂਨੀਅਰ ਰੈਜ਼ੀਡੈਂਟ ਇਹੋ ਜਿਹੇ ਹਨ, ਜਿਨ੍ਹਾਂ ਨੂੰ ਪੰਜਾਬ ਅਤੇ ਕੇਂਦਰੀ ਤਨਖਾਹ ਕਮਿਸ਼ਨ ਨਹੀਂ ਮਿਲ ਰਿਹਾ ਹੈ। ਜਦੋਂ ਕਿ ਪੀ. ਜੀ. ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੂੰ ਛੱਡ ਕੇ ਸੀਨੀਅਰ ਰੈਜ਼ੀਡੈਂਟ, ਨਰਸਿੰਗ ਅਫ਼ਸਰਜ਼, ਗੈਰ-ਪੀ. ਜੀ. ਜੂਨੀਅਰ ਰੈਜ਼ੀਡੈਂਟ ਅਤੇ ਹੋਰ ਕਰਮਚਾਰੀ ਕੇਂਦਰੀ ਤਨਖਾਹ ਯੋਜਨਾ ’ਚ ਸ਼ਾਮਲ ਹਨ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾ. ਉਮੰਗ ਗਾਬਾ ਦਾ ਕਹਿਣਾ ਹੈ ਕਿ ਹੜਤਾਲ ਸਿਰਫ਼ ਉਸ ਚੀਜ਼ ਦੀ ਮੰਗ ਕਰਨ ਲਈ ਹੈ, ਜੋ ਉਨ੍ਹਾਂ ਦਾ ਹੱਕ ਹੈ। ਜਦੋਂ ਤਕ ਅਧਿਕਾਰੀਆਂ ਵਲੋਂ ਲਿਖਤੀ ’ਚ ਭਰੋਸਾ ਨਹੀਂ ਮਿਲਦਾ, ਉਹ ਹੜਤਾਲ ਵਾਪਸ ਨਹੀਂ ਲੈਣਗੇ। ਹੜਤਾਲ ਹੋਣ ਕਾਰਨ ਮੰਗਲਵਾਰ ਵੱਖ-ਵੱਖ ਵਿਭਾਗਾਂ ਦੀ ਓ. ਪੀ. ਡੀ. ’ਚ ਮਰੀਜ਼ਾਂ ਦੀ ਗਿਣਤੀ (2600) ਨੂੰ ਦੇਖਣ ਲਈ ਹਸਪਤਾਲ ਵਲੋਂ ਸੀਨੀਅਰ ਰੈਜ਼ੀਡੈਂਟ ਅਤੇ ਕੰਸਲਟੈਂਟ ਨੇ ਡਿਊਟੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਹਿਲੇ 18 ਮਹੀਨਿਆਂ ’ਚ 36,097 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ : ਮੁੱਖ ਮੰਤਰੀ
ਡਾਇਰੈਕਟਰ ਪ੍ਰਿੰਸੀਪਲ ਨੇ ਕੀਤੀ ਸੀ ਮੁਲਾਕਾਤ
ਫਾਰੈਂਸਿਕ ਮੈਡੀਸਿਨ ਵਿਭਾਗ ਦੇ ਡਾ. ਸੰਚਿਤ ਨਾਰੰਗ ਦਾ ਕਹਿਣਾ ਹੈ ਕਿ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਸੁਪਰਡੈਂਟ ਨੇ ਸਵੇਰੇ ਮੁਲਾਕਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਮੰਗਾਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ ਪਰ ਜਦੋਂ ਤਕ ਲਿਖਤੀ ਭਰੋਸਾ ਨਹੀਂ ਮਿਲਦਾ, ਹੜਤਾਲ ਜਾਰੀ ਰੱਖਾਂਗੇ।
ਅਜੇ ਤਕ ਸਮੱਸਿਆ ਦਾ ਹੱਲ ਨਹੀਂ
ਡਾ. ਨਾਰੰਗ ਦਾ ਕਹਿਣਾ ਹੈ ਕਿ 22 ਅਪ੍ਰੈਲ ਨੂੰ ਸਰਕਾਰ ਨੇ ਨਿਰਦੇਸ਼ ਦਿੱਤਾ ਸੀ ਕਿ ਯੂ. ਟੀ. ’ਚ ਕੇਂਦਰੀ ਤਨਖ਼ਾਹ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਪੀ. ਜੀ. ਜੂਨੀਅਰ ਰੈਜ਼ੀਡੈਂਟਸ ਤੋਂ ਇਲਾਵਾ ਹਸਪਤਾਲ ਦੇ ਦੂਜੇ ਸਾਰੇ ਕਰਮਚਾਰੀਆਂ ਨੂੰ ਤਨਖਾਹ ਵਾਧੇ ਦਾ ਨੋਟੀਫਿਕੇਸ਼ਨ ਮਿਲ ਗਿਆ ਹੈ। ਅਸੀਂ ਓ. ਪੀ. ਡੀ., ਵਾਰਡ, ਆਪ੍ਰੇਸ਼ਨ ਥਿਏਟਰ ਅਤੇ ਦੂਜੀਆਂ ਥਾਂਵਾਂ ’ਚ ਤਾਇਨਾਤ ਹਾਂ। ਸਾਡੀ ਮੰਗ ਜਾਇਜ਼ ਹੈ ਅਤੇ ਲਿਖਤੀ ਭਰੋਸਾ ਮਿਲਣਾ ਚਾਹੀਦਾ ਹੈ ਕਿ ਉਹ ਜਲਦੀ ਲਾਗੂ ਕੀਤੀ ਜਾਵੇਗੀ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰ. ਡੀ. ਏ.) ਦੇ ਮੈਂਬਰਾਂ ਨੇ ਚੰਡੀਗੜ੍ਹ ਦੇ ਸਿਹਤ ਸਕੱਤਰ ਅਤੇ ਹਸਪਤਾਲ ਮੈਨੇਜਮੈਂਟ ਨਾਲ ਕਈ ਬੈਠਕਾਂ ਕੀਤੀਆਂ ਹਨ ਪਰ ਅਜੇ ਤਕ ਹੱਲ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ‘ਆਪ’ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8