ਮਜੀਠੀਆ ਨੂੰ ਪ੍ਰਧਾਨ ਬਣਾਉਣ ਦੀ ਮੰਗ ''ਚ ਮੀਟਿੰਗ ਦੌਰਾਨ ਘਿਰੇ ਸੁਖਬੀਰ ਬਾਦਲ

07/19/2018 6:32:50 PM

ਬੁਢਲਾਡਾ (ਮਨਜੀਤ)— ਸ਼੍ਰੋਮਣੀ ਅਕਾਲੀ ਦਲ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਵੱਖ-ਵੱਖ ਪਾਰਟੀ ਵਿੰਗਾਂ ਨਾਲ ਸਲਾਹ ਮਸ਼ਵਰੇ ਕੀਤੇ ਜਾਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ। ਪਾਰਟੀ ਦੇ ਹਰਿਆਵਲ ਦਸਤੇ ਨੂੰ ਸਰਗਰਮ ਕਰਨ ਲਈ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਵਲੋਂ ਇਕ ਹੰਗਾਮੀ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਯੂਥ ਵਿੰਗ ਦੇ ਪੰਜਾਬ 'ਚੋਂ ਸੀਨੀਅਰ ਆਗੂ ਸ਼ਾਮਲ ਹੋਏ । ਸੂਤਰਾਂ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੀਟਿੰਗ 'ਚ ਹਾਜ਼ਰ ਯੂਥ ਆਗੂਆਂ ਅਤੇ ਵਰਕਰਾਂ ਨੇ ਸਪੱਸ਼ਟ ਕਿਹਾ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਯੂਥ ਵਿੰਗ ਦੀ ਵਾਗਡੋਰ ਇਕ ਵਿਅਕਤੀ ਦੇ ਹਵਾਲੇ ਕੀਤੀ ਜਾਵੇ ਅਤੇ ਅੱਜ ਦੇ ਸਿਆਸੀ ਹਾਲਾਤ ਮੁਤਾਬਕ ਯੂਥ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਹੀ ਇਕ ਅਜਿਹਾ ਨੇਤਾ ਹੈ, ਜੋ ਯੂਥ ਵਿੰਗ ਨੂੰ ਪੱਬਾਂ ਭਾਰ ਕਰ ਸਕਦਾ ਹੈ। ਸੂਤਰਾਂ ਮੁਤਾਬਕ ਮਜੀਠੀਆ ਨੂੰ ਯੂਥ ਵਿੰਗ ਦੀ ਵਾਗਡੋਰ ਸੌਂਪਣ ਦੀ ਮੰਗ 'ਚ ਉਸ ਸਮੇਂ ਸੁਖਬੀਰ ਬਾਦਲ ਘਿਰ ਗਏ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਕਈ ਹੋਰ ਆਗੂਆਂ ਨੇ ਵਰਕਰਾਂ ਦੀ ਹਾਂ 'ਚ ਹਾਂ ਮਿਲਾਉਂਦਿਆਂ ਮਜੀਠੀਆ ਨੂੰ ਯੂਥ ਵਿੰਗ ਦਾ ਪ੍ਰਧਾਨ ਬਣਾਉਣ ਦੀ ਮੰਗ ਰੱਖੀ। ਵਰਕਰਾਂ ਦੇ ਵਧ ਰਹੇ ਦਬਾਅ ਤੋਂ ਖਹਿੜਾ ਛੁਡਾਉਂਦਿਆਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਯੂਥ ਵਿੰਗ ਨਾਲ ਸੰਬੰਧਿਤ ਲਿਆ ਜਾਣ ਵਾਲਾ ਫੈਸਲਾ ਪਾਰਟੀ ਵਰਕਰਾਂ ਦੇ ਜਜ਼ਬਾਤਾਂ ਨੂੰ ਧਿਆਨ 'ਚ ਰਖ ਕੇ ਕੀਤਾ ਜਾਵੇਗਾ। ਇੱਥੇ ਵਰਨਣਯੋਗ ਗੱਲ ਇਹ ਹੈ ਕਿ ਮਾਨਸਾ ਜ਼ਿਲੇ 'ਚ ਮਜੀਠੀਏ ਨੂੰ ਪ੍ਰਧਾਨ ਬਣਾਉਣ ਦੀ ਮੰਗ ਕਰਨ ਵਾਲਿਆਂ 'ਚ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਜਨਰਲ ਸਕੱਤਰ ਰਘੁਵੀਰ ਸਿੰਘ ਮਾਨਸਾ, ਜ਼ਿਲਾ ਪ੍ਰਧਾਨ ਅਵਤਾਰ ਸਿੰਘ, ਆਈ. ਟੀ. ਵਿੰਗ ਦੇ ਹਰਮਨਜੀਤ ਸਿੰਘ ਸਮੇਤ ਹੋਰਾਂ ਨੇ ਇਸ ਸੰਬੰਧ 'ਚ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸਾਥੀਆਂ ਸਮੇਤ ਪਾਰਟੀ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਅਰਦਾਸ ਕੀਤੀ।


Related News