ਯੂਕ੍ਰੇਨ ਤੋਂ ਪਰਤੇ ਵਿਦਿਆਰਥੀਆਂ ਨੇ ਪੰਜਾਬ ਦੇ ਮੈਡੀਕਲ ਕਾਲਜਾਂ ''ਚ ਪੜ੍ਹਾਈ ਪੂਰੀ ਕਰਵਾਉਣ ਲਈ ਦਿੱਤਾ ਮੰਗ ਪੱਤਰ

03/28/2022 10:29:26 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਯੂਕ੍ਰੇਨ 'ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਯੂਕ੍ਰੇਨ ਤੋਂ ਯੁੱਧ ਕਾਰਨ ਵਾਪਸ ਆਏ ਇਨ੍ਹਾਂ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ ਨੂੰ ਪੰਜਾਬ ਦੇ ਮੈਡੀਕਲ ਕਾਲਜਾਂ 'ਚ ਪੂਰਾ ਕਰਵਾਉਣ ਲਈ ਪ੍ਰਬੰਧ ਕੀਤਾ ਜਾਵੇ। ਇਕ ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਇਸ ਮੰਗ ਪੱਤਰ ਵਿਚ ਲਿਖਿਆ ਹੈ ਕਿ ਅਸੀਂ ਸਮੂਹ ਵਿਦਿਆਰਥੀ ਯੂਕ੍ਰੇਨ 'ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਲਈ ਗਏ ਸੀ ਪਰ ਯੂਕ੍ਰੇਨ ਯੁੱਧ ਕਾਰਨ ਤਹਿਸ-ਨਹਿਸ ਹੋ ਚੁੱਕਾ ਹੈ, ਜਿਸ ਕਾਰਨ ਸਾਨੂੰ ਮਜਬੂਰਨ ਆਪਣੀਆਂ ਜਾਨਾਂ ਬਚਾਉਂਦੇ ਹੋਏ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਕੇ ਵਾਪਸ ਭਾਰਤ ਆਉਣਾ ਪਿਆ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਹਾਰਿਆ : ਖਹਿਰਾ

ਵਿਦਿਆਰਥੀਆਂ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਨੇ ਬਹੁਤ ਹੀ ਮੁਸ਼ਕਿਲਾਂ ਨਾਲ ਸਾਨੂੰ ਯੂਕ੍ਰੇਨ ਜਾਣ, ਉੱਥੇ ਰਹਿਣ-ਸਹਿਣ ਅਤੇ ਪੜ੍ਹਾਈ ਦਾ ਖਰਚਾ ਆਦਿ ਦਾ ਪ੍ਰਬੰਧ ਕੀਤਾ ਸੀ। ਯੂਕ੍ਰੇਨ 'ਚ ਹਾਲਾਤ ਸਥਿਰ ਹੋਣ ਵਾਸਤੇ ਬਹੁਤ ਜ਼ਿਆਦਾ ਸਮਾਂ ਲੱਗੇਗਾ, ਜਿਸ ਕਾਰਨ ਸਾਨੂੰ ਸਮੂਹ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ। ਅਸੀਂ ਆਪਣੀ ਅਧੂਰੀ ਰਹਿੰਦੀ ਪੜ੍ਹਾਈ ਪੰਜਾਬ ਦੇ ਮੈਡੀਕਲ ਕਾਲਜਾਂ 'ਚ ਪੂਰੀ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਰਾਹੀਂ 2 ਵਾਰ ਬੇਨਤੀ ਪੱਤਰ ਦੇ ਚੁੱਕੇ ਹਾਂ ਪਰ ਅਜੇ ਤੱਕ ਇਨ੍ਹਾਂ ਪੱਤਰਾਂ 'ਤੇ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ : RBI ਵੱਲੋਂ ਹਾੜ੍ਹੀ ਮੰਡੀਕਰਨ ਸੀਜ਼ਨ-2022 ਵਾਸਤੇ ਪੰਜਾਬ ਲਈ 24773.11 ਕਰੋੜ ਦਾ ਕਰਜ਼ਾ ਮਨਜ਼ੂਰ

ਇਨ੍ਹਾਂ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ 'ਚ ਲਿਆਉਂਦਿਆਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਜੋ ਵਾਅਦਾ ਕੀਤਾ ਸੀ ਕਿ ਯੂਕ੍ਰੇਨ ਤੋਂ ਪੜ੍ਹਾਈ ਅਧੂਰੀ ਛੱਡ ਕੇ ਆਏ ਵਿਦਿਆਰਥੀਆਂ ਨੂੰ ਪੰਜਾਬ ਦੇ ਮੈਡੀਕਲ ਕਾਲਜਾਂ 'ਚ ਦਾਖਲਾ ਦਿਵਾਇਆ ਜਾਵੇਗਾ। ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਪਰਿਵਾਰਾਂ ਦੀ ਹਾਲਤ ਅਤੇ ਸਾਡੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸਾਡੀ ਐੱਮ. ਬੀ. ਬੀ. ਐੱਸ. ਦੀ ਅਧੂਰੀ ਰਹਿੰਦੀ ਪੜ੍ਹਾਈ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਪੂਰੀ ਕਰਵਾਈ ਜਾਵੇ। ਅਸੀਂ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੀਤਾ ਹੋਇਆ ਵਾਅਦਾ ਆਪਣਾ ਪੂਰਾ ਕਰੇਗੀ।


Anuradha

Content Editor

Related News