ਅਧਿਆਪਕਾਂ ਨੇ ਫੂਕੀ ਸਰਕਾਰ ਦੇ ਭਰੋਸਿਆਂ ਦੀ ਗਠਡ਼ੀ

01/13/2019 6:56:11 AM

ਬਠਿੰਡਾ, (ਜ.ਬ.)- ਬੇਰੋਜ਼ਗਾਰ ਟੈੱਟ ਪਾਸ ਬੀ. ਐੱਡ ਅਧਿਆਪਕਾਂ ਨੇ ਵਿੱਤ ਮੰਤਰੀ ਦਫਤਰ ਦੇ ਨਜ਼ਦੀਕ ਪੰਜਾਬ ਸਰਕਾਰ ਦੇ ਭਰੋਸਿਆਂ ਦੀ ਗਠਡ਼ੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਤੇ ਜ਼ਿਲਾ ਆਗੂ ਬਲਕਾਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2017 ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ। ਬੇਰੋਜ਼ਗਾਰ ਅਧਿਆਪਕ ਲਗਾਤਾਰ ਰੋਜ਼ਗਾਰ ਦੀ ਮੰਗ ਕਰਦੇ ਰਹੇ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਤੇ ਉਨ੍ਹਾਂ ਨੂੰ ਸਿਰਫ ਭਰੋਸੇ ਹੀ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ 50 ਹਜ਼ਾਰ ਦੇ ਕਰੀਬ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਮੌਜੂਦ ਹਨ, ਜਦਕਿ ਸਕੂਲਾਂ ’ਚ ਹਜ਼ਾਰਾਂ ਅਧਿਆਪਕਾਂ ਦੇ ਅਹੁਦੇ ਖਾਲੀ ਪਏ ਹਨ। ਇਸਦੇ ਬਾਵਜੂਦ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਇਸ ਮੌਕੇ ਅਧਿਆਪਕ ਆਗੂ ਰਾਜਵੀਰ ਸਿੰਘ, ਤੇਜਿੰਦਰ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਯੁੱਧਜੀਤ ਸਿੰਘ, ਪ੍ਰਵੀਨ ਕੌਰ, ਕਮਲਜੀਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ ਆਦਿ ਮੌਜੂਦ ਸਨ।


Related News