ਜ਼ਿਲ੍ਹੇ ’ਚ ਹੋਵੇਗਾ 100 ਬੈਡਾਂ ਦੀ ਸਮਰੱਥਾ ਵਾਲਾ ਕੋਵਿਡ ਹਸਪਤਾਲ

08/24/2020 1:22:14 AM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ, ਸੁਖਪਾਲ)- ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਐੱਮ.ਕੇ.ਅਰਾਵਿੰਦ. ਕੁਮਾਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਐੱਚ.ਐੱਨ. ਸਿੰਘ ਦੇ ਯਤਨਾ ਸਦਕਾ ਹੁਣ ਜ਼ਿਲਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ 25 ਬਿਸਤਰਿਆਂ ਦੇ ਕੋਵਿਡ-19 ਹਸਪਤਾਲ ਤੋਂ ਅਪਗ੍ਰੇਡ ਕਰਕੇ 100 ਬਿਸਤਿਅਰਾਂ ਦਾ ਐਤਵਾਰ ਤੋਂ ਕੋਵਿਡ-19 ਹਸਪਤਾਲ ਬਣਾ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਡਾ. ਐੱਚ.ਐੱਨ. ਸਿੰਘ ਨੇ ਦੱਸਿਆ ਕਿ ਅੱਜ ਮਿਤੀ 23 ਅਗਸਤ 2020 ਤੋਂ ਜ਼ਿਲਾ ਹਸਪਤਾਲ ਨੂੰ ਕੋਵਿਡ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਹੋਰ ਸੇਵਾਵਾਂ ਜੋ ਕਿ ਰੁਟੀਨ ਸੇਵਾਵਾਂ ਸਿਹਤ ਵਿਭਾਗ ਵੱਲੋਂ ਇਸ ਹਸਪਤਾਲ ਵਿਚ ਮਿਲਦੀਆਂ ਸਨ, ਕੱਲ੍ਹ ਤੋਂ ਇਹ ਸੇਵਾਵਾਂ ਰੋਕ ਕੇ ਸਿਰਫ ਕੋਰੋਨਾ ਦੀ ਬੀਮਾਰੀ ਤੋਂ ਪ੍ਰਭਾਵਿਤ ਮਰੀਜ਼ ਹੀ ਦਾਖ਼ਲ ਕੀਤੇ ਜਾਣਗੇ ਅਤੇ ਰੁਟੀਨ ਦੀਆਂ ਸੇਵਾਵਾਂ ਜਿਵੇਂ ਕਿ ਜੱਚਾ-ਬੱਚਾ, ਨਸ਼ਾ ਮੁਕਤੀ ਅਤੇ ਹੋਰ ਸੇਵਾਵਾਂ ਸਿਵਲ ਹਸਪਤਾਲ ਗਿੱਦੜਬਾਹਾ ਅਤੇ ਸਿਵਲ ਹਸਪਤਾਲ ਮਲੋਟ ਵਿਖੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ

ਸਾਹਿਬ ਵਿਖੇ ਜ਼ਿਲਾ ਸਿਹਤ ਵਿਭਾਗ ਵੱਲੋਂ ਰੁਟੀਨ ਸੇਵਾਵਾਂ ਸ਼ੁਰੂ ਕਰਨ ਲਈ ਜਲਦੀ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਹਰ ਪੱਧਰ ’ਤੇ ਯਤਨ ਕਰ ਰਿਹਾ ਹੈ। ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸੇਵਾਵਾਂ ਦੇਣ ਲਈ ਸਮੇਂ-ਸਮੇਂ ਕੋਰੋਨਾ ਹਸਪਤਾਲਾਂ ਦੀ ਸਮਰੱਥਾ ਵਧਾਉਣ ਅਤੇ ਲੋੜ ਅਨੁਸਾਰ ਮਾਹਿਰ ਸਟਾਫ ਤਾਇਨਾਤ ਕਰਨਾ, ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ’ਚ ਆਏ ਕੇਸਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਇਕਾਂਤਵਾਸ ਕਰਨ, ਉਨ੍ਹਾਂ ਦੇ ਕੋਰੋਨਾ ਸਬੰਧੀ ਸੈਂਪਿਗ ਕਰਨਾ ਅਤੇ ਲੋੜ ਅਨੁਸਾਰ ਢੁੱਕਵੇਂ ਕਦਮ ਚੁੱਕਣੇ ਆਦਿ ਗਤੀਵਿਧੀਆਂ ਪੂਰੀ ਮੁਸਤੈਦੀ ਨਾਲ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਡਾ. ਸਤੀਸ਼ ਕੁਮਾਰ ਗੋਇਲ ਐੱਸ.ਐੱਮ.ਓ. ਇੰਚਾ. ਕੋਵਿਡ-19 ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਹੁਣ ਇਸ ਹਸਪਤਾਲ ਵਿਖੇ ਕੋਰੋਨਾ ਦੇ 100 ਮਰੀਜ਼ਾਂ ਨੂੰ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ । ਡਾ. ਵਿਕਰਮ ਅਸੀਜਾ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਸਾਨੂੰ ਕੋਰੋਨਾ ਤੋਂ ਬਚਣ ਲਈ ਸਮੇਂ-ਸਮੇਂ ਸਿਰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਂਦੇ ਰਹਿਣਾ ਚਾਹੀਦਾ ਹੈ।


Bharat Thapa

Content Editor

Related News