ਸਿਵਲ ਸਰਜਨ ਦੀ ਅਗਵਾਈ ਹੇਠ ਬਰਨਾਲਾ ਜ਼ਿਲੇ ’ਚ ਛਾਪੇਮਾਰੀ
Thursday, Oct 25, 2018 - 05:44 AM (IST)

ਪਟਿਆਲਾ, (ਪਰਮੀਤ)- ਸਿਹਤ ਵਿਭਾਗ ਪਟਿਆਲਾ ਦੀ ਇਕ ਉੱਚ ਪੱਧਰੀ ਟੀਮ ਵੱਲੋਂ ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਬਰਨਾਲਾ ਜ਼ਿਲੇ ਦੇ ਤਪਾ ਮੰਡੀ ਨੇਡ਼ਲੇ ਪਿੰਡ ਢਿੱਲਵਾਂ ਵਿਖੇ ਇਕ ਨਰਸਿੰਗ ਹੋਮ ’ਤੇ ਛਾਪੇਮਾਰੀ ਕਰ ਕੇ ਲਿੰਗ ਜਾਂਚ ਕਰਦਾ ਡਾਕਟਰ ਰੰਗੇ ਹੱਥੀਂ ਫਡ਼ਿਆ ਗਿਆ ਜਿਸ ਨੂੰ ਪੁਲਸ ਹਵਾਲੇ ਕਰ ਕੇ ਉਸ ’ਤੇ ਕੇਸ ਦਰਜ ਕਰ ਲਿਆ ਗਿਆ।
®ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਢਿੱਲਵਾਂ ਵਿਚ ਇਕ ਪ੍ਰਾਈਵੇਟ ਨਰਸਿੰਗ ਹੋਮ ’ਚ ਲਿੰਗ ਜਾਂਚ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ’ਤੇ ਵਿਭਾਗ ਨੇ ਇਕ ਜਾਅਲੀ ਮਰੀਜ਼ ਬਣਾ ਕੇ ਉਕਤ ਨਰਸਿੰਗ ਹੋਮ ਵਿਖੇ ਭੇਜਿਆ ਜਿਸ ਨੇ ਟੈਸਟ ਉਪਰੰਤ ਜਾਅਲੀ ਮਰੀਜ਼ ਨੂੰ ਦੱਸਿਆ ਕਿ ਉਸ ਦੇ ਗਰਭ ਵਿਚ ਲਡ਼ਕਾ ਹੈ। ਇਸ ਪਰਖ ਦੌਰਾਨ ਹੀ ਸਿਹਤ ਵਿਭਾਗ ਦੀ ਟੀਮ ਨੇ ਉਥੇ ਛਾਪਾਮਾਰੀ ਕੀਤੀ। ਟੈਸਟ ਵਾਸਤੇ ਲਏ ਪੈਸੇ ਜੋ ਕਿ ਪਹਿਲਾਂ ਹੀ ਵਿਭਾਗ ਨੇ ਨੰਬਰ ਨੋਟ ਕਰ ਕੇ ਜਾਅਲੀ ਮਰੀਜ਼ ਨੂੰ ਦਿੱਤੇ ਸਨ, ਵੀ ਬਰਾਮਦ ਕਰ ਲਏ।
®ਇਸ ਦੌਰਾਨ ਟੀਮ ਨੇ ਈ. ਸੀ. ਜੀ. ਤੇ ਹੋਰ ਮਸ਼ੀਨਰੀ ਵੀ ਜ਼ਬਤ ਕਰ ਲਈ। ਸਿਹਤ ਵਿਭਾਗ ਬਰਨਾਲਾ ਦੀ ਟੀਮ ਨੂੰ ਮੌਕੇ ’ਤੇ ਸੱਦ ਲਿਆ ਜਿਥੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਦੀ ਅਗਵਾਈ ਹੇਠ ਟੀਮ ਪੁੱਜ ਗਈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਦੇਖਿਆ ਗਿਆ ਕਿ ਉਕਤ ਡਾਕਟਰ ਕੋਲ ਕੋਈ ਡਿਗਰੀ ਜਾਂ ਲਾਇਸੰਸ ਨਹੀਂ ਸੀ। ਉਸ ਨੂੰ ਪੁਲਸ ਹਵਾਲੇ ਕੀਤਾ ਗਿਆ। ਪੁਲਸ ਨੇ ਕੇਸ ਦਰਜ ਕਰ ਲਿਆ ਹੈ।