ਬੈਂਕ ’ਚੋਂ ਲੋਨ ਦਿਵਾਉਣ ਦੇ ਨਾਂ ’ਤੇ ਠੱਗੇ 60 ਹਜ਼ਾਰ ਰੁਪਏ

Thursday, Sep 13, 2018 - 04:09 AM (IST)

ਬੈਂਕ ’ਚੋਂ ਲੋਨ ਦਿਵਾਉਣ ਦੇ ਨਾਂ ’ਤੇ ਠੱਗੇ 60 ਹਜ਼ਾਰ ਰੁਪਏ

ਸ੍ਰੀ ਮੁਕਤਸਰ ਸਾਹਿਬ, (ਪਵਨ)- ਲੋਨ ਦਿਵਾਉਣ ਦੇ ਨਾਂ ’ਤੇ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਇਕ ਵਿਅਕਤੀ ਵੱਲੋਂ ਜੰਡਵਾਲਾ ਭੀਮੇਸ਼ਾਹ ਦੇ ਨਿਵਾਸੀ 27 ਵਿਅਕਤੀਆਂ ਨਾਲ ਖਾਤੇ ਖੁੱਲ੍ਹਵਾਉਣ ਦੇ ਨਾਂ ’ਤੇ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਪਰ ਬਾਅਦ ਵਿਚ ਉਸ ਨੇ ਕਿਸੇ ਨੂੰ ਵੀ ਲੋਨ ਨਹੀਂ ਦਿਵਾਇਆ, ਜਿਸ ਕਾਰਨ ਪੀੜਤਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਸਟੈਂਡ ਪੁਲਸ ਚੌਕੀ ਵਿਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾਂ ਕੁਲਦੀਪ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ, ਜਿੰਦਰ ਕੌਰ, ਜੋਤੀ, ਸਿਮਮੀਤ ਕੌਰ, ਜਸਵਿੰਦਰ ਕੌਰ, ਸੀਤਾ ਰਾਣੀ, ਪਰਮਜੀਤ ਕੌਰ, ਰਾਜਵੀਰ ਕੌਰ, ਬਲਵਿੰਦਰ ਕੌਰ, ਰਾਜ ਕੌਰ, ਰਾਣੀ, ਸੀਤਲਾ ਆਦਿ ਨੇ ਦੱਸਿਆ ਕਿ ਕਰੀਬ ਦੋ ਹਫ਼ਤੇ ਪਹਿਲਾਂ ਉਨ੍ਹਾਂ ਦੇ ਪਿੰਡ ਵਿਚ ਪ੍ਰਭਜੋਤ ਸਿੰਘ ਨਾਂ ਦਾ ਇਕ ਵਿਅਕਤੀ ਆਇਆ ਸੀ। ਜਿਸ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਨੂੰ 50 ਹਜ਼ਾਰ ਰੁਪੲੇ ਦਾ ਲੋਨ ਦਿਵਾਏਗਾ। ਇਸ ਲਈ ਬੈਂਕ ਆਫ਼ ਇੰਡੀਆ ਵਿਚ ਖਾਤਾ ਖੁੱਲ੍ਹਵਾਉਣਾ ਜ਼ਰੂਰੀ ਹੈ। ਸਾਰਿਆਂ ਦੇ ਖਾਤੇ ਖੁੱਲ੍ਹਣ ’ਤੇ ਹੀ ਲੋਨ ਮਿਲੇਗਾ ਕਿਉਂਕਿ ਲੋਨ ਬੈਂਕ ਵਿਚ ਆਵੇਗਾ। 
ਉਸ ਨੇ ਕਿਹਾ ਕਿ ਜਿਸ ਦੇ ਕੋਲ ਪੈਨ ਕਾਰਡ ਹੈ, ਉਸ ਦਾ ਖਾਤਾ ਖੁੱਲ੍ਹਵਾਉਣ ਲਈ 2 ਹਜ਼ਾਰ ਰੁਪਏ ਲੱਗਣਗੇ, ਜਦਕਿ ਬਿਨਾਂ ਪੈਨ ਕਾਰਡ ਵਾਲੇ ਲਈ 2500 ਰੁਪਏ ਲੱਗਣਗੇ। ਉਨ੍ਹਾਂ ਨੇ ਪਿੰਡ ਦੇ 27 ਵਿਅਕਤੀਆਂ ਦਾ ਇਕ ਗਰੁੱਪ ਬਣਾ ਲਿਆ, ਜਿਨ੍ਹਾਂ ਤੋਂ ਪੈਸੇ ਇਕੱਠੇ ਕਰ ਕੇ ਉਨ੍ਹਾਂ ਨੇ 4 ਸਤੰਬਰ ਨੂੰ ਮਲੋਟ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ’ਚ 60 ਹਜ਼ਾਰ ਰੁਪੲੇ ਦੇ ਦਿੱਤੇ, ਜੋ ਕਿ ਪ੍ਰਭਜੋਤ ਸਿੰਘ ਨੇ ਬੈਂਕ ਵਿਚ ਬੈਠ ਕੇ ਲਏ ਸਨ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਜੇਕਰ ਕੱਢੀ ਜਾਵੇ ਤਾਂ ਮਾਮਲਾ ਸਾਫ਼ ਹੋ ਜਾਵੇਗਾ ਪਰ ਉਸ ਤੋਂ ਬਾਅਦ ਉਸ ਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। 
ਉੱਧਰ,  ਚੌਕੀ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦੂਸਰੇ ਪਾਸੇ ਪ੍ਰਭਜੋਤ ਸਿੰਘ ਨੂੰ ਵਾਰ-ਵਾਰ ਫੋਨ ਕਰਨ ’ਤੇ ਉਹ ਇਹੀ ਗੱਲ ਕਹਿ ਰਿਹਾ ਹੈ ਕਿ ਉਹ ਉਨ੍ਹਾਂ ਦੇ ਕੋਲ ਆ ਕੇ ਗੱਲ ਕਰੇਗਾ, ਇਸ ਤਰ੍ਹਾਂ ਕੁਝ ਵੀ ਨਹੀਂ ਦੱਸੇਗਾ। ਉਸ ਦਾ ਕੋਈ ਕਸੂਰ ਨਹੀਂ ਹੈ। 


Related News