2 ਮੋਟਰਸਾਈਕਲਾਂ ਦੀ ਆਪਸੀ ਟੱਕਰ ''ਚ 2 ਦੀ ਮੌਤ, ਇਕ ਗੰਭੀਰ ਜ਼ਖਮੀ
Sunday, May 24, 2020 - 01:09 AM (IST)

ਨਿਹਾਲ ਸਿੰਘ ਵਾਲਾ, (ਬਾਵਾ)- ਨਿਹਾਲ ਸਿੰਘ ਵਾਲਾ ਵਿਖੇ 2 ਮੋਟਰਸਾਈਕਲ ਸਵਾਰਾਂ ਦੀ ਹੋਈ ਆਪਸੀ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ (20) ਸਾਲਾ ਸੁਖਚੈਨ ਸਿੰਘ ਸੋਨੀ ਅਤੇ ਗੁਰਦੀਪ ਸਿੰਘ ਦੋਵੇਂ ਪੁੱਤਰ ਰੂਪ ਸਿੰਘ ਵਾਸੀ ਮਾਣੂੰਕੇ ਜੋ ਕਿ ਨਿਹਾਲ ਸਿੰਘ ਵਾਲਾ ਵਿਖੇ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਮੋਟਰਸਾਈਕਲ 'ਤੇ ਸ਼ਾਮ ਨੂੰ ਵਾਪਸ ਆਪਣੇ ਪਿੰਡ ਮਾਣੂੰਕੇ ਵਿਖੇ ਜਾ ਰਹੇ ਸਨ ਤਾਂ ਉਸ ਦੀ ਅੱਗੇ ਜਾ ਰਹੇ ਮੋਟਰਸਾਈਕਲ ਜਿਸ ਦੇ ਪਿੱਛੇ ਛੋਟੀ ਟਰਾਲੀ ਪਾਈ ਹੋਈ ਸੀ, ਜਿਸ ਨੂੰ ਮੱਖਣ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਰਣਸੀਂਹ ਕਲਾਂ ਚਲਾ ਰਿਹਾ ਸੀ, ਉਸ 'ਤੇ ਫੱਟੇ ਲੱਦੇ ਹੋਏ ਸਨ, ਜਿਸ ਵੱਲੋਂ ਇਕ ਦਮ ਆਪਣਾ ਮੋਟਰਸਾਈਕਲ ਇਕਦਮ ਮੋੜ ਦਿੱਤਾ ਅਤੇ ਪਿੱਛੇ ਜਾ ਰਹੇ ਮੋਟਰਸਾਈਕਲ ਸਵਾਰ ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ ਦੀ ਪਿੱਛੋਂ ਟੱਕਰ ਹੋਣ ਨਾਲ ਅਗਲੇ ਮੋਟਰਸਾਈਕਲ ਦੀ ਟਰਾਲੀ 'ਚ ਲੱਦਿਆ ਹੋਇਆ ਇਕ ਲੱਕੜ ਦਾ ਫੱਟਾ ਸੁਖਚੈਨ ਸਿੰਘ ਦੇ ਮੱਥੇ 'ਚ ਵੱਜ ਗਿਆ, ਟੱਕਰ ਐਨੀ ਭਿਆਨਕ ਸੀ ਕਿ ਇਸ ਨਾਲ ਦੋਨੋਂ ਮੋਟਰਸਾਈਕਲ ਸਵਾਰਾਂ ਮੱਖਣ ਸਿੰਘ ਅਤੇ ਸੁਖਚੈਨ ਸਿੰਘ ਦੀ ਮੌਤ ਹੋ ਗਈ ਅਤੇ ਸੁਖਚੈਨ ਸਿੰਘ ਦੇ ਮੋਟਰਸਾਈਕਲ 'ਤੇ ਪਿੱਛੇ ਬੈਠਾ ਉਸ ਦਾ ਸਕਾ ਭਰਾ ਗੁਰਦੀਪ ਸਿੰਘ ਵੀ ਇਸ ਟੱਕਰ 'ਚ ਸਖਤ ਜ਼ਖਮੀ ਹੋ ਗਿਆ।
ਇਸ ਕੇਸ ਦੀ ਪੈਰਵੀਂ ਕਰ ਰਹੇ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਮੰਗਲ ਸਿੰਘ ਨੇ ਦੱਸਿਆ ਕਿ ਦੋਨੋਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।