ਵਿੱਕੀ ਮਿੱਢੂਖੇੜਾ ਕਤਲਕਾਂਡ ''ਚ ਗੁਗਨੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਪ੍ਰੋਡਕਸ਼ਨ ਵਾਰੰਟ ਜਾਰੀ

Monday, Jun 08, 2026 - 06:23 PM (IST)

ਵਿੱਕੀ ਮਿੱਢੂਖੇੜਾ ਕਤਲਕਾਂਡ ''ਚ ਗੁਗਨੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਪ੍ਰੋਡਕਸ਼ਨ ਵਾਰੰਟ ਜਾਰੀ

ਚੰਡੀਗੜ੍ਹ (ਜ. ਬ.): ਯੂਥ ਅਕਾਲੀ ਆਗੂ ਅਤੇ ਸੋਪੂ ਲਈ ਕੰਮ ਕਰਦੇ ਵਿਕਰਮਜੀਤ ਸਿੰਘ ਕੁਲਾਰ ਉਰਫ (ਵਿੱਕੀ ਮਿੱਢੂਖੇੜਾ) ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਮਾਮਲੇ 'ਚ ਮੋਹਾਲੀ ਪੁਲਸ ਵੱਲੋਂ ਧਰਮਿੰਦਰ ਗੁਗਨੀ ਖਿਲਾਫ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਚਾਰਜ਼ਸੀਟ ਦਾਖਲ ਕੀਤੀ ਗਈ ਹੈ। ਇਸ ਮਾਮਲੇ 'ਚ ਅਦਾਲਤ ਵੱਲੋਂ ਧਰਮਿੰਦਰ ਸਿੰਘ ਗੁਗਨੀ ਦੇ 24 ਜੁਲਾਈ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਦਿਆਂ ਉਸ ਨੂੰ  ਅਦਾਲਤ 'ਚ ਵੀ.ਸੀ ਰਾਹੀਂ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਧਰਮਿੰਦਰ ਗੁਗਨੀ ਇਸ ਸਮੇਂ ਪਟਿਆਲਾ ਜੇਲ੍ਹ 'ਚ ਬੰਦ ਹੈ। 

ਇਸ ਮਾਮਲੇ 'ਚ ਅਦਾਲਤ ਵਲੋਂ ਅਜੇ ਉਰਫ ਲੈਫਟੀ, ਸੱਜਣ ਉਰਫ ਭੋਲੂ ਅਤੇ ਅਨਿਲ ਲੱਠ ਤਿੰਨਾ ਸ਼ੂਟਰਾਂ ਨੂੰ  ਧਾਰਾ 302 'ਚ ਉਮਰ ਕੈਦ, ਧਾਰਾ 25\54\59 ਆਰਮਜ਼ ਐਕਟ 'ਚ 7-7 ਸਾਲ ਦੀ ਕੈਦ ਅਤੇ ਧਾਰਾ 452 'ਚ 1-1 ਸਾਲ ਕੈਦ ਦੀ ਸਜਾ ਸੁਣਾਈ ਜਾ ਚੁੱਕੀ ਹੈ। ਅਦਾਲਤ ਵਲੋਂ ਤਿੰਨਾ ਦੋਸ਼ੀਆਂ ਨੂੰ ਢਾਈ-ਢਾਈ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ। ਜਦਕਿ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਗੈਂਗਸਟਰ ਕੌਸ਼ਲ ਚੌਧਰੀ, ਅਮਿਤ ਡਾਗਰ ਅਤੇ ਭੁਪਿੰਦਰ ਸਿੰਘ ਭੂਪੀ ਰਾਣਾ ਨੂੰ ਬਰੀ ਕਰ ਦਿੱਤਾ ਗਿਆ, ਕਿਉਂਕਿ ਪੁਲਸ ਅਦਾਲਤ ਵਿਚ ਇਹ ਸਾਬਤ ਹੀ ਨਹੀਂ ਕਰ ਸਕੀ ਕਿ ਉਕਤ ਤਿੰਨਾ ਗੈਂਗਸਟਰਾਂ ਦੀ ਵਿੱਕੀ ਮਿੱਢੂਖੇੜਾ ਦੇ ਕਤਲ 'ਚ ਸਿੱਧੇ ਤੌਰ 'ਤੇ ਕੋਈ ਸ਼ਮੂਲੀਅਤ ਹੈ। 

ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਪੁਲਸ ਵੱਲੋਂ ਅਰਮੀਨੀਆ ਦੀ ਜੇਲ੍ਹ ਵਿਚ ਬੈਠੇ ਗੌਰਵ ਉਰਫ ਲੱਕੀ ਪਡਿਆਲ ਜੋ ਕਿ ਬੰਬੀਹਾ ਗੈਂਗ ਚਲਾਉਂਦਾ ਹੈ, ਸਮੇਤ ਸਿੱਧੂ ਮੂਸੇਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ, ਜੋ ਕਿ ਇਸ ਸਮੇਂ ਵਿਦੇਸ਼ 'ਚ ਹੈ ਸਮੇਤ ਕਈਆਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪੁਲਸ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਹਾਲੇ ਤੱਕ ਚਾਰਜਸ਼ੀਟ ਦਾਖਲ ਨਹੀ ਕੀਤੀ ਗਈ। 7 ਅਗਸਤ 2021 ਨੂੰ  ਸੈਕਟਰ-70 ਵਿਖੇ ਹੋਏ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ ਅਤੇ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਡਿਆਲ ਦਾ ਨਾਮ ਸਾਹਮਣੇ ਆਇਆ ਸੀ ਕਿ ਲੱਕੀ ਦੇ ਕਹਿਣ 'ਤੇ ਵਿੱਕੀ ਮਿੱਢੂਖੇੜਾ ਦਾ ਕਤਲ ਕਰਵਾਇਆ ਗਿਆ ਹੈ।

ਉਧਰ ਪੁਲਸ ਹਾਲੇ ਤੱਕ ਚੌਥੇ ਸ਼ੂਟਰ ਦੀ ਪਛਾਣ ਕਰਨ 'ਚ ਫਿਲਹਾਲ ਨਾਕਾਮ ਦਿਖ ਰਹੀ ਹੈ, ਕਿਉਕਿ ਚੌਥੇ ਸ਼ੂਟਰ ਬਾਰੇ ਆਸਟ੍ਰੇਲੀਆ ਬੈਠੇ ਸ਼ਗਨਪ੍ਰੀਤ ਸਿੰਘ ਨੂੰ  ਹੀ ਇਸ ਦੀ ਜਾਣਕਾਰੀ ਹੈ। ਪੁਲਸ ਦੀ ਕਈ ਹਫਤਿਆ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਅਮਿਤ ਡਾਗਰ ਨਾਲ ਮਿਲ ਕੇ ਦਿੱਲੀ ਦੀ ਇਕ ਜੇਲ 'ਚ ਬੈਠ ਕੇ ਵਿੱਕੀ ਮਿੱਢੂ ਖੇੜਾ ਦੇ ਕਤਲ ਦੀ ਸਾਜਿਸ਼ ਰਚੀ ਅਤੇ ਇਨ੍ਹਾਂ ਨੇ ਇਸ ਕੰਮ ਲਈ ਕਾਰ ਅਤੇ ਸ਼ੂਟਰਾਂ ਦਾ ਪ੍ਰਬੰਧ ਕਰਕੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਲਈ ਉਨ੍ਹਾਂ ਨੂੰ  ਮੋਹਾਲੀ ਭੇਜਿਆ। ਪੁਲਸ ਦਾ ਦਾਅਵਾ ਹੈ ਕਿ ਸ਼ੂਟਰ ਗੁਰੂਗ੍ਰਾਮ ਦੇ ਟੇਕ ਚੰਦ ਕੋਲੋਂ ਆਈ-20 ਕਾਰ ਲੈ ਕੇ ਮੋਹਾਲੀ ਪਹੁੰਚ ਸਨ। ਇਸ ਕਤਲ ਮਾਮਲੇ 'ਚ ਜਦੋਂ ਕਈ ਮਹੀਨਿਆਂ ਬਾਅਦ ਤਿੰਨ ਸ਼ੂਟਰ ਦਿੱਲੀ ਪੁਲਸ ਦੇ ਹੱਥੇ ਚੜੇ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਸ਼ੂਟਰਾਂ ਨੂੰ  ਗਾਇਕ ਸਿੱਧੂ ਮੂਸੇ ਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ ਨੇ ਖਰੜ ਦੇ ਇਕ ਫਲੈਟ 'ਚ ਠਹਿਰਾਉਣ ਦਾ ਇੰਤਜਾਮ ਕੀਤਾ ਸੀ ਅਤੇ ਉਸ ਨੇ ਹੀ ਤਿੰਨਾ ਸ਼ੂਟਰਾਂ ਦੇ ਨਾਲ ਚੌਥੇ ਸ਼ੂਟਰ ਨੂੰ ਮਿਲਵਾਇਆ ਸੀ। ਸ਼ਗਨਪ੍ਰੀਤ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਹੀ ਸ਼ੂਟਰਾਂ ਨੂੰ  ਵਿੱਕੀ ਮਿੱਢੂ ਖੇੜਾ ਦੇ ਘਰ ਅਤੇ ਆਉਣ ਜਾਣ ਦੇ ਸਮੇਂ ਦੇ ਜਾਣਕਾਰੀ ਦਿੱਤੀ ਅਤੇ ਖੁਦ ਵੀ ਵਿੱਕੀ ਦੀ ਰੇਕੀ ਕੀਤੀ ਸੀ। 

