ਸਵਾਈਨ ਫਲੂ ਦਾ ਕਹਿਰ, ਖੰਨਾ ''ਚ ਹੋਈ 7ਵੀਂ ਮੌਤ

Sunday, Feb 17, 2019 - 10:50 PM (IST)

ਸਵਾਈਨ ਫਲੂ ਦਾ ਕਹਿਰ, ਖੰਨਾ ''ਚ ਹੋਈ 7ਵੀਂ ਮੌਤ

ਖੰਨਾ,(ਸੁਨੀਲ) : ਸ਼ਹਿਰ 'ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਜਾਨਲੇਵਾ ਬੀਮਾਰੀ ਨਾਲ ਹੁਣ ਤੱਕ ਪੁਲਸ ਜ਼ਿਲਾ ਖੰਨਾ 'ਚ 7 ਮੌਤਾਂ ਹੋ ਚੁੱਕੀਆਂ ਹਨ। ਇਸ ਵਾਰ ਸਵਾਈਨ ਫਲੂ ਨੇ ਸ਼ਹਿਰ ਦੇ ਸਮਾਧੀ ਰੋਡ ਇਲਾਕੇ 'ਚ ਇਕ 60 ਸਾਲ ਦੀ ਮਹਿਲਾ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਸੁਰਿੰਦਰ ਕੌਰ ਦੇ ਪਤੀ ਕਰਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੁਰਿੰਦਰ ਕੌਰ ਬੀਮਾਰ ਹੋਈ ਸੀ, ਉਸਨੂੰ ਸਵਾਈਨ ਫਲੂ ਦੀ ਪੁਸ਼ਟੀ ਹੋ ਜਾਣ 'ਤੇ ਡੀ. ਐੱਮ. ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਹਾਲਤ 'ਚ ਸੁਧਾਰ ਨਾ ਹੋਣ 'ਤੇ ਬੀਤੀ ਰਾਤ ਸੁਰਿੰਦਰ ਕੌਰ ਦੀ ਮੌਤ ਹੋ ਗਈ, ਜਿਸ 'ਤੇ ਡੀ. ਐੱਮ. ਸੀ. ਤੋਂ ਹੀ ਡਾਕਟਰਾਂ ਦੀ ਟੀਮ ਲਾਸ਼ ਨੂੰ ਲੈ ਕੇ ਖੰਨਾ ਆਈ ਅਤੇ ਸਾਵਧਾਨੀ ਵਰਤਦੇ ਹੋਏ ਲਾਸ਼ ਨੂੰ ਘਰ ਨਹੀਂ ਲਿਜਾਇਆ ਜਾ ਸਕਿਆ ਅਤੇ ਸਥਾਨਕ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਡੀ. ਐੱਮ. ਸੀ. ਦੀ ਟੀਮ ਨੇ ਕਰਵਾਇਆ ਅੰਤਿਮ ਸੰਸਕਾਰ
ਮ੍ਰਿਤਕਾ ਦੀ ਮੌਤ ਤੋਂ ਬਾਅਦ ਲੁਧਿਆਣਾ ਤੋਂ ਡੀ. ਐੱਮ. ਸੀ. ਹਸਪਤਾਲ ਦੀ ਇਕ ਟੀਮ ਖੰਨਾ ਆਈ, ਜਿਸ ਦੀ ਨਿਗਰਾਨੀ 'ਚ ਮ੍ਰਿਤਕਾ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ । ਇਸ ਦੌਰਾਨ ਸਭ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਗਈਆਂ ਤਾਂ ਜੋ ਕੋਈ ਹੋਰ ਇਸ ਬੀਮਾਰੀ ਦੀ ਲਪੇਟ 'ਚ ਨਾ ਆ ਜਾਵੇ।

ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ : ਐੱਸ. ਐੱਮ. ਓ.
ਇਸ ਸਬੰਧੀ ਐੱਸ. ਐੱਮ. ਓ. ਡਾਕਟਰ ਰਾਜਿੰਦਰ ਗੁਲਾਟੀ ਨੇ ਸਵਾਈਨ ਫਲੂ ਨਾਲ ਔਰਤ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੁਧਿਆਣਾ ਤੋਂ ਸੂਚਨਾ ਮਿਲੀ ਸੀ ਕਿ ਔਰਤ ਦੀ ਮੌਤ ਸਵਾਈਨ ਫਲੂ ਨਾਲ ਹੋ ਗਈ ਹੈ। ਇਸ 'ਤੇ ਪਰਿਵਾਰ ਦੇ ਹੋਰ ਲੋਕਾਂ ਨੂੰ ਬਚਾਅ ਦੇ ਮਕਸਦ ਨਾਲ ਦਵਾਈ ਦੇ ਦਿੱਤੀ ਗਈ ਹੈ। ਸਵਾਈਨ ਫਲੂ ਨੂੰ ਰੋਕਣ ਲਈ ਵਿਭਾਗ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਲੋਕਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਬੀਮਾਰ ਹੋਣ ਦੀ ਹਾਲਤ 'ਚ ਕਿਸੇ ਪ੍ਰਕਾਰ ਦਾ ਰਿਸਕ ਨਹੀਂ ਲੈਣਾ ਚਾਹੀਦਾ।

ਮੌਤ ਦੇ ਬਾਅਦ ਹੀ ਪ੍ਰਸ਼ਾਸਨ ਕਿਉਂ ਆਉਂਦੈ ਹਰਕਤ 'ਚ
ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਸੰਖਿਆ 7 ਹੋ ਗਈ ਹੈ। ਜੇਕਰ ਅਸੀਂ ਇਤਿਹਾਸ ਦੇ ਪੰਨੇ ਪਲਟ ਕੇ ਵੇਖੀਏ ਤਾਂ ਇਸ ਗੱਲ ਦੀ ਭਲੀਭਾਂਤ ਪੁਸ਼ਟੀ ਹੁੰਦੀ ਹੈ ਕਿ ਮੌਤ ਦੇ ਬਾਅਦ ਹੀ ਸਿਹਤ ਵਿਭਾਗ ਹਰਕਤ 'ਚ ਆਉਂਦਾ ਹੈ ਤੇ ਪੀੜਤ ਪਰਿਵਾਰ ਦੇ ਘਰ ਜਾ ਕੇ ਪਰਿਵਾਰ ਦੇ ਮੈਂਬਰਾਂ ਨੂੰ ਸਾਵਧਾਨੀ ਵਰਤਣ ਲਈ ਨਿਰਦੇਸ਼ ਜਾਰੀ ਕਰਦਾ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਸਵਾਈਨ ਫਲੂ ਦੇ ਬਾਰੇ 'ਚ ਜਾਣਕਾਰੀ ਦੇਣਾ ਸ਼ੁਰੂ ਕਰ ਦਿੰਦਾ ਹੈ। ਕਿੰਨਾ ਵਧੀਆ ਹੋਵੇਗਾ ਜੇਕਰ ਸਿਹਤ ਵਿਭਾਗ ਸਾਰੇ 33 ਵਾਰਡਾਂ 'ਚ ਨੁੱਕੜ ਮੀਟਿੰਗਾਂ ਦੇ ਰਾਹੀਂ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਦੀ ਜਾਣਕਾਰੀ ਦੇਵੇ।


Related News