ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ ਦੋ ਹੋਰ ਮੌਤਾਂ, 16 ਨਵੇਂ ਕੇਸ ਵੀ ਆਏ ਸਾਹਮਣੇ

11/26/2020 2:22:58 AM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖ਼ੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਅੱਜ ਫਿਰ ਦੋ ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 16 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ 7 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 2 ਕੇਸ ਮਲੋਟ, 5 ਕੇਸ ਗਿੱਦੜਬਾਹਾ, 1 ਕੇਸ ਬਾਦਲ ਅਤੇ 1 ਕੇਸ ਮਿੱਡਾ ਤੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 2 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 440 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 767 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 477 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3510 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 3191 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 235 ਕੇਸ ਸਰਗਰਮ ਚੱਲ ਰਹੇ ਹਨ।

ਕੋਰੋਨਾ ਕਰਕੇ ਜ਼ਿਲੇ ਅੰਦਰ ਦੋ ਹੋਰ ਮੌਤਾਂ ਹੋ ਗਈਆਂ ਹਨ। ਪਹਿਲੀ ਮ੍ਰਿਤਕਾ 70 ਸਾਲਾ ਔਰਤ ਜੋ ਮਲੋਟ ਤੋਂ ਸਬੰਧਤ ਸੀ, ਦੀ ਅੱਜ ਮੌਤ ਹੋ ਗਈ ਹੈ। ਦੂਜਾ ਮ੍ਰਿਤਕ 43 ਸਾਲਾ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਦਾ ਵਾਸੀ ਸੀ। ਉਕਤ ਦੋਵੇਂ ਮਰੀਜ਼ ਕੋਰੋਨਾ ਪੀੜਤ ਚੱਲ ਰਹੇ ਸਨ ਅਤੇ ਫਰੀਦਕੋਟ ਵਿਖੇ ਇਲਾਜ ਅਧੀਨ ਸਨ, ਜਿਨ੍ਹਾਂ ਦੀ ਅੱਜ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ ਕੋਰੋਨਾ ਕਰਕੇ 84 ਮੌਤਾਂ ਹੋ ਚੁੱਕੀਆਂ ਹਨ।


Bharat Thapa

Content Editor

Related News