ਪੁਲਸ ਨੂੰ ਮੌਕੇ ਤੋਂ ਮਿਲੇ ਸੀ 9 ਖੋਲ, 2 ਨੌਜਵਾਨ ਸੀ. ਸੀ. ਟੀ. ਵੀ ਕੈਮਰੇ 'ਚ ਕੈਦ

ਮੋਹਾਲੀ ਪੁਲਸ ਨੂੰ ਮੌਕੇ ਤੋਂ 9 ਦੇ ਕਰੀਬ ਪਿਸਟਲ ਦੇ ਖਾਲੀ ਖੋਲ ਮਿਲੇ ਸਨ ਅਤੇ ਪੁਲਸ ਸਮੀਰ ਪ੍ਰਾਪਰਟੀ ਦੇ ਦਫਤਰ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੀ ਡੀ.ਵੀ.ਆਰ ਆਪਣੇ ਨਾਲ ਲੈ ਗਈ ਸੀ। ਇਸ ਫੁਟੇਜ਼ ਵਿਚ 2 ਨੌਜਵਾਨ ਜਿਸ ਵਿਚ ਇਕ ਖੱਬੇ ਹੱਥ ਨਾਲ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ, ਵਿੱਕੀ ਮਿੱਢੂ ਖੇੜਾ ਤੇ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਸਨ। ਉਕਤ ਨੌਜਵਾਨ ਮੋਹਾਲੀ ਨੰਬਰ ਦੀ ਗੱਡੀ ਵਿਚ ਆਏ ਸਨ। ਉਧਰ ਫਰੈਂਸਿੰਕ ਮਾਹਰਾਂ ਵਲੋਂ ਮੌਕੇ ਤੋਂ ਖੂਨ ਦੇ ਸੈਂਪਲ ਅਤੇ ਗੱਡੀ ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨਾਂ ਦੇ ਸੈਂਪਲ ਇਕੱਠੇ ਕੀਤੇ ਸਨ।


author

Anmol Tagra

Content Editor

Related News