ਭਿਆਨਕ ਸਡ਼ਕ ਹਾਦਸੇ ’ਚ 2 ਦੋਸਤਾਂ ਦੀ ਮੌਤ
Monday, Jan 20, 2020 - 08:33 PM (IST)
ਮੌਡ਼ ਮੰਡੀ, (ਪ੍ਰਵੀਨ)- ਅੱਜ ਸਵੇਰ ਸਮੇਂ ਵਾਪਰੇ ਇਕ ਭਿਆਨਕ ਸਡ਼ਕ ਹਾਦਸੇ ’ਚ ਮੌਡ਼ ਮੰਡੀ ਦੇ 2 ਨੌਜਵਾਨਾਂ ਦੀ ਮੌਤ ਹੋ ਜਾਣ ਕਾਰਣ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਰਾਜੀਵ ਕੁਮਾਰ ਉਰਫ਼ ਲਵਲੀ ਗੁਪਤਾ ਪੁੱਤਰ ਪ੍ਰੇਮ ਕੁਮਾਰ ਉਮਰ 34 ਸਾਲ ਅਤੇ ਬਲਜਿੰਦਰ ਸਿੰਘ ਉਰਫ਼ ਰਾਣਾ ਸਿੱਧੂ ਪੁੱਤਰ ਬੋਘ ਸਿੰਘ ਘੁੰਮਣ ਉਮਰ 33 ਸਾਲ, ਦੋਵੇਂ ਦੋਸਤ ਸਨ ਅਤੇ ਅੱਜ ਸਵੇਰ ਸਮੇਂ ਚੰਡੀਗਡ਼੍ਹ ਤੋਂ ਇਕ ਸੀਮਿੰਟ ਕੰਪਨੀ ਦੀ ਮੀਟਿੰਗ ਅਟੈਂਡ ਕਰ ਕੇ ਵਾਪਸ ਆ ਰਹੇ ਸੀ। ਮਾਨਸਾ ਕੈਂਚੀਆਂ ਕੋਲ ਅਚਾਨਕ ਹੀ ਗੱਡੀ ਦਾ ਸੰਤੁਲਨ ਵਿਗਡ਼ ਜਾਣ ਕਾਰਣ ਗੱਡੀ ਖਡ਼੍ਹੇ ਇਕ ਟਿੱਪਰ ਟਰਾਲੇ ’ਚ ਜਾ ਵੱਜੀ ਜਿਸ ਕਾਰਣ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮੰਡੀ ਅੰਦਰ ਅੱਗ ਵਾਂਗ ਫੈਲ ਗਈ ਅਤੇ ਪੂਰਾ ਇਲਾਕਾ ਸੋਗ ’ਚ ਡੁੱਬ ਗਿਆ।
3 ਸਾਲ ਪਹਿਲਾਂ ਮੌਡ਼ ਬੰਬ ਕਾਂਡ ’ਚ ਵੀ ਜ਼ਖ਼ਮੀ ਹੋਇਆ ਸੀ ਲਵਲੀ ਗੁਪਤਾ।
ਜ਼ਿਕਰਯੋਗ ਹੈ ਕਿ ਲਵਲੀ ਗੁਪਤਾ 3 ਸਾਲ ਪਹਿਲਾਂ 31 ਜਨਵਰੀ 2017 ਨੂੰ ਵਾਪਰੇ ਮੌਡ਼ ਬੰਬ ਕਾਂਡ ਹਾਦਸੇ ’ਚ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਮੰਡੀ ਵਾਸੀਆਂ ਵੱਲੋਂ ਬੰਬ ਕਾਂਡ ’ਚ ਮਾਰੇ ਗਏ ਬੱਚਿਆਂ ਅਤੇ ਜ਼ਖ਼ਮੀਆਂ ਨੂੰ ਇਨਸਾਫ਼ ਦਿਵਾਉਣ ਅਤੇ ਬੰਬ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ’ਚ ਲਵਲੀ ਗੁਪਤਾ ਵੱਧ-ਚਡ਼੍ਹ ਕੇ ਹਿੱਸਾ ਲੈ ਰਿਹਾ ਸੀ, ਤਾਂ ਜੋ ਆਮ ਲੋਕਾਂ ਨੂੰ ਸਰਕਾਰਾਂ ਤੋਂ ਇਨਸਾਫ਼ ਮਿਲ ਸਕੇ ਪਰ ਅੱਜ ਫਿਰ ਕੁਦਰਤ ਦਾ ਐਸਾ ਕਹਿਰ ਵਾਪਰਿਆ ਕਿ 3 ਸਾਲਾਂ ਤੋਂ ਬੰਬ ਕਾਂਡ ’ਚ ਇਨਸਾਫ਼ ਦੀ ਉਡੀਕ ਕਰ ਰਿਹਾ ਲਵਲੀ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ।
ਦੋਵੇਂ ਮ੍ਰਿਤਕਾਂ ਦੇ ਪਿਤਾ ਗਲ ਲੱਗ ਕੇ ਰੋਏ ਤਾਂ ਸਭ ਦੀਆਂ ਅੱਖਾਂ ਨਮ ਹੋ ਗਈਆਂ।
ਅੱਜ ਸ਼ਾਮ ਸਮੇਂ ਮੌਡ਼ ਰਾਮ ਬਾਗ ਵਿਖੇ ਦੋਵੇਂ ਦੋਸਤਾਂ ਦਾ ਸੰਸਕਾਰ ਕਰ ਦਿੱਤਾ ਗਿਆ। ਦੋਵੇਂ ਨੌਜਵਾਨਾਂ ਦੇ ਸਸਕਾਰ ’ਚ ਸੈਂਕਡ਼ੇ ਇਲਾਕਾ ਵਾਸੀ ਪਹੁੰਚੇ ਅਤੇ ਰਾਮ ਬਾਗ ’ਚ ਤਿਲ ਸੁੱਟਣ ਲਈ ਜਗ੍ਹਾ ਨਹੀਂ ਸੀ। ਮਾਹੌਲ ਉਸ ਸਮੇਂ ਭਾਵੁਕ ਹੋ ਗਿਆ, ਜਦ ਦੋਵੇਂ ਮ੍ਰਿਤਕਾਂ ਦੇ ਪਿਤਾ ਪ੍ਰੇਮ ਕੁਮਾਰ ਅਤੇ ਬੋਘ ਸਿੰਘ ਇਕ-ਦੂਜੇ ਦੇ ਗਲ ਲੱਗ ਧਾਹਾਂ ਮਾਰ ਕੇ ਰੋਣ ਲੱਗੇ ਅਤੇ ਹਰੇਕ ਦੀਆਂ ਅੱਖ ਨਮ ਹੋ ਗਈਆਂ।
ਦੱਸਣਯੋਗ ਹੈ ਕਿ ਮ੍ਰਿਤਕ ਲਵਲੀ ਗੁਪਤਾ ਦੇ 2 ਬੱਚੇ ਲਡ਼ਕੀ (8 ਸਾਲ) ਅਤੇ ਲਡ਼ਕਾ (6 ਸਾਲ) ਦੇ ਹਨ, ਜਦੋਂ ਕਿ ਰਾਣਾ ਸਿੱਧੂ ਦਾ ਇਕ ਲਡ਼ਕਾ (8 ਸਾਲ) ਹੈ ਅਤੇ ਰਾਣਾ ਸਿੱਧੂ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਸਸਕਾਰ ਮੌਕੇ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੀ ਮੌਜੂਦ ਸਨ।