ਮੋਹਾਲੀ ''ਚ ਵੋਟਾਂ ਪੈਣ ਦਾ ਕੰਮ ਜਾਰੀ, CCTV ਕੈਮਰਿਆਂ ਰਾਹੀਂ ਚੋਣ ਪ੍ਰਕਿਰਿਆ ''ਤੇ ਰੱਖੀ ਜਾ ਰਹੀ ਨਜ਼ਰ
Tuesday, May 26, 2026 - 09:43 AM (IST)
ਮੋਹਾਲੀ (ਰਣਬੀਰ) : ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ। ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਬਣਾਏ ਗਏ ਪੋਲਿੰਗ ਬੂਥਾਂ ‘ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਖ਼ਾਸ ਕਰਕੇ ਬਜ਼ੁਰਗਾਂ, ਔਰਤਾਂ ਅਤੇ ਨੌਜਵਾਨ ਵੋਟਰਾਂ 'ਚ ਕਾਫ਼ੀ ਉਤਸ਼ਾਹ ਨਜ਼ਰ ਆਇਆ। ਚੋਣਾਂ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ‘ਤੇ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਕਈ ਥਾਵਾਂ ‘ਤੇ ਪੁਲਸ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਅਤੇ ਫਲਾਇੰਗ ਸਕੁਐਡਾਂ ਰਾਹੀਂ ਵੀ ਚੋਣ ਪ੍ਰਕਿਰਿਆ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
695 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਸਥਾਨਕ ਸਰਕਾਰ ਚੋਣਾਂ ਲਈ 4 ਲੱਖ 80 ਹਜ਼ਾਰ 781 ਵੋਟਰ 166 ਵਾਰਡਾਂ ’ਚ ਚੋਣ ਮੈਦਾਨ ’ਚ ਉਤਰੇ 695 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਮੋਹਾਲੀ ਦੇ 50 ਵਾਰਡਾਂ ਤੋਂ 227 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿੱਥੇ 90 ਹਜ਼ਾਰ 505 ਪੁਰਸ਼, 84 ਹਜ਼ਾਰ 844 ਮਹਿਲਾ ਤੇ 8 ਹੋਰ ਵੋਟਰ 184 ਪੋਲਿੰਗ ਬੂਥਾਂ ’ਤੇ ਆਪਣੀ ਵੋਟ ਦੀ ਵਰਤੋਂ ਕਰਨਗੇ। ਨਵਾਂਗਰਾਓਂ ਕੌਂਸਲ ਦੇ 21 ਵਾਰਡਾਂ ’ਚ 87 ਉਮੀਦਵਾਰ ਚੋਣ ਮੈਦਾਨ ’ਚ ਹਨ। 23 ਹਜ਼ਾਰ 717 ਪੁਰਸ਼, 21 ਹਜ਼ਾਰ 266 ਮਹਿਲਾ ਤੇ ਇਕ ਹੋਰ ਵੋਟਰ 51 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਲਾਲੜੂ ਕੌਂਸਲ ਦੇ 16 ਵਾਰਡਾਂ ’ਚ 61 ਉਮੀਦਵਾਰ ਚੋਣ ਲੜ ਰਹੇ ਹਨ, ਜਦਕਿ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣਿਆ ਜਾ ਚੁੱਕਾ ਹੈ। ਇੱਥੇ 16 ਹਜ਼ਾਰ 31 ਪੁਰਸ਼, 14 ਹਜ਼ਾਰ 360 ਮਹਿਲਾ ਤੇ 3 ਹੋਰ ਵੋਟਰ 33 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਕੁਰਾਲੀ ਕੌਂਸਲ ਦੇ 17 ਵਾਰਡਾਂ ’ਚ 77 ਉਮੀਦਵਾਰ ਮੈਦਾਨ ’ਚ ਹਨ। 