ਕਿਸਾਨਾਂ ਪ੍ਰਤੀ ਨਰਮ ਹੋਇਆ ਪ੍ਰਸ਼ਾਸਨ, ਜੁਰਮਾਨੇ ਦੀ ਵਸੂਲੀ ਲਈ ਨਹੀਂ ਪਾਇਆ ਜਾਵੇਗਾ ਦਬਾਅ

12/07/2023 2:18:52 PM

ਲੁਧਿਆਣਾ- ਪੰਜਾਬ 'ਚ ਪਰਾਲੀ ਸਾੜਨ ਦਾ ਸਿਲਸਿਲਾ ਆਖਿਰ ਖ਼ਤਮ ਹੋ ਗਿਆ ਹੈ, ਪਰ ਪੰਜਾਬ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲਗਾਏ ਗਏ ਜੁਰਮਾਨੇ ਦੀ ਵਸੂਲੀ ਕਰਨਾ ਅਜੇ ਬਾਕੀ ਹੈ। ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਕੁੱਲ 2.4 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਪਰ ਉਸ 'ਚੋਂ ਸਿਰਫ਼ 38 ਲੱਖ ਹੀ ਵਸੂਲਿਆ ਜਾ ਸਕਿਆ ਹੈ। 

ਸੂਤਰਾਂ ਮੁਤਾਬਕ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਨਰਮੀ ਨਾਲ ਪੇਸ਼ ਆਉਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਦੀ ਹੋਈ ਮੀਟਿੰਗ 'ਚ ਇਙ ਫ਼ੈਸਲਾ ਲਿਆ ਗਿਆ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲਗਾਏ ਗਏ ਜੁਰਮਾਨੇ ਦੇ ਮਾਮਲੇ 'ਚ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਵਾਤਾਵਰਨ ਵਿਭਾਗ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ, ਉਨ੍ਹਾਂ 'ਚੋਂ ਕਈ ਕਿਸਾਨਾਂ ਨੂੰ 1 ਲੱਖ ਰੁਪਏ ਤੱਕ ਦੇ ਜੁਰਮਾਨੇ ਵੀ ਲਗਾਏ ਗਏ ਸਨ। ਪਰ ਇਹ ਯਕੀਨੀ ਬਣਾਇਆ ਗਿਆ ਸੀ ਕਿ ਜੁਰਮਾਨੇ ਕਾਰਨ ਕਿਸੇ ਕਿਸਾਨ 'ਤੇ ਕਿਸੇ ਕਿਸਮ ਦਾ ਕੋਈ ਦਬਾਅ ਨਾ ਪਾਇਆ ਜਾਵੇ। 

ਇਹ ਵੀ ਪੜ੍ਹੋ- ਕਪਾਹ ਦੀ ਘਟ ਰਹੀ ਮੰਗ ਕਾਰਨ ਨਹੀਂ ਮਿਲ ਰਿਹਾ ਵਾਜਬ ਮੁੱਲ, ਕਿਸਾਨ ਹੋਏ ਪ੍ਰੇਸ਼ਾਨ

ਦੱਸ ਦੇਈਏ ਕਿ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੰਗਰੂਰ 'ਚ ਸਾਹਮਣੇ ਆਏ। ਇਸ ਸੀਜ਼ਨ ਦੌਰਾਨ ਪੰਜਾਬ 'ਚ ਕੁੱਲ 36,600 ਤੋਂ ਵੀ ਵੱਧ ਮਾਮਲੇ ਸਾਹਮਣੇ ਆਏ, ਜੋ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ 27 ਫੀਸਦੀ ਘੱਟ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ 5,618 ਮਾਮਲੇ ਸੰਗਰੂਰ 'ਚ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 1,573 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪਠਾਨਕੋਟ 'ਚ ਇਸ ਵਾਰ 75 ਫ਼ੀਸਦੀ ਤੱਕ ਵੱਧ ਮਾਮਲੇ ਸਾਹਮਣੇ ਆਏ ਹਨ, ਜਦਕਿ ਬਾਕੀ ਜ਼ਿਲ੍ਹਿਆਂ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਕਰੀਬ 20 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜੁਰਮਾਨੇ ਅੰਮ੍ਰਿਤਸਰ ਜ਼ਿਲ੍ਹੇ 'ਚ ਲਗਾਏ ਗਏ ਹਨ, ਜਿੱਥੇ 976 ਮਾਮਲਿਆਂ 'ਚ ਲਗਭਗ 25 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਇਸ 'ਚੋਂ ਸਿਰਫ਼ 7 ਲੱਖ ਹੀ ਵਸੂਲਿਆ ਗਿਆ ਹੈ। ਤਰਨਤਾਰਨ ਜ਼ਿਲ੍ਹੇ 'ਚ ਲਗਭਗ 24 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਜਿਸ 'ਚੋਂ ਹੁਣ ਤੱਕ ਕਰੀਬ 9 ਲੱਖ ਵਸੂਲਿਆ ਜਾ ਚੁੱਕਿਆ ਹੈ। 

ਇਹ ਵੀ ਪੜ੍ਹੋ- ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਮਾਰੀ 4 ਲੱਖ 22 ਹਜ਼ਾਰ ਦੀ ਠੱਗੀ, ਮਾਮਲਾ ਦਰਜ

ਫਰੀਦਕੋਟ 'ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਲਗਭਗ 16 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ, ਜਿਸ 'ਚੋਂ ਹਾਲੇ ਤੱਕ ਕੁਝ ਵੀ ਵਸੂਲਿਆ ਨਹੀਂ ਗਿਆ। ਇਸੇ ਤਰ੍ਹਾਂ ਮਾਨਸਾ 'ਚ 2 ਲੱਖ ਤੋਂ ਵੱਧ ਜੁਰਮਾਨਾ ਲਗਾਇਆ ਗਿਆ ਸੀ, ਜਿਸ 'ਚੋਂ ਹਾਲੇ ਕੁਝ ਵੀ ਵਸੂਲਿਆ ਨਹੀਂ ਜਾ ਸਕਿਆ। ਇਸੇ ਤਰ੍ਹਾਂ ਮੋਹਾਲੀ, ਮੋਗਾ ਅਤੇ ਕਪੂਰਥਲਾ 'ਚ ਵੀ ਹਾਲੇ ਤੱਕ ਕੋਈ ਰਿਕਵਰੀ ਨਹੀਂ ਕੀਤੀ ਜਾ ਸਕੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News