ਖੇਤ ’ਚ ਖੜ੍ਹੀ ਸਵਾ ਦੋ ਏਕੜ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ
Saturday, Apr 10, 2021 - 04:45 PM (IST)

ਬੁਢਲਾਡਾ (ਬਾਂਸਲ)-ਸਥਾਨਕ ਸ਼ਹਿਰ ਦੇ ਕੁਲਾਣਾ ਰੋਡ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਸਵਾ 2 ਏਕੜ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਸੜਨ ਦਾ ਸਮਾਚਾਰ ਮਿਲਿਆ ਹੈ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਸਿੰਮੀ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਏਕੜ ’ਚ ਫੈਲੀ ਕਣਕ ਦੀ ਫਸਲ ਅਚਾਨਕ ਅੱਗ ਲੱਗਣ ਕਾਰਨ ਸੁਆਹ ਹੋ ਗਈ।
ਇਸੇ ਤਰ੍ਹਾਂ ਉਨ੍ਹਾਂ ਨਾਲ ਲੱਗਦੀ ਸੁਖਵਿੰਦਰ ਸਿੰਘ ਦੀ ਸਵਾ ਏਕੜ ਕਣਕ ਅੱਗ ਲੱਗਣ ਕਾਰਨ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਦੱਸਿਆ ਕਿ ਕਣਕ ਦੇ ਆਸ-ਪਾਸ ਕੁੱਝ ਝੁੱਗੀਆਂ-ਝੌਂਪੜੀਆਂ ’ਚ ਰਹਿੰਦੇ ਲੋਕਾਂ ਦੀ ਵਸੋਂ ਕਾਰਨ ਇਸ ਨੂੰ ਅਣਗਹਿਲੀ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਸਿਟੀ ਪੁਲਸ ਬੁਢਲਾਡਾ ਨੂੰ ਇਸ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਹੈ। ਐੱਸ. ਐੱਚ. ਓ. ਸਿਟੀ ਸੁਰਜਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ।