ਜੂਸ ਦੇ ਭਾੜੇ ’ਚੋਂ ਰਕਮ ਕੱਟੇ ਜਾਣ ਦੇ ਫੈਸਲੇ ਤੋਂ ਦੁਖੀ ਆਪ੍ਰੇਟਰਾਂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Sunday, Jul 14, 2024 - 01:58 AM (IST)

ਭਵਾਨੀਗੜ੍ਹ (ਕਾਂਸਲ) :- ਸਥਾਨਕ ਟਰੱਕ ਯੂਨੀਅਨ ਦੇ ਟਰੱਕ ਆਪ੍ਰੇਟਰਾਂ ਵੱਲੋਂ ਇਕ ਫੈਟਕਰੀ ਦੇ ਜੂਸ ਦੀ ਢੋਆ ਢੁਆਈ ਦੇ ਭਾੜੇ ’ਚੋਂ ਅਪ੍ਰੇਟਰਾਂ ਤੋਂ 1.35 ਫੀਸਦੀ ਨਜਾਇਜ਼ ਤੌਰ ’ਤੇ ਕੱਟੇ ਜਾਣ ਦੇ ਦੋਸ਼ ਲਗਾਉਂਦਿਆਂ ਯੂਨੀਅਨ ਦੇ ਪ੍ਰਧਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਬਿੱਟੂ ਤੇ ਪ੍ਰਗਟ ਸਿੰਘ ਢਿੱਲੋਂ, ਚਮਕੌਰ ਸਿੰਘ, ਨਰਿੰਦਰ ਸਿੰਘ, ਪ੍ਰਗਟ ਸਿੰਘ ਰਾਮਪੁਰਾ ਰੋਡ, ਹਰਪਾਲ ਸਿੰਘ, ਪਰਮਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਵੱਲੋਂ ਕਥਿਤ ਤੌਰ ’ਤੇ ਕੇਵਲ ਚੰਨੋਂ ਵਿਖੇ ਸਥਿਤ ਇਕ ਫੈਕਟਰੀ ਦੇ ਜੂਸ ਦੀ ਢੋਆ ਢੁਆਈ ਕਰਨ ਵਾਲੇ ਟਰੱਕ ਅਪ੍ਰੇਟਰਾਂ ਦੇ ਭਾੜੇ ’ਚੋਂ 1.35 ਫੀਸਦੀ ਰਕਮ ਕੱਟਣ ਸਬੰਧੀ ਨਵਾਂ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਤੇ ਇਹ ਰਕਮ ਟਰੱਕ ਆਪ੍ਰੇਟਰ ਨੂੰ ਜੂਸ ਦੀ ਢੋਆ ਢੁਆਈ ਕਰਨ ਤੋਂ ਪਹਿਲਾਂ ਹੀ ਯੂਨੀਅਨ ਦੇ ਖਾਤੇ ’ਚ ਪਾਉਣੀ ਪੈਂਦੀ ਹੈ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਟਰੱਕ ਆਪ੍ਰੇਟਰਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀਆਂ ਗੱਡੀਆਂ ਦੇ ਨੰਬਰ ਗੋਲ ਕਰਕੇ ਉਨ੍ਹਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਨਾਲ ਹੀ ਯੂਨੀਅਨ ’ਚੋਂ ਟਰੱਕ ਕੱਢ ਦੇਣ ਦੀਆਂ ਕਥਿਤ ਤੌਰ ‘ਤੇ ਧਮਕੀਆਂ ਦੇ ਕੇ ਡਰਾਇਆ ਧਮਕਾਇਆ ਵੀ ਜਾਂਦਾ ਹੈ। ਇਸ ਦੇ ਚਲਦਿਆਂ ਕਈ ਆਪ੍ਰਟਰਾਂ ਵੱਲੋਂ ਯੂਨੀਅਨ ਦੇ ਖਾਤੇ ’ਚ ਇਸ ਦੀ ਅਦਾਇਗੀ ਕੀਤੀ ਵੀ ਗਈ ਹੈ। ਪਰ ਉਨ੍ਹਾਂ ਨੂੰ ਪ੍ਰਧਾਨ ਦਾ ਇਹ ਜ਼ਬਰਦਸਤੀ ਦਾ ਫੈਸਲਾ ਮਨਜ਼ੂਰ ਨਹੀਂ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ। ਪਰ ਜਦੋਂ ਪ੍ਰਸ਼ਾਸਨ ਵੱਲੋਂ ਇਸ ਗ਼ਲਤ ਫੈਸਲੇ ਨੂੰ ਰੋਕਣ ਸਬੰਧੀ ਕੋਈ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਅਪ੍ਰੇਟਰਾਂ ਵੱਲੋਂ ਫਿਰ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ, ਜਿਥੋਂ ਮਾਨਯੋਗ ਅਦਾਲਤ ਵੱਲੋਂ ਟਰੱਕ ਯੂਨੀਅਨ ਦੇ ਇਸ ਫੈਸਲੇ 'ਤੇ ਰੋਕ ਲਗਾਉਂਦਿਆਂ ਸਟੇਅ ਆਰਡਰ ਜਾਰੀ ਕਰ ਦਿੱਤੇ ਹਨ।

PunjabKesari

ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ

ਆਪ੍ਰੇਟਰਾਂ ਨੇ ਕਿਹਾ ਕਿ ਪਹਿਲਾਂ ਹੀ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ, ਸੜਕਾਂ ਉਪਰ ਥਾਂ ਥਾਂ ਲੱਗੇ ਟੋਲ ਪਲਾਜ਼ਾ, ਸਪੇਅਰ ਪਾਰਟਸ ਤੇ ਮਹਿੰਗੇ ਭਾਅ ਦੇ ਟਾਇਰਾਂ ਸਮੇਤ ਹੋਰ ਖਰਚਿਆਂ ਦੇ ਵਧਣ ਕਾਰਨ ਪਹਿਲਾਂ ਹੀ ਉਹ ਘਾਟੇ ’ਚ ਹਨ ਤੇ ਉਨ੍ਹਾਂ ਦੇ ਭਾੜੇ ’ਚੋਂ ਇਹ ਰਾਸ਼ੀ ਕੱਟੇ ਜਾਣ ਕਾਰਨ ਉਹ ਬੁਹਤ ਦੁਖੀ ਹਨ। ਪਰ ਹੁਣ ਮਾਣਯੋਗ ਕੋਰਟ ਵੱਲੋਂ ਇਸ 'ਤੇ ਰੋਕ ਲਗਾ ਦੇਣ ਕਾਰਨ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਆਸ ਅਤੇ ਸਕੂਨ ਮਿਲਿਆ ਹੈ।

ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਆਪ੍ਰੇਟਰਾਂ ਵਲੋਂ ਲਗਾਏ ਗਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਸਭ ਦੀ ਸਾਂਝੀ ਇਕ ਸੰਸਥਾ ਹੈ ਜਿਸ ਰਾਹੀਂ ਸੈਂਕੜੇ ਪਰਿਵਾਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸ ਲਈ ਸੰਸਥਾ ਨੂੰ ਚਲਾਉਣ ਲਈ 15 ਦੇ ਕਰੀਬ ਸਾਬਕਾ ਪ੍ਰਧਾਨਾਂ ਦੀ ਸਹਿਮਤੀ ਨਾਲ ਯੂਨੀਅਨ ਦੇ ਫੈਸਲੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਧੱਕੇ ਨਾਲ ਕਿਸੇ ਵੀ ਆਪਰੇਟਰ ਕੋਲੋਂ ਇਕ ਵੀ ਰੁਪਈਆ ਨਹੀਂ ਕੱਟਿਆ ਜਾਂਦਾ। ਕੰਪਨੀ ਠੇਕੇਦਾਰ ਨੂੰ ਕਿਰਾਇਆ ਦਿੰਦੀ ਹੈ ਤੇ ਅੱਗੋਂ ਠੇਕੇਦਾਰ ਯੂਨੀਅਨ ਨੂੰ ਕਿਰਾਇਆ ਦਿੰਦਾ ਹੈ। ਕੋਰਟ ਦੇ ਹੁਕਮਾਂ ਨਾਲ ਮੈਂ ਪਹਿਲਾਂ ਹੀ ਸਹਿਮਤ ਹਾਂ ਅਤੇ ਮੇਰੇ ਵੱਲੋਂ ਕਿਸੇ ਵੀ ਆਪ੍ਰੇਟਰ ਦਾ ਨਾਮ ਸੂਚੀ ਵਿਚੋਂ ਨਹੀਂ ਕੱਟਿਆ ਅਤੇ ਨਾ ਹੀ ਕਿਸੇ ਤੋਂ ਧੱਕੇ ਨਾਲ ਕੋਈ ਵਸੂਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਹੋਣ ਵਾਲੀ ਪੁਕਾਰ ’ਤੇ ਇਸ ਮਸਲੇ ਸਬੰਧੀ ਸਾਰੇ ਟਰੱਕ ਆਪਰੇਟਰਾਂ ਨੂੰ ਵੀ ਜਾਣੂੰ ਕਰਵਾ ਦੇਵਾਗਾਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News