ਥਾਣੇਦਾਰ ਦੀ ਕੁੱਟਮਾਰ, ਵਰਦੀ ਪਾੜਨ ਤੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
Friday, Aug 12, 2022 - 11:09 PM (IST)

ਮੁੱਲਾਂਪੁਰ ਦਾਖਾ (ਕਾਲੀਆ)-ਥਾਣਾ ਦਾਖਾ ਦੇ ਥਾਣੇਦਾਰ ਹਮੀਰ ਸਿੰਘ ਦੀ ਕੁੱਟਮਾਰ ਕਰਨ, ਵਰਦੀ ਪਾੜਨ ਅਤੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ ’ਚ ਦੋ ਨੌਜਵਾਨਾਂ ਚਤਰਦੀਪ ਸਿੰਘ ਪੁੱਤਰ ਸਤਵਿੰਦਰ ਸਿੰਘ ਅਤੇ ਲਖਵੀਰ ਸਿੰਘ ਪੁਤਰ ਅਜੈਬ ਸਿੰਘ ਵਾਸੀਆਨ ਜਗਰਾਓਂ ਨੂੰ ਦਾਖਾ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਜ਼ੇਰੇ ਧਾਰਾ 323, 353, 186, 294 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ। ਮਾਮਲੇ ਦੀ ਪੜਤਾਲ ਕਰ ਰਹੇ ਐੱਸ. ਆਈ. ਸੁਖਜਿੰਦਰ ਸਿੰਘ ਅਨੁਸਾਰ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਥਾਣਾ ਦਾਖਾ ਵਿਖੇ ਤਾਇਨਾਤ ਏ. ਐੱਸ. ਆਈ. ਹਮੀਰ ਸਿੰਘ ਵਾਸੀ ਪੁਲਸ ਕਾਲੋਨੀ ਥਾਣਾ ਦਾਖਾ ਨੇ ਦੱਸਿਆ ਕਿ 9 ਅਗਸਤ ਨੂੰ ਉਹ ਬਤੌਰ ਡਿਊਟੀ ਅਫ਼ਸਰ ਸੀ ਤਾਂ ਰਾਤ ਸਮੇਂ ਦੇ ਮੁਨਸ਼ੀ ਗੁਰੂਦੱਤ ਨੂੰ ਹੈਲਪਲਾਈਨ ਨੰਬਰ ਤੋਂ ਐਕਸੀਡੈਂਟ ਹੋਣ ਸਬੰਧੀ ਫੋਨ ਆਇਆ, ਜਿਸ ਦੀ ਜਾਣਕਾਰੀ ਮੁਨਸ਼ੀ ਨੇ ਉਸ ਨੂੰ ਦਿੱਤੀ ।
ਇਹ ਵੀ ਪੜ੍ਹੋ : CM ਮਾਨ ਵੱਲੋਂ ਕਿਸਾਨਾਂ ਦਾ ਇਕ ਹੋਰ ਵਾਅਦਾ ਪੂਰਾ, ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ
ਜਦੋਂ ਉਹ ਹੌਲਦਾਰ ਗੁਰਪ੍ਰੀਤ ਸਿੰਘ ਨੂੰ ਲੈ ਕੇ ਪਿੰਡ ਦਾਖਾ ਨੇੜੇ ਲੱਕੜ ਦੇ ਆਰੇ ਵਾਲੇ ਕੱਟ ਕੋਲ ਗਿਆ ਤਾਂ ਦੇਖਿਆ ਕਿ ਮਹਿੰਦਰਾ ਬੋਲੈਰੋ ਅਤੇ ਰਿਕਸ਼ਾ ਰੇਹੜੀ ਦਾ ਐਕਸੀਡੈਂਟ ਹੋਇਆ ਸੀ। ਜਦੋਂ ਉਹ ਅਤੇ ਗੁਰਪ੍ਰੀਤ ਸਿੰਘ ਐਕਸੀਡੈਂਟ ਹੋਈਆਂ ਗੱਡੀਆਂ ਨੂੰ ਸਾਈਡ ’ਤੇ ਲਗਵਾ ਰਹੇ ਸਨ, ਜਿੱਥੇ ਮਹਿੰਦਰਾ ਬੋਲੈਰੋ ਦਾ ਡਰਾਈਵਰ ਸੁਨੀਲ ਕੁਮਾਰ ਅਤੇ ਸਿਕੰਦਰ ਲਾਲ ਵੀ ਮੌਜੂਦ ਸਨ ਤਾਂ ਇੰਨੇ ’ਚ ਦੋ ਵਿਆਕਤੀ ਲੁਧਿਆਣਾ ਸਾਈਡ ਤੋਂ ਗੱਡੀ ਲੈ ਕੇ ਆਏ ਅਤੇ ਆਉਂਦੇ ਸਾਰ ਹੀ ਉਸ ਦੇ ਗਲ਼ ਪੈ ਗਏ ਅਤੇ ਦੋਵਾਂ ’ਚੋਂ ਇਕ ਵਿਅਕਤੀ, ਜਿਸ ਦਾ ਨਾਂ ਚਤਰਦੀਪ ਸਿੰਘ ਸੀ, ਨੇ ਮੈਨੂੰ ਗਲਾਵੇ ਤੋਂ ਫੜ ਲਿਆ ਅਤੇ ਵਰਦੀ ਦਾ ਬਟਨ ਤੋੜ ਦਿੱਤਾ ਤੇ ਆਪਣੇ ਹੱਥ ’ਚ ਫੜੀ ਕੱਚ ਦੀ ਬੋਤਲ ਉਸ ਦੇ ਖੱਬੇ ਹੱਥ ’ਚ ਮਾਰੀ, ਜਿਸ ਨਾਲ ਉਸਦੀਆਂ ਉਂਗਲਾਂ ’ਤੇ ਸੱਟਾਂ ਲੱਗੀਆਂ। ਇਸ ਦੌਰਾਨ ਦੂਸਰੇ ਵਿਅਕਤੀ ਲਖਵੀਰ ਸਿੰਘ ਨੇ ਆਪਣੇ ਹੱਥ ’ਚ ਫੜੀ ਲੱਕੜ ਦੀ ਸੋਟੀ ਵੀ ਉਸ ਦੇ ਸੱਜੇ ਹੱਥ ਦੀ ਉਂਗਲ ’ਤੇ ਮਾਰੀ ਅਤੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ। ਹਮੀਰ ਸਿੰਘ ਅਨੁਸਾਰ ਇਹ ਵਿਅਕਤੀ ਗਾਲ੍ਹਾਂ ਕੱਢਦੇ ਹੋਏ ਆਪਣੀ ਸਵਿਫਟ ਡਿਜ਼ਾਇਰ ਗੱਡੀ ’ਚ ਮੌਕੇ ਤੋਂ ਭੱਜ ਗਏ ਅਤੇ ਜਦੋਂ ਉਹ ਐਕਸੀਡੈਂਟ ਵਾਲੀਆਂ ਗੱਡੀਆ ਥਾਣੇ ਲੈ ਕੇ ਆਇਆ ਤਾਂ ਉਕਤ ਦੋਵੇਂ ਵਿਅਕਤੀ ਉਸ ਤੋਂ ਪਹਿਲਾਂ ਹੀ ਥਾਣੇ ’ਚ ਬੈਠੇ ਸਨ, ਜਿਨ੍ਹਾਂ ਨੇ ਮੈਨੂੰ ਦੇਖਦਿਆਂ ਫਿਰ ਗਾਲੀ-ਗਲੋਚ ਕੀਤਾ।
ਇਹ ਵੀ ਪੜ੍ਹੋ : ਦਸੂਹਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਮੌਤ