ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਬੈਠਕ ਦਾ ਨਹੀਂ ਮਿਲਿਆ ਸੱਦਾ, ਚੰਦੂਮਾਜਰਾ ਨੇ ਜਤਾਈ ਹੈਰਾਨੀ

Monday, Jun 26, 2023 - 06:10 PM (IST)

ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਬੈਠਕ ਦਾ ਨਹੀਂ ਮਿਲਿਆ ਸੱਦਾ, ਚੰਦੂਮਾਜਰਾ ਨੇ ਜਤਾਈ ਹੈਰਾਨੀ

ਚੰਡੀਗੜ੍ਹ (ਹਰੀਸ਼ਚੰਦਰ) : ਦੇਸ਼ ਦੇ ਪ੍ਰਮੁੱਖ ਵਿਰੋਧੀ ਦਲਾਂ ਦੀ ਪਟਨਾ ’ਚ ਸ਼ੁੱਕਰਵਾਰ ਨੂੰ ਹੋਈ ਬੈਠਕ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਗੈਰ-ਹਾਜ਼ਰ ਰਹਿਣ ਨਾਲ ਸੂਬੇ ਦੀ ਰਾਜਨੀਤੀ ’ਚ ਨਵਾਂ ਮੋੜ ਆ ਗਿਆ ਹੈ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਵਿਰੋਧੀ ਦਲਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਅਕਾਲੀ ਦਲ ਦੇਰ-ਸਵੇਰ ਵਾਪਸ ਐੱਨ. ਡੀ. ਏ. ਵਿਚ ਜਾ ਕੇ ਭਾਜਪਾ ਦੇ ਹੀ ਪਾਲੇ ’ਚ ਖੜ੍ਹਾ ਦਿਸੇਗਾ। ਸ਼ਾਇਦ ਇਹੀ ਕਾਰਨ ਰਿਹਾ ਕਿ ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਇਸ ਅਹਿਮ ਬੈਠਕ ਦਾ ਸੱਦਾ ਤੱਕ ਨਹੀਂ ਦਿੱਤਾ ਗਿਆ। ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਬਾਰੇ ਸਵਾਲ ’ਤੇ ਕਿਹਾ ਕਿ ਇਹ ਸੱਚ ਹੈ ਕਿ ਅਕਾਲੀ ਦਲ ਨੂੰ ਬੈਠਕ ਲਈ ਕੋਈ ਸੱਦਾ ਨਹੀਂ ਮਿਲਿਆ। ਚੰਦੂਮਾਜਰਾ ਨੇ ਨਾਲ ਹੀ ਦਾਅਵਾ ਕੀਤਾ ਕਿ ਵਿਰੋਧੀ ਏਕਤਾ ਲਈ ਪਹਿਲ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ ਮਮਤਾ ਬੈਨਰਜੀ, ਨਿਤੀਸ਼ ਕੁਮਾਰ, ਤੇਜਸਵੀ ਯਾਦਵ, ਸ਼ਰਦ ਪਵਾਰ ਅਤੇ ਉਧਵ ਠਾਕਰੇ ਆਦਿ ਨਾਲ ਸੰਪਰਕ ਵੀ ਕੀਤਾ ਸੀ। ਉਨ੍ਹਾਂ ਇਸ ਗੱਲ ’ਤੇ ਵੀ ਹੈਰਾਨੀ ਜਤਾਈ ਕਿ ਅਕਾਲੀ ਦਲ ਜਿਹੇ ਤਾਕਤਵਰ ਖੇਤਰੀ ਦਲ ਨੂੰ ਇਸ ਬੈਠਕ ’ਚ ਨਹੀਂ ਬੁਲਾਇਆ ਗਿਆ।

ਇਹ ਵੀ ਪੜ੍ਹੋ : ਕੋਈ ਚਾਲ ਤਾਂ ਨਹੀਂ ਨਵੇਂ ਜਥੇਦਾਰ ਦੀ ਨਿਯੁਕਤੀ : ਢੀਂਡਸਾ

ਬੁਲਾਉਂਦੇ ਤਾਂ ਬੈਠਕ ’ਚ ਜਾਣ ’ਤੇ ਵਿਚਾਰ ਕਰਦੇ
ਜੇਕਰ ਬੁਲਾਵਾ ਆਉਂਦਾ ਤਾਂ ਕੀ ਅਕਾਲੀ ਦਲ ਉਸ ਵਿਚ ਸ਼ਾਮਲ ਹੁੰਦਾ, ਇਸ ਸਵਾਲ ’ਤੇ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਬੁਲਾਇਆ ਜਾਂਦਾ ਤਾਂ ਨਿਸ਼ਚਿਤ ਤੌਰ ’ਤੇ ਪਾਰਟੀ ਇਸ ਬੈਠਕ ’ਚ ਸ਼ਾਮਲ ਹੋਣ ਬਾਰੇ ਸਲਾਹ-ਮਸ਼ਵਰਾ ਕਰਦੀ। ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਇਨ੍ਹਾਂ ਵਿਰੋਧੀ ਦਲਾਂ ਨਾਲ ਸੰਪਰਕ ਸਾਧਿਆ ਸੀ, ਉਦੋਂ ਇਨ੍ਹਾਂ ਨੇਤਾਵਾਂ ਦਾ ਕਹਿਣਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰ ਦੇ ਸਭ ਤੋਂ ਕੱਦਾਵਰ ਨੇਤਾ ਹਨ। ਇਸ ਲਈ ਉਨ੍ਹਾਂ ਦੀ ਹੀ ਪ੍ਰਧਾਨਗੀ ਹੇਠ ਵਿਰੋਧੀ ਦਲਾਂ ਦੀ ਪਹਿਲੀ ਬੈਠਕ ਦਿੱਲੀ ’ਚ ਹੋਣੀ ਚਾਹੀਦੀ ਹੈ। ਉਦੋਂ ਬਾਦਲ ਸਾਹਿਬ ਬੀਮਾਰ ਚੱਲ ਰਹੇ ਸਨ ਅਤੇ ਅਪ੍ਰੈਲ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਕਾਂਗਰਸ-‘ਆਪ’ ਦੇ ਨਾਲ ਮੰਚ ਸਾਂਝਾ ਨਹੀਂ ਕਰਦੇ
ਚੰਦੂਮਾਜਰਾ ਨਾਲ ਹੀ ਕਹਿੰਦੇ ਹਨ ਕਿ ਵਿਰੋਧੀ ਦਲਾਂ ਦੀ ਪਟਨਾ ਬੈਠਕ ਵਿਚ ਮੁੱਖ ਭਾਗੀਦਾਰ ਕਾਂਗਰਸ ਸੀ, ਜਦੋਂ ਕਿ ਦੂਜੀ ਪ੍ਰਮੁੱਖ ਪਾਰਟੀ ਆਮ ਆਦਮੀ ਪਾਰਟੀ ਸੀ। ਪੰਜਾਬ ਵਿਚ ਅਕਾਲੀ ਦਲ ਦੇ ਪ੍ਰਮੁੱਖ ਵਿਰੋਧੀ ਇਹ ਦੋਵੇਂ ਦਲ, ਕਾਂਗਰਸ ਅਤੇ ‘ਆਪ’ ਹੀ ਹਨ। ਅਜਿਹੇ ’ਚ ਜੇਕਰ ਸੱਦਾ ਮਿਲਦਾ ਵੀ ਤਾਂ ਅਕਾਲੀ ਦਲ ‘ਆਪ’ ਅਤੇ ਕਾਂਗਰਸ ਨਾਲ ਮੰਚ ਸਾਂਝਾ ਨਹੀਂ ਕਰਦਾ।

ਇਹ ਵੀ ਪੜ੍ਹੋ : 2000 ਦਾ ਨੋਟ ਲੋਕਾਂ ਲਈ ਬਣਿਆ ਮੁਸੀਬਤ, ਪੈਟਰੋਲ ਪੰਪ ’ਤੇ ਲਿਖੀ ਸੂਚਨਾ ਬਣੀ ਚਰਚਾ ਦਾ ਵਿਸ਼ਾ

ਰਾਜਨੀਤਕ ਦਲਾਂ ਦਾ ਆਪਣਾ ਹਿਸਾਬ, ਕਿਸ ਨੂੰ ਨਾਲ ਰੱਖਣਾ ਹੈ ਕਿਸ ਨੂੰ ਨਹੀਂ?
ਪੰਜਾਬ ਦੀ ਰਾਜਨੀਤੀ ’ਤੇ ਕਰੀਬੀ ਨਜ਼ਰ ਰੱਖਣ ਵਾਲੇ ਪੀ. ਯੂ. ਦੇ ਇਕ ਰਿਟਾਇਰਡ ਪ੍ਰੋਫੈਸਰ ਦਾ ਕਹਿਣਾ ਹੈ ਕਿ ਇਹ ਤਾਂ ਸ਼ੁਰੂਆਤੀ ਬੈਠਕ ਸੀ। ਜਦੋਂ ਵੀ ਅਜਿਹੀ ਕੋਈ ਗੱਲ ਸ਼ੁਰੂ ਹੁੰਦੀ ਹੈ ਤਾਂ ਆਪਸੀ ਭਰੋਸਾ ਜ਼ਰੂਰੀ ਹੁੰਦਾ ਹੈ ਅਤੇ ਸ਼ਾਇਦ ਅਕਾਲੀ ਦਲ ਉਹ ਭਰੋਸਾ ਨਹੀਂ ਬਣਾ ਸਕਿਆ। ਕੱਲ ਸੀਟਾਂ ਦੀ ਵੰਡ ਵੀ ਹੋਣੀ ਹੈ, ਰਾਜਨੀਤਕ ਦਲਾਂ ’ਚ ਇਸ ’ਤੇ ਵੀ ਲੈਣ ਦੇਣ ਹੋਵੇਗਾ। ਜਿਥੋਂ ਤੱਕ ਅਕਾਲੀ ਦਲ ਨੂੰ ਇਸ ਮੀਟਿੰਗ ਵਿਚ ਨਾ ਬੁਲਾਉਣ ਦਾ ਸਵਾਲ ਹੈ ਤਾਂ ਇਨ੍ਹਾਂ ਵਿਰੋਧੀ ਦਲਾਂ ਨੂੰ ਲੱਗਿਆ ਹੋਵੇਗਾ ਕਿ ਅਕਾਲੀ ਦਲ ਨੂੰ ਨਾਲ ਲਿਆ ਕੇ ਕੋਈ ਫਾਇਦਾ ਤਾਂ ਹੋਣ ਵਾਲਾ ਨਹੀਂ ਕਿਉਂਕਿ ਕਾਂਗਰਸ ਜਾਂ ‘ਆਪ’ ਦੇ ਨਾਲ ਉਹ ਸੀਟ ਸ਼ੇਅਰਿੰਗ ਨਹੀਂ ਕਰਨਗੇ। ਉਲਟਾ ਬਾਅਦ ’ਚ ਮੀਟਿੰਗ ’ਚ ਹੋਈਆਂ ਗੱਲਾਂ ਨੂੰ ਕੋਟ ਵੀ ਕਰ ਸਕਦੇ। ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈਲਪਮੈਂਟ ਦੇ ਸਾਬਕਾ ਡਾਇਰੈਕਟਰ ਜਨਰਲ (ਐਕਟਿੰਗ) ਡਾ. ਕ੍ਰਿਸ਼ਨ ਚੰਦ ਨੇ ਦੱਸਿਆ ਕਿ ਇਹ ਤਾਂ ਇਨ੍ਹਾਂ ਰਾਜਨੀਤਕ ਦਲਾਂ ਦਾ ਆਪਣਾ ਹਿਸਾਬ ਹੈ ਕਿ ਕਿਸ ਨੂੰ ਨਾਲ ਰੱਖਣਾ, ਕਿਸ ਨੂੰ ਨਹੀਂ। ਇਨ੍ਹਾਂ ਦੀ ਕੈਲਕੂਲੇਸ਼ਨ ਇਹੀ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਆਖਰ ’ਚ ਭਾਜਪਾ ਨਾਲ ਤਾਂ ਸਮਝੌਤਾ ਕਰ ਸਕਦਾ ਹੈ ਪਰ ‘ਆਪ’ ਜਾਂ ਕਾਂਗਰਸ ਨਾਲ ਨਹੀਂ। ਅਕਾਲੀ-ਭਾਜਪਾ ਅਲੱਗ ਚਾਹੇ ਹੋ ਗਏ ਹੋਣ ਪਰ ਇਕ-ਦੂਜੇ ਦੇ ਪ੍ਰਤੀ ਉਨ੍ਹਾਂ ਦਾ ਸਾਫ਼ਟ ਕਾਰਨਰ ਸਾਰਿਆਂ ਨੂੰ ਸਮਝ ਆਉਂਦਾ ਹੈ। ਕਿਸੇ ਵੀ ਦਲ ’ਚ ਅੱਜ ਅੰਦਰੂਨੀ ਲੋਕਤੰਤਰ ਨਹੀਂ ਹੈ, ਸਗੋਂ ਆਪਣੀ-ਆਪਣੀ ਮੌਕਾਪ੍ਰਸਤੀ ਹੈ। ਸਵਾਲ ਤਾਂ ਅਕਾਲੀ ਦਲ ਤੋਂ ਵੀ ਬਣਦਾ ਹੈ ਕਿ ਜੇਕਰ ਇਸ ਬੈਠਕ ’ਚ ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਤਾਂ ਕੀ ਉਨ੍ਹਾਂ ਨੇ ਖੁਦ ਅਪ੍ਰੋਚ ਕਰਨ ਦੀ ਕੋਸ਼ਿਸ਼ ਕੀਤੀ?

ਕੀ ਉਨ੍ਹਾਂ ਨੇ ਨਿਤੀਸ਼ ਕੁਮਾਰ ਜਾਂ ਮਮਤਾ ਬੈਨਰਜੀ ਦੇ ਸਾਹਮਣੇ ਆਪਣਾ ਪੱਖ ਰੱਖਿਆ ਅਤੇ ਬੈਠਕ ’ਚ ਨਾ ਬੁਲਾਏ ਜਾਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ? ਅਕਾਲੀ ਦਲ ਦੀ ਰਾਜਨੀਤੀ ਦਾ ਵੀ ਧਰਮ ’ਤੇ ਨਿਰਭਰ ਕਰਨ ਦੇ ਕਾਰਨ ਵੋਟਾਂ ਦੇ ਧਰੁਵੀਕਰਨ ’ਤੇ ਫੋਕਸ ਹੈ। ਉਹ ਸ਼ੁਰੂ ਤੋਂ ਕਾਂਗਰਸ ਦੇ ਵਿਰੋਧ ਦੀ ਰਾਜਨੀਤੀ ਕਰਦਾ ਆਇਆ ਹੈ। ਬੀਤੇ ਕਈ ਸਾਲਾਂ ਤੋਂ ਉਹ ਭਾਜਪਾ ਦਾ ਸਾਥੀ ਰਿਹਾ। ਖੇਤਰੀ ਪਾਰਟੀ ਹੋਣ ਅਤੇ ਸੂਬੇ ਦੀ ਸੱਤਾ ਤੋਂ ਬਾਹਰ ਹੋਣ ਦੇ ਕਾਰਨ ਅਕਾਲੀ ਦਲ ਲਈ ਐੱਨ. ਡੀ. ਏ. ਤੋਂ ਵੱਖ ਹੋਣਾ ਮੁਸੀਬਤ ਬਣ ਗਿਆ ਹੈ।

ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News