ਭਵਾਨੀਗੜ੍ਹ ’ਚ ਅਧਿਆਪਕਾਂ ਨੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ

1/20/2021 4:23:36 PM

ਭਵਾਨੀਗੜ੍ਹ(ਕਾਂਸਲ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਆਪਣੀ ਜਨਰਲ ਕਾਉਂਸਲ 'ਚ ਉਲੀਕੇ ਗਏ ਪ੍ਰੋਗਰਾਮ ਤਹਿਤ ਅਧਿਆਪਕਾਂ ਵੱਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ 'ਚ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਡੀ.ਟੀ.ਐੱਫ ਪੰਜਾਬ ਦੀ ਬਲਾਕ ਇਕਾਈ ਵੱਲੋਂ ਸਥਾਨਕ ਸਿਟੀ ਪਾਰਕ ਵਿਖੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਇਕੱਤਰਤਾ ਕਰਕੇ ਸਿੱਖਿਆ ਸਕੱਤਰ ਵੱਲੋਂ ਅਸਲੀ ਸਿੱਖਿਆ ਨੂੰ ਤਬਾਹ ਕਰਕੇ ਸਿਰਫ਼ ਅੰਕੜਿਆਂ ਦੀ ਖੇਡ ਬਣਾਉਣ ਦੀ ਨਿਖੇਧੀ ਕੀਤੀ ਗਈ।

ਆਗੂਆਂ ਨੇ ਦੱਸਿਆ ਕਿ ਪੰਜਾਬ 'ਚ ਸਕੂਲ ਖੁੱਲ੍ਹ ਜਾਣ ਦੇ ਬਾਵਜੂਦ ਅਧਿਆਪਕਾਂ ਨੂੰ ਅਸਲ ਹਾਲਾਤਾਂ ਦੇ ਮੁਤਾਬਕ ਸਿੱਖਿਆ ਦੇਣ ਦਾ ਸਮਾਂ ਦੇਣ ਬਜਾਏ ਆਨਲਾਈਨ ਸਿੱਖਿਆ ਦੇ ਨਾਂ ਹੇਠ ਬੇਲੋੜੇ ਤੇ ਝੂਠੇ ਅੰਕੜੇ ਇਕੱਠੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਬੱਚਿਆਂ 'ਚ ਅਧਿਆਪਕ ਤੋਂ ਸਿੱਖਣ ਦੀ ਬਜਾਏ ਮੋਬਾਇਲਾਂ ਦੇ ਸਹਾਰੇ ਛੱਡਿਆ ਜਾ ਰਿਹਾ ਹੈ। ਬੱਚਿਆਂ ਦੀ ਹਫ਼ਤਾਵਾਰੀ ਅਤੇ ਹੋਰ ਪੇਪਰਾਂ 'ਚ 100 ਪ੍ਰਤੀਸ਼ਤ ਭਾਗੀਦਾਰੀ ਲਈ ਅਧਿਆਪਕਾਂ ’ਤੇ ਭਾਰੀ ਦਬਾਅ ਪਾਉਣ, ਮੌਜੂਦਾ ਸੈਸ਼ਨ ਲਈ ਬਦਲੀ ਪ੍ਰਕਿਰਿਆ ਨਾ ਸ਼ੁਰੂ ਕਰਨ, 3582/6060 ਅਧਿਆਪਕਾਂ ਨੂੰ ਪਿੱਤਰੀ ਜ਼ਿਲ੍ਹਿਆਂ 'ਚ ਬਦਲੀ ਕਰਵਾਉਣ ਦਾ ਅਧਿਕਾਰ ਨਾ ਦੇਣ ਸਮੇਤ ਅਧਿਆਪਕਾਂ ਦੇ ਕਈ ਮਸਲੇ ਵੀ ਨੁੱਕਰੇ ਲਾਉਣ ਦੇ ਵਿਰੋਧ ’ਚ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾਈ ਸੱਦੇ ’ਤੇ ਅਧਿਆਪਕਾਂ ਨੇ ਮੁਜ਼ਾਹਰਾ ਕਰਦੇ ਹੋਏ ਸਿੱਖਿਆ ਸਕੱਤਰ ਦੀ ਅਰਥੀ ਫੂਕੀ।

ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿਸ ਤਰ੍ਹਾਂ ਵਿਭਾਗ ਦੇ ਸਮਾਂਤਰ ਅਲੱਗ ਪੜ੍ਹੋ-ਪੰਜਾਬ ਪੜ੍ਹਾਓ ਪੰਜਾਬ ਦਾ ਢਾਂਚਾ ਖੜ੍ਹਾ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀਆਂ ਤੁਗਲਕੀ ਨੀਤੀਆਂ ’ਤੇ ਚੱਲ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹਣ ’ਤੇ ਹੁਣ ਪੇਪਰਾਂ ਦੇ ਨਾਜਾਇਜ਼ ਦੁਹਰਾ ਨੂੰ ਬੰਦ ਕਰਕੇ ਅਧਿਆਪਕਾਂ ਨੂੰ ਪੜ੍ਹਾਉਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਨੂੰ ਅੰਕੜਿਆਂ ਦੀ ਖੇਡ ਬਣਾਉਣ ਵਾਲੇ ਸਿੱਖਿਆ ਸਕੱਤਰ ਨੂੰ ਮਹਿਕਮੇ ਤੋਂ ਫਾਰਗ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿੱਖਿਆ ਦੇ ਪੱਧਰ ਦੀ ਅਸਲੀਅਤ ਅਨੁਸਾਰ ਨੀਤੀਆਂ ਬਣਾਈਆਂ ਜਾ ਸਕਣ ਅਤੇ ਅਧਿਆਪਕ ਬਿਨਾਂ ਦਬਾਅ ਦੇ ਪੜ੍ਹਾ ਸਕਣ। ਇਸ ਮੌਕੇ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਸੁਖਪਾਲ ਸਫੀਪੁਰ, ਮਾਲਵਿੰਦਰ ਸਿੰਘ, ਅਵਤਾਰ ਸਿੰਘ, ਹਰਕੀਰਤ ਸਿੰਘ, ਇੰਦਰਪਾਲ ਸਿੰਘ, ਸੁਖਜਿੰਦਰ ਸਿੰਘ, ਸੁਖਦੇਵ ਸਿੰਘ, ਸਿਕੰਦਰ ਸਿੰਘ, ਏਕਮ, ਮੈਡਮ ਸਤਿੰਦਰ ਕੌਰ ਆਦਿ ਸਨ।


Aarti dhillon

Content Editor Aarti dhillon