ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਆਏ ਅਧਿਕਾਰੀ ਮੋੜੇ ਬੇਰੰਗ

Saturday, Oct 22, 2022 - 10:35 PM (IST)

ਜੈਤੋ (ਗੁਰਮੀਤਪਾਲ) : ਪਿੰਡ ਰਣ ਸਿੰਘ ਵਾਲਾ ਦੇ ਕਿਸਾਨ ਸਿਕੰਦਰ ਸਿੰਘ ਦੀ ਜ਼ਮੀਨ ਕੁਰਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੋਕੀ। ਸਬ-ਡਵੀਜ਼ਨਲ ਮੈਜਿਸਟ੍ਰੇਟ ਜੈਤੋ ਦੇ ਰੀਡਰ ਆਪਣੇ ਪੂਰੇ ਅਮਲੇ ਨਾਲ ਜਦੋਂ ਪਿੰਡ ਰਣ ਸਿੰਘ ਵਾਲਾ ਪਹੁੰਚੇ ਤਾਂ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਤੇ ਕਿਸਾਨਾਂ ਨੇ ਨਾਅਰਿਆਂ ਨਾਲ ਵਿਰੋਧ ਕੀਤਾ ਤੇ ਕਿਸਾਨ ਦੀ ਜ਼ਮੀਨ ਕੁਰਕ ਕਰਨ ਪਹੁੰਚੇ ਅਧਿਕਾਰੀਆਂ ਨੂੰ ਬੇਰੰਗ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਇਟਲੀ 'ਚ ਨਵੀਂ ਸਰਕਾਰ ਦਾ ਗਠਨ, ਜਾਰਜੀਆ ਮੇਲੋਨੀ ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

ਕਿਸਾਨ ਆਗੂਆਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਿਕੰਦਰ ਸਿੰਘ ਨੇ ਕੋਆਪ੍ਰੇਟਿਵ ਬੈਂਕ ਕੋਟਕਪੂਰਾ ਤੋਂ 1 ਲੱਖ 60 ਹਜ਼ਾਰ ਰੁਪਏ ਲੋਨ ਲਿਆ ਸੀ ਅਤੇ 70 ਹਜ਼ਾਰ ਰੁਪਏ ਕਿਸਾਨ ਨੇ ਬੈਂਕ ਲੋਨ ਖਾਤੇ ਵਿੱਚ ਭਰ ਦਿੱਤੇ ਸਨ। ਬੈਂਕ ਦੇ ਮੁਲਾਜ਼ਮਾਂ ਵੱਲੋਂ ਕਹਿਣ ਮੁਤਾਬਕ 1 ਲੱਖ 20 ਹਜ਼ਾਰ ਰੁਪਏ ਦੀ ਕਰਜ਼ਾ ਮੁਆਫੀ ਆ ਗਈ ਪਰ ਬੈਂਕ ਅਧਿਕਾਰੀਆਂ ਵੱਲੋਂ ਕਿਸਾਨ ਦੇ ਸਿਰ 3 ਲੱਖ 38 ਹਜ਼ਾਰ ਬਕਾਇਆ ਕੱਢ ਕੇ ਉਸ ਦੀ ਜ਼ਮੀਨ ਕੁਰਕੀ ਦੇ ਹੁਕਮ ਲੈ ਆਏ, ਜਿਸ ਦਾ ਜ਼ਿਲ੍ਹਾ ਆਗੂ ਹਰਪ੍ਰੀਤ ਦਲ ਸਿੰਘ ਵਾਲਾ, ਬਲਾਕ ਜੈਤੋ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ, ਨਛੱਤਰ ਸਿੰਘ ਰਣ ਸਿੰਘ ਵਾਲਾ ਨੇ ਮੌਕੇ ’ਤੇ ਪਹੁੰਚ ਕੇ ਵਿਰੋਧ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਢਾਅ ਲਾਉਣ ਵਾਲੇ ਨੀਰਵ ਮੋਦੀ ਵਰਗੇ ਸਰਕਾਰ ਦੇ ਚਹੇਤੇ ਦੇਸ਼ ਦਾ ਪੈਸਾ ਲੈ ਕੇ ਬਾਹਰ ਬੇਫਿਕਰ ਆਪਣੇ ਬਿਜ਼ਨੈੱਸ ਕਰ ਰਹੇ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਮੁਆਫ ਕਰਕੇ ਉਨ੍ਹਾਂ ਦੀ ਆਮਦਨ ਵਿੱਚ 10-10 ਗੁਣਾ ਵਾਧਾ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ’ਤੇ ਕੁਦਰਤੀ ਆਫਤਾਂ ਅਤੇ ਸਰਕਾਰ ਦੀਆਂ ਨਾਕਾਮੀਆਂ ਤਹਿਤ ਜ਼ਮੀਨ ਬਦਲੇ ਲਏ ਕਰਜ਼ੇ ਭਰਨ ਤੋਂ ਅਸਮਰੱਥ ਕਿਸਾਨਾਂ ਨੂੰ ਕਿਧਰੇ ਕੁਰਕੀਆਂ ਰਾਹੀਂ ਅਤੇ ਕਿਧਰੇ ਗ੍ਰਿਫਤਾਰੀਆਂ ਕਰਕੇ ਤੇ ਕਿਸਾਨਾਂ ਦੀਆਂ ਫੋਟੋਆਂ ਬੈਂਕਾਂ ਵਿੱਚ ਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ ਕੋਲੰਬੀਆ 'ਚ 2 ਪੰਜਾਬੀ ਅਧਿਆਪਕਾਵਾਂ ਨੇ ਵਧਾਇਆ ਮਾਣ, ਪ੍ਰੀਮੀਅਰਜ਼ ਐਵਾਰਡ ਨਾਲ ਸਨਮਾਨਿਤ

ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਾਰੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਜੂਨ ਸੁਖਾਲੀ ਹੋ ਸਕੇ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਪਵਿੱਤਰ ਸਿੰਘ ਰਣ ਸਿੰਘ ਵਾਲਾ, ਹਰਜਿੰਦਰ ਸਿੰਘ ਮੱਲਾ, ਬੇਅੰਤ ਸਿੰਘ ਰਣ ਸਿੰਘ ਵਾਲਾ ਆਦਿ ਕਿਸਾਨ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News