ਲੁਧਿਆਣਾ ''ਚ ਭਾਜਪਾ ਕੌਂਸਲਰਾਂ ਦੇ ਧਰਨੇ ''ਚ ਸ਼ਾਮਲ ਹੋਏ ਸੁਨੀਲ ਜਾਖੜ, ਕੀਤੀ ਇਹ ਮੰਗ
Monday, Aug 04, 2025 - 06:16 PM (IST)

ਲੁਧਿਆਣਾ (ਹਿਤੇਸ਼)- ਭਾਜਪਾ ਕੌਂਸਲਰਾਂ ਵੱਲੋਂ ਲੁਧਿਆਣਾ ਨਗਰ ਨਿਗਮ ਵਿਚ ਮੇਅਰ ਦੇ ਖ਼ਿਲਾਫ਼ ਲਗਾਇਆ ਗਿਆ ਧਰਨਾ ਅੱਜ ਚੌਥੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਚੌਥੇ ਦਿਨ ਧਰਨੇ ਵਿਚ ਪਹਿਲਾਂ ਕਾਜਰਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸ਼ਾਮਲ ਹੋਏ ਸਨ ਅਤੇ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਏ। ਸੁਨੀਲ ਜਾਖੜ ਵੱਲੋਂ ਮੇਅਰ ਦੇ ਵਿਵਹਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਜਦੋਂ ਮੇਅਰ ਮੁਆਫ਼ੀ ਨਹੀਂ ਮੰਗ ਲੈਂਦੇ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਇਹ ਧਰਨਾ ਸ਼ੁੱਕਰਵਾਰ ਨੂੰ ਭਾਜਪਾ ਕੌਂਸਲਰਾਂ ਦੀ ਮੇਅਰ ਨਾਲ ਮੀਟਿੰਗ ਤੋਂ ਬਾਅਦ ਲਗਾਇਆ ਗਿਆ ਸੀ। ਭਾਜਪਾ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਲੈ ਕੇ ਮੇਅਰ ਨਾਲ ਮੀਟਿੰਗ ਕਰਨ ਗਏ ਸੀ। ਇਸ ਦੌਰਾਨ ਸੁਣਵਾਈ ਨਾ ਹੋਣ 'ਤੇ ਵਿਰੋਧ ਕਰਨ ਦੌਰਾਨ ਮੇਅਰ ਨੇ ਪੁਲਸ ਨੂੰ ਬੁਲਾ ਕੇ ਭਾਜਪਾ ਕੌਂਸਲਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਵਿਰੋਧ ਵਿਚ ਭਾਜਪਾ ਕੌਂਸਲਰਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਨੇ ਇਲਾਜ ਦੌਰਾਨ ਤੋੜਿਆ ਦਮ, ਪਰਿਵਾਰ ਨੇ ਕੀਤਾ ਹੰਗਾਮਾ
ਇਹ ਧਰਨਾ ਸ਼ੁੱਕਰਵਾਰ ਦੁਪਹਿਰ ਤੋਂ ਲਗਾਤਾਰ ਦਿਨ-ਰਾਤ ਚੱਲ ਰਿਹਾ ਹੈ। ਇਸ ਧਰਨੇ ਵਿਚ ਭਾਜਪਾ ਨੂੰ ਕਾਂਗਰਸ ਤੇ ਅਕਾਲੀ ਦਲ ਦਾ ਵੀ ਸਾਥ ਮਿਲਿਆ ਹੈ। ਉਨ੍ਹਾਂ ਦੇ ਕੌਂਸਲਰ ਵੀ ਧਰਨੇ ਵਿਚ ਸ਼ਾਮਲ ਹੋਏ ਹਨ। ਇਸ ਮਾਮਲੇ ਵਿਚ ਮੇਅਰ ਦਾ ਕਹਿਣਾ ਹੈ ਕਿ ਭਾਜਪਾ ਕੌਂਸਲਰਾਂ ਵੱਲੋਂ ਆਪਣੇ ਵਾਰਡਾਂ ਦੀਆਂ ਜੋ ਵੀ ਸਮੱਸਿਆਵਾਂ ਦੱਸੀਆਂ ਗਈਆਂ, ਉਨ੍ਹਾਂ ਦੇ ਹੱਲ ਲਈ ਮੀਟਿੰਗ ਦੌਰਾਨ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਭਾਜਪਾ ਕੌਂਸਲਰਾਂ ਵੱਲੋਂ ਮੀਟਿੰਗ ਦੌਰਾਨ ਬਿਨਾਂ ਵਜ੍ਹਾ ਹੰਗਾਮਾ ਕੀਤਾ ਗਿਆ। ਇਸ ਨੂੰ ਲੈ ਕੇ ਮੇਅਰ ਵੱਲੋਂ ਭਾਜਪਾ ਦੇ ਕੌਂਸਲਰਾਂ ਦੇ ਖ਼ਿਲਾਫ਼ ਪੁਲਸ ਕੇਸ ਦਰਜ ਕਰਵਾਇਆ ਗਿਆ ਹੈ।
ਇਸ ਦੇ ਬਾਵਜੂਦ ਭਾਜਪਾ ਵੱਲੋਂ ਧਰਨਾ ਜਾਰੀ ਰੱਖਿਆ ਗਿਆ ਹੈ। ਇਹ ਧਰਨਾ ਸੋਮਵਾਰ ਨੂੰ ਵੀ ਨਗਰ ਨਿਗਮ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਜ਼ੋਨ ਡੀ ਆਫ਼ਿਸ ਵਿਚ ਜਾਰੀ ਹੈ, ਜਿੱਥੇ ਭਾਜਪਾ ਦੇ ਕੌਂਸਲਰ ਤੇ ਲੀਡਰ ਪਹੁੰਚ ਰਹੇ ਹਨ। ਇਸ ਧਰਨੇ ਵਿਚ ਆਮ ਲੋਕਾਂ ਦੀ ਤੇ ਮੁਲਾਜ਼ਮਾਂ ਦੀ ਆਵਾਜਾਈ ਨੂੰ ਫ਼ਿਲਹਾਲ ਨਹੀਂ ਰੋਕਿਆ ਤੇ ਉਨ੍ਹਾਂ ਦੇ ਆਉਣ-ਜਾਣ ਲਈ ਰਸਤਾ ਛੱਡਿਆ ਹੋਇਆ ਹੈ। ਭਾਜਪਾ ਵੱਲੋਂ ਇਸ ਧਰਨੇ ਦੌਰਾਨ ਮੇਅਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨਾਲ ਹੋਈ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਵੱਡੀ ਅਪਡੇਟ, ਹਾਈਕੋਰਟ ਨੇ ਦਿੱਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e