13 ਹਜ਼ਾਰ 332 ਪੁਰਸ਼ ਤੇ 14 ਹਜ਼ਾਰ 70 ਮਹਿਲਾ ਵੋਟਰ 33 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਬਨੂੜ ਕੌਂਸਲ ਦੇ 13 ਵਾਰਡਾਂ ’ਚ 40 ਉਮੀਦਵਾਰ ਚੋਣ ਮੈਦਾਨ ’ਚ ਹਨ। 7 ਹਜ਼ਾਰ 716 ਪੁਰਸ਼, 7 ਹਜ਼ਾਰ 45 ਮਹਿਲਾ ਤੇ ਇਕ ਹੋਰ ਵੋਟਰ 18 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ।
ਡੇਰਾਬੱਸੀ : 51 ਹਜ਼ਾਰ ਵੋਟਰ ਚੁਣਨਗੇ 18 ਕੌਂਸਲਰ
ਡੇਰਾਬੱਸੀ (ਵਿਕਰਮਜੀਤ) : ਡੇਰਾਬੱਸੀ ਦੇ 18 ਵਾਰਡਾਂ ਲਈ ਕੁੱਲ 51 ਹਜ਼ਾਰ 457 ਵੋਟਰ 18 ਕੌਂਸਲਰ ਚੁਣਨਗੇ। ਇਨ੍ਹਾਂ ’ਚ 26 ਹਜ਼ਾਰ 888 ਪੁਰਸ਼, 24564 ਮਹਿਲਾ ਤੇ 5 ਹੋਰ ਵੋਟਰ ਸ਼ਾਮਲ ਹਨ। 51 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ’ਚੋਂ ਦੋ ਅਤਿ ਸੰਵੇਦਨਸ਼ੀਲ ਤੇ 15 ਸੰਵੇਦਨਸ਼ੀਲ ਬੂਥ ਸ਼ਾਮਲ ਹਨ। ਸਭ ਤੋਂ ਵਧ ਵਾਰਡ ਨੰਬਰ ਪੰਜ ਦੇ ਪੰਜ ਬੂਥ ਬਣਾਏ ਗਏ ਹਨ। ਆਰ.ਓ.-ਕਮ-ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਅਤਿ ਸੰਵੇਦਨਸ਼ੀਲ ਬੂਥਾਂ ’ਚ ਖੇਤਰ ’ਚ ਪੈਂਦੇ ਵਾਰਡ 4 ਸ਼ਾਮਲ ਹਨ। ਵਾਰਡ ਦੀ ਵੋਟਾਂ ਪੀ. ਡਬਲਿਊ. ਡੀ. ਗੈਸਟ ਹਾਊਸ ਵਿਖੇ ਪੈਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਕਾਮਿਆਂ ਤੇ ਮੁਲਾਜ਼ਮਾਂ ਲਈ ਅੱਜ ਛੁੱਟੀ ਦਾ ਐਲਾਨ, ਹੇਠਲੀਆਂ ਅਦਾਲਤਾਂ ਵੀ ਰਹਿਣਗੀਆਂ ਬੰਦ
ਜ਼ੀਰਕਪੁਰ : 1.36 ਲੱਖ ਵੋਟਰ 124 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ
ਜ਼ੀਰਕਪੁਰ (ਧੀਮਾਨ) : ਮੰਗਲਵਾਰ ਨੂੰ ਇਕ ਲੱਖ 36 ਹਜ਼ਾਰ ਤੋਂ ਵੱਧ ਵੋਟਰ 31 ਵਾਰਡਾਂ ’ਚ ਚੋਣ ਮੈਦਾਨ ’ਚ ਉਤਰੇ 124 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰਬੰਧਾਂ ਤੋਂ ਲੈ ਕੇ ਪੋਲਿੰਗ ਪਾਰਟੀਆਂ ਦੀ ਤਾਇਨਾਤੀ ਤੱਕ ਸਾਰੇ ਪ੍ਰਬੰਧਾਂ ਨੂੰ ਆਖ਼ਰੀ ਰੂਪ ਦੇ ਦਿੱਤਾ ਗਿਆ ਹੈ। ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਕਰੀਬ 250 ਪੁਲਸ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਦਬਾਅ ਵੋਟ ਦੀ ਵਰਤੋਂ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
