ਤਪਾ ਪੁਲਸ ਨੇ ਤਿੰਨ ਮਹਿੰਗੇ ਮੋਬਾਇਲ ਸਮੇਤ ਚੋਰ ਨੂੰ ਕੀਤਾ ਕਾਬੂ
Thursday, May 12, 2022 - 11:52 AM (IST)
ਤਪਾ ਮੰਡੀ (ਸ਼ਾਮ,ਗਰਗ) : ਤਪਾ ਪੁਲਸ ਨੇ ਇਕ ਚੋਰ ਨੂੰ ਕਾਬੂ ਕੀਤਾ ਹੈ ਤੇ ਕਾਬੂ ਕੀਤੇ ਚੋਰ ਦੀ ਨਿਸ਼ਾਨਦੇਹੀ ਤੋਂ ਤਿੰਨ ਮਹਿੰਗੇ ਮੋਬਾਇਲ ਬਰਾਮਦ ਕਰਨ ਦੀ ਜਾਣਕਾਰੀ ਮਿਲੀ ਹੈ। ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਸੰਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ.ਐੱਸ.ਪੀ ਬਰਨਾਲਾ ਦੇ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਬੀਤੇ ਦਿਨੀਂ ਲੋਕਾਂ ਨੇ ਇੱਕ ਚੋਰ ਭਗਵੰਤ ਸਿੰਘ ਉਰਫ ਗੱਗੂ ਉਰਫ ਮੁੱਧਾ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਬਾਜੀਗਰ ਬਸਤੀ ਤਪਾ ਨੂੰ ਫੜਕੇ ਪੁਲਸ ਹਵਾਲੇ ਕੀਤਾ ਸੀ। ਪੁਲਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਚੋਰ 4 ਅਤੇ 6 ਅਪ੍ਰੈਲ ਨੂੰ ਨਰਿੰਦਰ ਕੁਮਾਰ ਵਾਸੀ ਤਪਾ ਜੋ ਫਲ ਫਰੂਟ ਦਾ ਕੰਮ ਕਰਦਾ ਹੈ, ਪੀਰਖਾਨਾ ਨਜ਼ਦੀਕ ਅਜੈ ਕੁਮਾਰ ਪੁੱਤਰ ਓਮ ਪ੍ਰਕਾਸ਼ ਚੋਰੀ ਕਰਕੇ ਲੈ ਗਿਆ ਸੀ ਅਤੇ ਉਸਦਾ ਨਾਮ ਨਹੀਂ ਪਤਾ ਹੈ। ਮੁੜ ਇਹ ਚੋਰ ਨਰਿੰਦਰ ਕੁਮਾਰ ਦੇ ਘਰ ਚੋਰੀ ਕਰਨ ਲਈ ਆਇਆ ਤਾਂ ਲੋਕਾਂ ਨੇ ਫੜਕੇ ਪੁਲਸ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਚੋਰ ਮੰਨਿਆ ਕਿ ਉਸ ਨੇ ਤਿੰਨ ਮੋਬਾਇਲ ਚੋਰੀ ਕਰਕੇ ਮਾਤਾ ਦਾਤੀ ਰੋਡ ‘ਤੇ ਇੱਕ ਜਗ੍ਹਾਂ ’ਚ ਦੱਬਕੇ ਰੱਖੇ ਹੋਏ ਹਨ। ਪੁਲਸ ਨੇ ਚੋਰ ਦੀ ਨਿਸ਼ਾਨਦੇਹੀ ਤੋਂ ਤਿੰਨ ਮੋਬਾਇਲ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, RDX ਨਾਲ ਫੜੇ ਗਏ 4 ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ
ਡੀ.ਐਸ.ਪੀ ਤਪਾ ਸੰਧੂ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਪੁਲਸ ਸਮਾਜ ਵਿਰੋਧੀ ਅਨਸਰਾਂ ਨੂੰ ਫੜ ਸਕਦੀ ਹੈ। ਪੁਲਸ ਨੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸੇ ਤਰ੍ਹਾਂ ਪੁਲਸ ਨੇ ਹਸਪਤਾਲ ਦੇ ਡਾਕਟਰਾਂ ਨਾਲ ਬਦਤਮੀਜੀ ਕਰਨ ਅਤੇ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ ‘ਚ ਖੁਸ਼ਕਰਨ ਸਿੰਘ ਵਾਸੀ ਬੁੱਗਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਮੁੱਖੀ ਨਰਦੇਵ ਸਿੰਘ,ਚੌਂਕੀ ਇੰਚਾਰਜ ਗੁਰਪਾਲ ਸਿੰਘ,ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