ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਪਰਿਵਾਰਾਂ ਦੀਆਂ ਬੱਚੀਆਂ ਦੀ ਟਰਾਈਡੈਂਟ ਗਰੁੱਪ ਦੇ ਡਾ. ਗੁਪਤਾ ਵੱਲੋਂ 21 ਲੱਖ ਦੀ ਸਹਾਇਤਾ

04/10/2022 7:06:49 PM

ਸੰਗਰੂਰ (ਸਿੰਗਲਾ, ਬੇਦੀ)-ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਸੰਗਰੂਰ ਵਿਖੇ ਅਹੁਦਾ ਸੰਭਾਲਣ ਮੌਕੇ ਆਪਣੀ ਤਨਖਾਹ ’ਚੋਂ ਹਰ ਮਹੀਨੇ ਜ਼ਰੂਰਤਮੰਦ ਲੜਕੀਆਂ ਦੀ ਪੜ੍ਹਾਈ ਲਈ 21 ਹਜ਼ਾਰ ਰੁਪਏ ਦੇਣ ਦੇ ਕੀਤੇ ਐਲਾਨ ਨੇ ਸਾਰਥਕ ਮੁਹਿੰਮ ਦਾ ਰੂਪ ਧਾਰਨ ਕਰ ਲਿਆ ਹੈ।  ਉਨ੍ਹਾਂ ਦੇ ਇਸ ਉੱਦਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਲੋੜਵੰਦਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਨੇ ਇਸ ਮੁਹਿੰਮ ’ਚ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜੋ ਡਾ. ਗੁਪਤਾ ਵੱਲੋਂ ਲੋਕ ਸੇਵਾ ਲਈ ਇਕ ਹੋਰ ਮਹੱਤਵਪੂਰਨ ਪੁਲਾਂਘ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਜਾ ਵੜਿੰਗ ਬਣੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ

ਸਿੱਧੂ ਨੇ ਡਾ. ਗੁਪਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ, ਨੂੰ ਵਿੱਤੀ ਸਹਾਇਤਾ ਮਿਲਣ ਨਾਲ ਉਹ ਬੱਚੀਆਂ ਆਪਣੇ ਸੁਨਹਿਰੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਸਮਰੱਥ ਬਣਨਗੀਆਂ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਸਿੱਧੂ ਵੱਲੋਂ ਆਪਣੀ ਪਹਿਲੀ ਤਨਖਾਹ ’ਚੋਂ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ’ਚੋਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਮਨਦੀਪ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੇ ਇਸ ਕਾਰਜ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ‘ਆਪ’ ਪੰਜਾਬ ਨੇ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯਤਨ ਨਾਲ ਅਨੇਕਾਂ ਲੋੜਵੰਦ ਬੱਚੀਆਂ ਨੂੰ ਲਾਭ ਮਿਲੇਗਾ। ਉਨ੍ਹਾਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਵੱਲੋਂ 21 ਲੱਖ ਰੁਪਏ ਦੇ ਪਾਏ ਯੋਗਦਾਨ ਲਈ ਵੀ ਉਨ੍ਹਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ।


Manoj

Content Editor

Related News