ਮਾਮਲਾ ਬੀਕਾਨੇਰ ''ਚ ਲੰਗਰ ਬੰਦ ਕਰਾਉਣ ਦਾ, ਪਿੰਡ ਵਾਸੀਆਂ ਦੇ ਵਫਦ ਨੇ ਜਟਾਣਾ ਨੂੰ ਦਿੱਤਾ ਮੰਗ-ਪੱਤਰ

02/07/2020 2:20:05 PM

ਤਲਵੰਡੀ ਸਾਬੋ (ਮੁਨੀਸ਼) : ਰਾਜਸਥਾਨ ਦੇ ਬੀਕਾਨੇਰ 'ਚ ਕੈਂਸਰ ਹਸਪਤਾਲ 'ਚ ਪਿਛਲੇ ਛੇ ਸਾਲਾਂ ਤੋਂ ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੀਆਂ ਸੰਗਤਾਂ ਵੱਲੋਂ ਚਲਾਏ ਜਾ ਰਹੇ ਲੰਗਰ ਨੂੰ ਬੀਤੇ ਦਿਨ ਰਾਜਸਥਾਨ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਦੇ ਮਾਮਲੇ 'ਚ ਕੋਰੇਆਣਾ ਪਿੰਡ ਦੇ ਇਕ ਵਫਦ ਨੇ ਇੱਥੇ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ। ਜਟਾਣਾ ਨੂੰ ਦਿੱਤੇ ਮੰਗ ਪੱਤਰ 'ਚ ਕੋਰੇਆਣਾ ਪਿੰਡ ਦੇ ਵਫਦ ਨੇ ਮੰਗ ਕੀਤੀ ਕਿ ਉਨ੍ਹਾਂ ਵੱਲੋਂ ਲੋਕ ਸੇਵਾ ਲਈ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਵਾਉਣ ਦੇ ਮਾਮਲੇ 'ਚ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰ ਕੇ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਕਿ ਉਹ ਹਸਪਤਾਲ 'ਚ ਲੰਗਰ ਦੁਬਾਰਾ ਚਾਲੂ ਕਰ ਕੇ ਲੋਕਾਈ ਦੀ ਸੇਵਾ ਕਰ ਸਕਣ।

ਇਸ ਮਾਮਲੇ ਸਬੰਧੀ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸੰਧੂ ਨੇ ਦੱਸਿਆ ਕਿ ਜਟਾਣਾ ਨੇ ਲੰਗਰ ਬੰਦ ਕਰਨ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਤੁਰੰਤ ਹੀ ਰਾਜਸਥਾਨ ਦੇ ਕੈਬਨਿਟ ਮੰਤਰੀ ਹਰੀਸ਼ ਚੌਧਰੀ ਨਾਲ ਫੋਨ 'ਤੇ ਸੰਪਰਕ ਕਰ ਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਸਬੰਧੀ ਸਿਹਤ ਮੰਤਰੀ ਨਾਲ ਮੁਲਾਕਾਤ ਕਰ ਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਟਾਣਾ ਨੇ ਪਿੰਡ ਤੋਂ ਆਏ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਉਹ ਮੁੜ ਕੈਬਨਿਟ ਮੰਤਰੀ ਹਰੀਸ਼ ਚੌਧਰੀ ਅਤੇ ਰਾਜਸਥਾਨ ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕਰ ਕੇ ਲੰਗਰ ਦੁਬਾਰਾ ਸ਼ੁਰੂ ਕਰਵਾਉਣਗੇ। ਇਸ ਮੌਕੇ ਵਫਦ 'ਚ ਤਾਰਾ ਸਿੰਘ ਕੋਰੇਆਣਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਦਾਸ ਸਿੰਘ ਆਦਿ ਮੌਜੂਦ ਸਨ।


cherry

Content Editor

Related News