ਬੀਤੀ ਰਾਤ ਆਏ ਬੇ-ਮੌਸਮੇ ਮੀਂਹ ਨਾਲ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ, ਮੁਆਵਜੇ ਦੀ ਮੰਗ

10/24/2021 4:03:00 PM

ਬੱਧਨੀ ਕਲਾਂ (ਮਨੋਜ): ਦਿਨੋਂ-ਦਿਨ ਵਧ ਰਹੇ ਪੈਟਰੋਲ, ਡੀਜ਼ਲ ਅਤੇ ਖਾਦ ਪਦਾਰਥਾਂ ਦੇ ਭਾਅ ਨੇ ਪਹਿਲਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ। ਉਪਰੋਂ ਬੀਤੀ ਰਾਤ ਆਏ ਬੇ-ਮੌਸਮੇ ਭਾਰੀ ਮੀਂਹ ਨਾਲ ਝੋਨੇ ਦੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਉਨ੍ਹਾਂ ਨੂੰ ਹੋਰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ। ਅੱਜ ਸਵੇਰੇ ਖੇਤਾਂ ਵਿਚ ਵੇਖਿਆ ਕਿ ਪੱਕੀ ਹੋਈ ਝੋਨੇ ਦੀ ਫਸਲ ਭਾਰੀ ਮੀਂਹ ਕਾਰਣ ਖੇਤਾਂ ਵਿਚ ਵਿਛ ਗਈ ਅਤੇ ਪੱਕੀਆਂ ਹੋਈਆਂ ਬੱਲੀਆਂ ਜ਼ੋਰਦਾਰ ਮੀਂਹ ਕਾਰਣ ਝੰਬੀਆਂ ਗਈਆਂ, ਜਿਸ ਨਾਲ ਝੋਨੇ ਦੇ ਝਾੜ ਵਿਚ ਕਾਫੀ ਕਮੀ ਹੋਣ ਦਾ ਖਦਸ਼ਾ ਹੈ। ਇਸੇ ਤਰ੍ਹਾਂ ਵੱਢੀ ਗਈ ਫ਼ਸਲ ਜੋ ਮੰਡੀ ਵਿਚ ਆਈ ਹੋਈ ਸੀ। ਮੀਂਹ ਕਾਰਣ ਇਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

ਅੱਜ ਦਾਣਾ ਮੰਡੀ ਬੱਧਨੀ ਕਲਾਂ ਵਿਚ ਵੇਖਿਆ ਗਿਆ ਕਿ ਭਾਰੀ ਮੀਂਹ ਕਾਰਣ ਮੰਡੀ ਦੇ ਫੜਾਂ ਵਿਚ ਪਾਣੀ ਭਰ ਗਿਆ ਜੋ ਕਿ ਝੋਨੇ ਦੀਆਂ ਭਰੀਆਂ ਹੋਈਆਂ ਬੋਰੀਆਂ ਅਤੇ ਢੇਰੀਆਂ ਵਿਚ ਭਰ ਗਿਆ, ਜਿਸ ਨਾਲ ਆੜ੍ਹਤੀਆਂ ਅਤੇ ਮਜਦੂਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਪਿਆ। ਮਜ਼ਦੂਰਾਂ ਵੱਲੋਂ ਮੰਡੀ ਦੇ ਫੜ ਵਿਚ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਥੱਲੇ ਫਿਰਦਾ ਪਾਣੀ ਪੀਪਿਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਕਿਉਂਕਿ ਮੰਡੀ ਵਿਚ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਨਹੀਂ ਹੈ, ਜਿਸ ਕਰ ਕੇ ਇਸ ਪਾਣੀ ਨਾਲ ਮੰਡੀ ਵਿਚ ਪਈ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਮਜਦੂਰਾਂ ਅਤੇ ਆੜ੍ਹਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਤੀ ਰਾਤ ਪਏ ਭਾਰੀ ਮੀਂਹ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ ਤਾਂ ਜੋ ਟੁੱਟ ਚੁੱਕੀ ਕਿਸਾਨੀ ਨੂੰ ਹੋਰ ਆਰਥਿਕ ਨੁਕਸਾਨ ਨਾ ਝੱਲਣਾ ਸਕੇ।


Shyna

Content Editor

Related News