ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਦਾ ਪੱਕਾ ਮੋਰਚਾ ਅੱਠਵੇਂ ਦਿਨ ''ਚ ਦਾਖ਼ਲ

09/16/2019 4:14:42 PM

 ਸੰਗਰੂਰ (ਬੇਦੀ)—ਸੰਗਰੂਰ 'ਚ ਲੱਗੇ ਤਿੰਨ ਪੱਕੇ ਧਰਨਿਆਂ ਤੋਂ ਪ੍ਰੇਸ਼ਾਨ ਪ੍ਰਸ਼ਾਸਨ ਹੁਣ ਧਰਨੇ ਚੁਕਵਾਉਣ ਲਈ ਮੀਟਿੰਗ 'ਤੇ ਸ਼ਰਤਾਂ ਮੜ੍ਹਨ ਲੱਗਿਆ ਹੈ। ਟੈੱਟ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਦੇ ਪੱਕਾ ਧਰਨੇ ਦੇ ਅੱਠਵੇਂ ਦਿਨ ਯੂਨੀਅਨ ਦੇ ਸੂਬਾਈ ਆਗੂਆਂ ਯੁੱਧਜੀਤ ਸਿੰਘ, ਦਿਲਬਾਗ ਮੁਕਤਸਰ , ਨਵਜੀਵਨ ਸਿੰਘ, ਅਮਨ ਸੇਖਾ ਅਤੇ ਸਾਥੀਆਂ ਦੀ ਮੀਟਿੰਗ ਐੱਸ ਡੀ ਐੱਮ ਅਭਿਕੇਸ਼ ਗੁਪਤਾ ਨਾਲ ਹੋਈ। ਸੂਬਾ ਆਗੂ ਯੁੱਧਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਕੱਲ੍ਹ ਸਿੱਖਿਆ ਮੰਤਰੀ ਦੀ ਕੋਠੇ ਮੂਹਰੇ ਲਾਏ ਧਰਨੇ 'ਤੇ ਵਧੀਕ ਡਿਪਟੀ ਕਮਿਸ਼ਨਰ ਦੀਪਕ ਮਹਿੰਦਰੂ ਨੇ ਸਿੱਖਿਆ ਮੰਤਰੀ ਅਤੇ ਸਕੱਤਰ ਨਾਲ ਮੀਟਿੰਗ ਇੱਕ ਦਿਨ 'ਚ ਤੈਅ ਕਰਵਾ ਕੇ ਲਿਖਤੀ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਐੱਸ.ਡੀ. ਐੱਮ. ਗੁਪਤਾ ਨੇ ਸਾਨੂੰ ਕਿਹਾ ਕਿ ਜੇਕਰ ਤੁਸੀਂ ਮੰਤਰੀ ਸਾਹਿਬ ਨਾਲ ਮੀਟਿੰਗ ਕਰਨੀ ਹੈ ਤਾਂ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਲਾਇਆ ਪੱਕਾ ਧਰਨਾ ਚੁੱਕਣਾ ਪਵੇਗਾ, ਤਾਂ ਹੀ ਉਹ ਮੀਟਿੰਗ ਤੈਅ ਕਰਵਾਉਣਗੇ।

ਇਸ ਪ੍ਰਸਤਾਵ ਨੂੰ ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਨੇ ਰੱਦ ਕਰਦਿਆਂ ਪੱਕਾ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਜਾਂ ਮੰਤਰੀ ਦੇ ਵਾਅਦਿਆਂ 'ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਸਾਡੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣ ਦੀ ਗੱਲ ਕਰ ਚੁੱਕਾ ਹੈ, ਪਰ ਅਮਲੀ ਕਾਰਵਾਈ ਕੋਈ ਨਹੀਂ ਹੋਈ। ਮੋਰਚੇ 'ਤੇ ਡਟੇ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਾਟਰ ਐੱਡ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਸੂਬਾ ਖਜ਼ਾਨਚੀ ਹਰਜਿੰਦਰ ਸਿੰਘ, ਨਰਿੰਦਰ ਕੋਟਕਲਾਂ, ਰੁਜ਼ਗਾਰ ਅਧਿਕਾਰ ਅੰਦੋਲਨ ਦੇ ਰਜਿੰਦਰ ਸਿਵੀਆਂ, ਪੈਪਸੀਕੋ ਵਰਕਰ ਯੂਨੀਅਨ ਦੇ ਆਗੂ ਕ੍ਰਿਸ਼ਨ ਭੜੋ ਅਤੇ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਸਿੰਘ ਸਰਾਂ, ਜੱਗੀ ਜੋਧਪੁਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।


Shyna

Content Editor

Related News