ਸ਼ਮਸ਼ੇਰ ਦੂਲੋ ਨੇ ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ, ਹਾਈਕਮਾਨ ਨੂੰ ਪੱਤਰ ਲਿਖ ਕੀਤੀ ਇਹ ਮੰਗ

Friday, Feb 11, 2022 - 01:22 PM (IST)

ਸ਼ਮਸ਼ੇਰ ਦੂਲੋ ਨੇ ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ, ਹਾਈਕਮਾਨ ਨੂੰ ਪੱਤਰ ਲਿਖ ਕੀਤੀ ਇਹ ਮੰਗ

ਚੰਡੀਗੜ੍ਹ (ਅਸ਼ਵਨੀ) : ਪੰਜਾਬ ’ਚ ਕਾਂਗਰਸ ਦੀ ਟਿਕਟ ਅਲਾਟਮੈਂਟ ’ਤੇ ਰਾਜ ਸਭਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀਆਂ ਟਿਕਟਾਂ ਵੇਚੀਆਂ ਗਈਆਂ ਹਨ। ਇਸ ਲਈ ਮਾਫੀਆ ਨਾਲ ਸਬੰਧ ਰੱਖਣ ਵਾਲੇ, ਘਪਲਿਆਂ ’ਚ ਸ਼ਾਮਲ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਦੂਲੋ ਨੇ ਇਸ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਕ ਪੱਤਰ ਵੀ ਲਿਖਿਆ ਹੈ। ਦੂਲੋ ਨੇ ਆਪਣੇ ਪੱਤਰ ਵਿਚ ਕਾਂਗਰਸ ਪ੍ਰਧਾਨ ਨੂੰ ਪੰਜਾਬ ’ਚ ਟਿਕਟ ਅਲਾਟਮੈਂਟ ਦੀ ਜਾਂਚ ਲਈ ਇਕ ਕਮੇਟੀ ਗਠਿਤ ਕਰਨ ਦੀ ਬੇਨਤੀ ਕੀਤੀ ਹੈ। ਚੰਡੀਗੜ੍ਹ ਵਿਚ ਗੱਲਬਾਤ ਕਰਦਿਆਂ ਦੂਲੋ ਨੇ ਕਿਹਾ ਕਿ ਪੰਜਾਬ ਵਿਚ ਇਕ ਫਾਰਮੂਲੇ ਤਹਿਤ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਮਜਬੂਰ ਕਰ ਦਿੱਤਾ ਗਿਆ ਕਿ ਉਹ ਪਾਰਟੀ ਨੂੰ ਅਲਵਿਦਾ ਕਹਿ ਦੇਣ। ਸੀਨੀਅਰ ਕਾਂਗਰਸ ਨੇਤਾ ਐੱਚ.ਐੱਸ. ਹੰਸਪਾਲ, ਜਗਮੋਹਨ ਕੰਗ ਇਸ ਦੀ ਵੱਡੀ ਉਦਾਹਰਣ ਹੈ। ਸੀਨੀਅਰ ਕਾਂਗਰਸ ਨੇਤਾ ਮੋਹਿੰਦਰ ਸਿੰਘ ਕੇ. ਪੀ. ਨੂੰ ਬੇਇੱਜ਼ਤ ਕੀਤਾ ਗਿਆ।

ਇਹ ਵੀ ਪੜ੍ਹੋ : ਮੇਰਾ ਚੋਣ ਲੜਨ ਦਾ ਮਨ ਨਹੀਂ ਸੀ ਪਰ ਪਾਰਟੀ ਦਾ ਹੁਕਮ ਸਿਰ ਮੱਥੇ : ਪ੍ਰਕਾਸ਼ ਸਿੰਘ ਬਾਦਲ

ਇਸੇ ਤਹਿਤ ਦੂਲੋ ਨੇ ਸੀਨੀਅਰ ਕਾਂਗਰਸ ਨੇਤਾ ਨਿਰਮਲ ਸਿੰਘ ਸ਼ੁਤਰਾਣਾ, ਨੱਥੂ ਰਾਮ, ਅਜਾਇਬ ਸਿੰਘ ਭੱਟੀ, ਦਮਨ ਬਾਜਵਾ, ਜੋਗਿੰਦਰ ਮਾਨ, ਸਤਿਕਾਰ ਕੌਰ ਦਾ ਨਾਂ ਲੈਂਦਿਆਂ ਕਿਹਾ ਕਿ ਇਨ੍ਹਾਂ ਦਾ ਕੀ ਕਸੂਰ ਸੀ ਕਿ ਇਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਦੂਲੋ ਨੇ ਕਿਹਾ ਕਿ ਕੀ ਇਨ੍ਹਾਂ ਨੂੰ ਇਸ ਲਈ ਟਿਕਟ ਨਹੀਂ ਦਿੱਤੀ ਗਈ ਕਿ ਇਹ ਇਮਾਨਦਾਰ ਹਨ। ਦੂਲੋ ਨੇ ਕਿਹਾ ਕਿ ਇਕ ਪਾਸੇ ਤਾਂ ਰਾਹੁਲ ਗਾਂਧੀ ਜਦੋਂ ਪੰਜਾਬ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪੰਜਾਬ ਨੂੰ ਨਸ਼ਾ, ਮਾਫੀਆ ਤੋਂ ਮੁਕਤ ਕਰ ਦੇਣਾ ਹੈ ਪਰ ਮੁਕਤ ਤਾਂ ਕੀ ਕਰਨਾ ਹੈ, ਮਾਫੀਆ ਨੂੰ ਟਿਕਟ ਦਿੱਤੀ ਗਈ। ਜੋ ਸੇਵਾਦਾਰ ਹਨ, ਇਮਾਨਦਾਰ ਹਨ, ਉਨ੍ਹਾਂ ਨੂੰ ਕਹਿ ਦਿੱਤਾ ਕਿ ਜਿੱਤ ਨਹੀਂ ਸਕਦੇ, ਇਸ ਲਈ ਟਿਕਟ ਨਹੀਂ ਦਿੱਤੀ ਗਈ। ਦੂਲੋ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ’ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਹਰੀਸ਼ ਚੌਧਰੀ ਖੁਦ ਵੀ ਤਾਂ ਕਈ ਵਾਰ ਚੋਣ ਹਾਰੇ ਹਨ। ਅਜੇ ਮਾਕਨ ਵੀ ਹਾਰੇ ਹਨ। ਇਸ ਲਈ ਜਾਣਬੁੱਝ ਕੇ ਸਰਵੇ ਦਾ ਹਵਾਲਾ ਦਿੰਦਿਆਂ ਕੁੱਝ ਚੋਣਵੇਂ ਲੋਕਾਂ ਦੀ ਟਿਕਟ ਕੱਟੀ ਗਈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਦਾਅਵਾ, ਡਰ ਕਾਰਨ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ ਬਿਕਰਮ ਮਜੀਠੀਆ

ਦੂਲੋ ਨੇ ਟਿਕਟ ਅਲਾਟਮੈਂਟ ਨੂੰ ਲੈ ਕੇ ਬਣਾਈ ਗਈ ਸਕ੍ਰੀਨਿੰਗ ਕਮੇਟੀ ਨੂੰ ਵੀ ਕਟਹਿਰੇ ’ਚ ਖੜ੍ਹਾ ਕੀਤਾ। ਦੂਲੋ ਨੇ ਕਿਹਾ ਕਿ ਸਕ੍ਰੀਨਿੰਗ ਕਮੇਟੀ ’ਚ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ ਪਰ ਉਨ੍ਹਾਂ ਨੇ ਵੀ ਇਸ ਗਲਤ ਟਿਕਟ ਅਲਾਟਮੈਂਟ ਖਿਲਾਫ਼ ਆਵਾਜ਼ ਨਹੀਂ ਚੁੱਕੀ। ਦੂਲੋ ਨੇ ਕਿਹਾ ਕਿ ਜਦੋਂ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ ਤਾਂ ਇਕ ਵੀ ਗਲਤ ਵਿਅਕਤੀ ਨੂੰ ਟਿਕਟ ਨਹੀਂ ਲੈਣ ਦਿੱਤੀ। ਦੂਲੋ ਨੇ ਦੋਸ਼ ਲਗਾਇਆ ਕਿ ਟਿਕਟ ਦੀ ਸਿਫਾਰਿਸ਼ ਕਰਨ ਵਾਲੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਹਨ੍ਹੇਰੇ ਵਿਚ ਰੱਖ ਕੇ ਧੋਖਾ ਕੀਤਾ ਹੈ। ਦੂਲੋ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣਗੇ।

‘ਚੰਨੀ ਵਰਗਾ ਗਰੀਬ ਹੋਵੇ ਤਾਂ ਪੌਂ-ਬਾਰ੍ਹਾਂ ਹੋ ਜਾਣ’

ਸ਼ਮਸ਼ੇਰ ਸਿੰਘ ਦੂਲੋ ਨੇ ਚਰਨਜੀਤ ਚੰਨੀ ਦੇ ਗਰੀਬ ਹੋਣ ਕਾਰਣ ਮੁੱਖ ਮੰਤਰੀ ਚਿਹਰਾ ਬਣਾਏ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇਕਰ ਚੰਨੀ ਵਰਗਾ ਗਰੀਬ ਹੋਵੇ ਤਾਂ ਪੌਂ-ਬਾਰਾਂ ਹੋ ਜਾਣ। ਦੂਲੋ ਨੇ ਇਹ ਵੀ ਕਿਹਾ ਕਿ ਸਿਆਸਤ ’ਚ ਚੰਨੀ ਤੋਂ ਵੀ ਵੱਡੇ-ਵੱਡੇ ਗਰੀਬ ਬੈਠੇ ਹਨ। ਦੂਲੋ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬ ਵਿਚ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਸਮਰਥਨ ਕਰਦੇ ਰਹੇ ਹਨ ਪਰ ਚਰਨਜੀਤ ਸਿੰਘ ਚੰਨੀ ਨੂੰ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲਿਆਂ ਦੇ ਹਿਤਾਂ ਦਾ ਧਿਆਨ ਰੱਖਣਾ ਚਾਹੀਦਾ ਸੀ, ਜਿਨ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਵਿਧਾਇਕਾਂ ਦਾ ਟਿਕਟ ਕੱਟਿਆ ਗਿਆ, ਉਸ ਖਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਸੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News