ਕਾਰ ਸਵਾਰ ਵਿਅਕਤੀ 30 ਕਿਲੋ ਭੁੱਕੀ ਸਣੇ ਗ੍ਰਿਫ਼ਤਾਰ
Tuesday, Oct 05, 2021 - 10:42 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਆਈ. ਪੀ. ਐੱਸ. ਸਵਪਨ ਸ਼ਰਮਾ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੇ ਨਿਰਦੇਸ਼ਾਂ ਅਤੇ ਡੀ. ਐੱਸ. ਪੀ. ਭਵਾਨੀਗੜ੍ਹ ਗੁਰਿੰਦਰ ਸਿੰਘ ਬੱਲ ਦੀ ਯੋਗ ਅਗਵਾਈ ਹੇਠ ਭਵਾਨੀਗੜ੍ਹ ਪੁਲਸ ਵੱਲੋਂ 30 ਕਿਲੋ ਭੁੱਕੀ ਸਮੇਤ ਕਾਰ ਸਵਾਰ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਭਵਾਨੀਗੜ੍ਹ ਬੱਲ ਨੇ ਦੱਸਿਆ ਕਿ ਏ. ਐੱਸ. ਆਈ. ਦਵਿੰਦਰ ਸਿੰਘ ਇੰਚਾਰਜ ਚੌਕੀ ਕਾਲਾਝਾੜ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਤੇ ਚੈਕਿੰਗ ਕਰ ਰਹੇ ਸਨ ਤਾਂ ਪੁਲਸ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਰਮਜੀਤ ਸਿੰਘ ਉਰਫ ਕਰਮਾ ਵਾਸੀ ਚਹਿਲ (ਪਟਿਆਲਾ) ਕਥਿਤ ਰੂਪ ਵਿਚ ਭੁੱਕੀ ਚੂਰਾ ਪੋਸਤ ਅਤੇ ਸ਼ਰਾਬ ਵੇਚਣ ਦਾ ਆਦੀ ਹੈ ਤੇ ਅੱਜ ਵੀ ਉਹ ਆਪਣੀ ਪੋਲੋ ਕਾਰ ’ਚ ਭੁੱਕੀ ਲੈ ਕੇ ਆ ਰਿਹਾ ਹੈ।
ਮਾਮਲੇ ਸਬੰਧੀ ਅਗਲੀ ਕਾਰਵਾਈ ਕਰਦਿਆਂ ਐੱਸ. ਆਈ. ਮਨਜੀਤ ਸਿੰਘ ਨੇ ਪੁਲਸ ਟੀਮ ਨਾਲ ਨਾਕਾਬੰਦੀ ਕਰ ਕੇ ਟੀ-ਪੁਆਇੰਟ ਪਿੰਡ ਮੁਨਸ਼ੀਵਾਲਾ ਕੋਲੋਂ ਉਕਤ ਕਰਮਜੀਤ ਸਿੰਘ ਉਰਫ ਕਰਮਾ ਨੂੰ ਕਾਬੂ ਕਰਕੇ ਕਾਰ ’ਚੋਂ 30 ਕਿਲੋ ਭੁੱਕੀ ਚੂਰਾ-ਪੋਸਤ ਬਰਾਮਦ ਕੀਤੀ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਕੀਤੀ ਪੁੱਛਗਿਛ ਦੌਰਾਨ ਉਸ ਨੇ ਦੱਸਿਆ ਕਿ ਉਹ ਦੋ-ਤਿੰਨ ਸਾਲ ਤੋਂ ਹਰਿਆਣੇ ਦੇ ਬਰਵਾਲਾ ਸ਼ਹਿਰ ਤੋਂ ਭੁੱਕੀ ਲਿਆ ਕੇ ਘੁੰਮ-ਫਿਰ ਕੇ ਭੁੱਕੀ ਵੇਚਦਾ ਹੈ। ਉਸ ਖਿਲਾਫ਼ ਪਹਿਲਾਂ ਵੀ ਰਾਜਸਥਾਨ ਵਿਖੇ 30 ਕਿਲੋ ਚੂਰਾ ਪੋਸਤ ਅਤੇ ਖਰੜ ਥਾਣੇ ’ਚ 500 ਪੇਟੀਆਂ ਸ਼ਰਾਬ ਦਾ ਮਾਮਲਾ ਦਰਜ ਹੈ। ਬੱਲ ਨੇ ਦੱਸਿਆ ਕਿ ਤਾਜ਼ਾ ਮਾਮਲੇ 'ਚ ਪੁਲਸ ਨੇ ਬਰਾਮਦ ਭੁੱਕੀ ਅਤੇ ਕਾਰ ਨੂੰ ਆਪਣੇ ਕਬਜ਼ੇ ’ਚ ਲੈਂਦਿਆਂ ਕਰਮਜੀਤ ਸਿੰਘ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ।