ਬੱਚਿਆਂ ਦੀ ਆਨਲਾਈਨ ਪੜ੍ਹਾਈ : ਗਰਮੀ ਦੇ ਮੌਸਮ ’ਚ ਅੱਖਾਂ ਦੀ ਨਮੀ ਦਾ ਘਟਣਾ ਨੁਕਸਾਨਦੇਹ

06/17/2020 9:40:15 AM

ਪਟਿਆਲਾ/ਰੱਖੜਾ (ਰਾਣਾ) : ਤਾਲਾਬੰਦੀ ਕਾਰਣ ਸਕੂਲ-ਕਾਲਜ ਬੰਦ ਰਹਿਣ ’ਤੇ ਵਿਦਿਆਰਥੀਆਂ ਦੀ ਸਮੁੱਚੀ ਪੜ੍ਹਾਈ ਆਨਲਾਈਨ ਕਰਵਾਉਣ ਦੇ ਸਰਕਾਰੀ ਹੁਕਮਾਂ ਦੀ ਸਮੂਹ ਵਿੱਦਿਅਕ ਸੰਸਥਾਵਾਂ ਵੱਲੋਂ ਪਾਲਣਾ ਕਰਨਾ ਘੱਟ ਉਮਰ ਦੇ ਬੱਚਿਆਂ ਦੀਆਂ ਅੱਖਾਂ ਲਈ ਖਤਰਾ ਬਣਦਾ ਨਜ਼ਰ ਆ ਰਿਹਾ ਹੈ। ਭਾਵੇਂ ਕਿ ਬੱਚਿਆਂ ਨੂੰ ਮਾਪਿਆਂ ਦੀ ਨਿਗਰਾਨੀ ਹੇਠ ਘਰ 'ਚ ਬੈਠ ਕੇ ਪੜ੍ਹਨ ਦੀਆਂ ਹਦਾਇਤਾਂ ਵੀ ਹਨ ਪਰ ਲਗਾਤਾਰ ਲੈਪਟਾਪ, ਕੰਪਿਊਟਰ, ਟੀ. ਵੀ. ਅਤੇ ਮੋਬਾਇਲਾਂ ’ਤੇ ਧਿਆਨ ਲਾ ਕੇ ਕਲਾਸਾਂ ਲਾਉਣਾ ਅਤੇ ਕੰਮ ਨੂੰ ਕਾਪੀ-ਪੇਸਟ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਦੀਆਂ ਅੱਖਾਂ ਦੀ ਨਮੀ ਦਾ ਲਗਾਤਾਰ ਘਟਣਾ ਅੱਖਾਂ ਦੀ ਨਜ਼ਰ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਕਾਰਣ ਸੁਭਾਵਕ ਤੌਰ ’ਤੇ ਨਿਗ੍ਹਾ ਦੀਆਂ ਐਨਕਾਂ ਲੱਗ ਸਕਦੀਆਂ ਹਨ। ਇਸ ਲਈ ਮਾਪਿਆਂ ਨੂੰ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਸਿਰਦਰਦ, ਅੱਖਾਂ ਦੁੱਖਣ, ਅੱਖਾਂ 'ਚੋਂ ਪਾਣੀ ਦਾ ਲਗਾਤਾਰ ਵਗਣਾ ਜਾਂ ਘੱਟ ਨੀਂਦ ਆਉਣ ਵਰਗੀਆਂ ਸ਼ਿਕਾਇਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਹ ਨਜ਼ਰ-ਅੰਦਾਜ਼ੀ ਬੱਚਿਆਂ ਲਈ ਭਵਿੱਖ 'ਚ ਵੱਡਾ ਖਤਰਾ ਬਣ ਕੇ ਉੱਭਰ ਸਕਦੀ ਹੈ।
ਬੱਚਿਆਂ ਦੀਆਂ ਅੱਖਾਂ ਨੂੰ ਨਮੀ ਮਿਲਣੀ ਚਾਹੀਦੀ ਹੈ : ਡਾ. ਸੋਢੀ
ਅੱਖਾਂ ਦੇ ਮਾਹਿਰ ਡਾਕਟਰ ਜੇ. ਪੀ. ਐੱਸ. ਸੋਢੀ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਕਰਵਾਉਣ ਦਾ ਮੁੱਦਾ ਬੱਚਿਆਂ ਲਈ ਸੰਵੇਦਨਸ਼ੀਲ ਹੈ ਕਿਉਂਕਿ ਬੱਚਿਆਂ ਦੀਆਂ ਅੱਖਾਂ ਲੰਮਾ ਸਮਾਂ ਖੁਸ਼ਕ ਰਹਿ ਸਕਦੀਆਂ ਹਨ। ਲਗਾਤਾਰ ਆਨਲਾਈਨ ਪੜ੍ਹਨ ਵਾਲੇ ਬੱਚਿਆਂ ਨੂੰ ਹਰ 20 ਮਿੰਟ ਬਾਅਦ 1 ਮਿੰਟ ਤੱਕ ਸਕਰੀਨ ਤੋਂ ਨਿਗ੍ਹਾ ਹਟਾਉਣੀ ਚਾਹੀਦੀ ਹੈ ਅਤੇ ਅੱਖਾਂ ਨੂੰ ਸਾਫ ਪਾਣੀ ਨਾਲ ਗਿੱਲਾ ਕੀਤਾ ਜਾ ਸਕਦਾ ਹੈ ਤਾਂ ਜੋ ਅੱਖਾਂ ਵਿਚਲੀ ਲੋੜੀਂਦੀ ਨਮੀ ਬਰਕਰਾਰ ਰਹਿ ਸਕੇ। ਬੱਚਿਆਂ 'ਚ ਚਿੜਚਿੜਾਪਨ, ਸਿਰਦਰਦ, ਅੱਖਾਂ ਦਰਦ ਅਤੇ ਉਨੀਂਦਰੇ ਦੀ ਸ਼ਿਕਾਇਤ ਹੋਣ ’ਤੇ ਅੱਖਾਂ ਦੇ ਮਾਹਿਰ ਡਾਕਟਰਾਂ ਨੂੰ ਚੈਕਅੱਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਬੱਚਿਆਂ ਨੂੰ ਐਨਕ ਲਾਈ ਜਾ ਸਕੇ। ਇਹ ਗੱਲ ਬੱਚਿਆਂ ਅਤੇ ਅਧਿਆਪਕਾਂ ’ਤੇ ਬਰਾਬਰ ਰੂਪ 'ਚ ਲਾਗੂ ਹੁੰਦੀ ਹੈ।
 


Babita

Content Editor

Related News