ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਅੱਗੇ ਆਏ ਪਿੰਡ ਵਾਸੀ, ਪਤੰਗਾਂ ਨੂੰ ਲਾਈ ਅੱਗ

Saturday, Jan 03, 2026 - 08:56 PM (IST)

ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਅੱਗੇ ਆਏ ਪਿੰਡ ਵਾਸੀ, ਪਤੰਗਾਂ ਨੂੰ ਲਾਈ ਅੱਗ

ਸ਼ੇਰਪੁਰ/ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਪਤੰਗਾਂ ਅਤੇ ਖ਼ਤਰਨਾਕ ਚਾਈਨਾ ਡੋਰ ਕਾਰਨ ਹੋਣ ਵਾਲੇ ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਪਿੰਡ ਘਨੌਰੀ ਕਲਾਂ ਦੇ ਨੌਜਵਾਨਾਂ ਅਤੇ ਪਤਵੰਤਿਆਂ ਨੇ ਇੱਕ ਮਿਸਾਲੀ ਕਦਮ ਚੁੱਕਿਆ ਹੈ। ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਆਮ ਲੋਕਾਂ ਵਿੱਚ ਕਾਫੀ ਸ਼ਲਾਘਾ ਹੋ ਰਹੀ ਹੈ।

ਦੁਕਾਨਾਂ ਤੋਂ ਪਤੰਗ ਖਰੀਦ ਕੇ ਚਾਰ ਥਾਵਾਂ 'ਤੇ ਫੂਕੇ

ਬਲਾਕ ਸ਼ੇਰਪੁਰ ਅਧੀਨ ਪੈਂਦੇ ਇਸ ਪਿੰਡ ਵਿੱਚ 3 ਜਨਵਰੀ ਨੂੰ ਨੌਜਵਾਨਾਂ ਅਤੇ ਪਿੰਡ ਦੇ ਆਗੂਆਂ ਨੇ ਇਕੱਠੇ ਹੋ ਕੇ ਵੱਖ-ਵੱਖ ਦੁਕਾਨਾਂ ਤੋਂ ਪਤੰਗਾਂ ਅਤੇ ਪਾਬੰਦੀਸ਼ੁਦਾ ਡੋਰ ਦੀ ਖਰੀਦ ਕੀਤੀ। ਇਸ ਤੋਂ ਬਾਅਦ, ਇਨ੍ਹਾਂ ਪਤੰਗਾਂ ਅਤੇ ਡੋਰਾਂ ਨੂੰ ਪਿੰਡ ਦੀਆਂ ਚਾਰ ਵੱਖ-ਵੱਖ ਥਾਵਾਂ 'ਤੇ ਇਕੱਠਾ ਕਰਕੇ ਅੱਗ ਲਗਾ ਦਿੱਤੀ ਗਈ। ਇਸ ਮੁਹਿੰਮ ਵਿੱਚ ਗੁਰਮੇਲ ਸਿੰਘ ਘਨੌਰੀ (ਸਾਬਕਾ ਸੰਮਤੀ ਮੈਂਬਰ), ਇੰਦਰਜੀਤ ਸਿੰਘ (ਸਾਬਕਾ ਚੇਅਰਮੈਨ), ਬਚਿੱਤਰ ਸਿੰਘ (ਪ੍ਰਧਾਨ ਬਾਬਾ ਜੋਗੀ ਪੀਰ ਪ੍ਰਬੰਧਕ ਕਮੇਟੀ), ਜਗਦੇਵ ਸਿੰਘ ਚਹਿਲ ਅਤੇ ਡਾਕਟਰ ਜਗਜੀਤ ਸਿੰਘ ਸਮੇਤ ਕਈ ਪਤਵੰਤੇ ਸੱਜਣ ਸ਼ਾਮਲ ਸਨ।

ਹਾਦਸਿਆਂ ਨੂੰ ਰੋਕਣ ਲਈ ਲਿਆ ਫੈਸਲਾ

ਪਿੰਡ ਦੇ ਆਗੂਆਂ ਨੇ ਦੱਸਿਆ ਕਿ ਆਏ ਦਿਨ ਚਾਈਨਾ ਡੋਰ ਕਾਰਨ ਜਿੱਥੇ ਮਨੁੱਖੀ ਜਾਨਾਂ ਜੋਖ਼ਮ ਵਿੱਚ ਪੈਂਦੀਆਂ ਹਨ, ਉੱਥੇ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਪਸ਼ੂ-ਪੰਛੀ ਅਤੇ ਹੋਰ ਜਾਨਵਰ ਵੀ ਆਪਣੀ ਜਾਨ ਗਵਾ ਚੁੱਕੇ ਹਨ। ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਹੀ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਫੈਸਲਾ ਲਿਆ ਗਿਆ ਹੈ।

ਨਿਯਮ ਤੋੜਨ ਵਾਲੇ ਦੁਕਾਨਦਾਰਾਂ ਨੂੰ ਹੋਵੇਗਾ ਜੁਰਮਾਨਾ

ਇਸ ਮੌਕੇ ਪਿੰਡ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਕੋਈ ਵੀ ਦੁਕਾਨਦਾਰ ਪਤੰਗ ਜਾਂ ਪਾਬੰਦੀਸ਼ੁਦਾ ਡੋਰ ਨਹੀਂ ਵੇਚੇਗਾ। ਜੇਕਰ ਕੋਈ ਵੀ ਵਿਅਕਤੀ ਇਸ ਫੈਸਲੇ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਸਮੁੱਚੇ ਪਿੰਡ ਦੇ ਫੈਸਲੇ ਮੁਤਾਬਕ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮੌਕੇ ਪਰਮਜੀਤ ਸਿੰਘ ਬੁੱਗਰ, ਨੱਥਾ ਸਿੰਘ ਖਜਾਨਚੀ, ਕੁਲਦੀਪ ਸਿੰਘ ਗੋਰਾ (ਸਾਬਕਾ ਪੰਚ), ਅਤੇ ਸੁਖਪਾਲ ਸਿੰਘ (ਸਾਬਕਾ ਸਰਪੰਚ) ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।


author

Rakesh

Content Editor

Related News