ਸਰੋਵਰ ''ਚ ਛਾਲ ਮਾਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
Thursday, Jul 02, 2020 - 07:52 PM (IST)
ਸ੍ਰੀ ਮੁਕਤਸਰ ਸਾਹਿਬ,(ਪਵਨ, ਰਿਣੀ)- ਸ੍ਰੀ ਮੁਕਤਸਰ ਸਾਹਿਬ ਦੇ ਇੱਕ 40 ਸਾਲਾਂ ਨੌਜਵਾਨ ਨੇ ਸਥਾਨਕ ਸਰੋਵਰ 'ਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਨੌਜਵਾਨ ਫੋਟੋ ਫਰੇਮਿੰਗ ਦਾ ਵੱਡੇ ਪੱਧਰ 'ਤੇ ਕੰਮ ਕਰਦਾ ਸੀ। ਨੌਜਵਾਨ ਦੀ ਜੇਬ 'ਚੋਂ ਇਕ ਸੁਸਾਇਡ ਨੋਟ ਵੀ ਪ੍ਰਾਪਤ ਹੋਇਆ ਹੈ। ਜਿਸ ਵਿਚ ਉਸਨੇ ਆਪਣੀ ਮੌਤ ਦਾ ਕਾਰਨ ਇਕ ਵਿਅਕਤੀ ਨੂੰ ਦੱਸਿਆ ਹੈ।
ਜਾਣਕਾਰੀ ਮੁਤਾਬਕ ਸਥਾਨਕ ਗਾਂਧੀ ਚੌਂਕ ਵਿਖੇ ਫੋਟੋ ਫਰੇਮਿੰਗ ਦਾ ਕੰਮ ਕਰਦੇ ਨੌਜਵਾਨ ਅਮਿਤ ਕੁਮਾਰ ਬਿੱਟੂ ਨੇ ਅੱਜ ਬਾਅਦ ਦੁਪਹਿਰ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਛਾਲ ਮਾਰ ਦਿੱਤੀ। ਕਰੀਬ 2 ਘੰਟਿਆਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਸਥਾਨਕ ਸਰੋਵਰ ਵਿਚੋਂ ਕੱਢ ਲਈ ਗਈ। ਇਸ ਨੌਜਵਾਨ ਦੀ ਜੇਬ 'ਚੋਂ ਇਕ ਸੁਸਾਇਡ ਨੋਟ ਪ੍ਰਾਪਤ ਹੋਇਆ ਜੋ ਕਿ ਇੱਕ ਪਲਾਸਟਿਕ ਦੇ ਕਾਗਜ ਵਿਚ ਲਪੇਟਿਆ ਹੋਇਆ ਸੀ। ਇਸ ਸੁਸਾਇਡ ਨੋਟ ਵਿਚ ਉਸ ਨੇ ਲਿਖਿਆ ਕਿ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਰੁਪਿੰਦਰ ਰੂਬੀ ਨਾਮ ਦਾ ਵਿਅਕਤੀ ਕੰਪਿਊਟਰ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਇਸ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਦੀਆਂ ਬਾਹਰ ਕੰਮ ਕਰਦੀਆਂ ਦੀਆਂ ਅਪੱਤੀਜਨਕ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾ ਲਈਆਂ ਹਨ। ਇਹ ਨੌਜਵਾਨ ਹੁਣ ਉਸ ਨੂੰ ਇਹ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਇਸ ਬਦਲੇ 5 ਲੱਖ ਰੁਪਏ ਦੀ ਮੰਗ ਕਰਦਾ ਹੈ। ਉਸ ਕੋਲ 5 ਲੱਖ ਰੁਪਏ ਨਹੀਂ ਹਨ ਅਤੇ ਇਸ ਨੌਜਵਾਨ ਤੋਂ ਤੰਗ ਹੋ ਉਹ ਖੁਦਕਸ਼ੀ ਕਰ ਰਿਹਾ ਹੈ।
ਪੁਲਿਸ ਨੇ ਫਿਲਹਾਲ ਸੁਸਾਇਡ ਨੋਟ ਵੀ ਕਬਜ਼ੇ ਵਿਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਐਸ. ਐਚ. ਓ. ਮੋਹਨ ਲਾਲ ਨੇ ਕਿਹਾ ਕਿ ਨੌਜਵਾਨ ਦੀ ਜੇਬ 'ਚੋਂ ਸੁਸਾਇਡ ਨੋਟ ਮਿਲਿਆ ਹੈ ਜੋ ਕਿ ਰੁਪਿੰਦਰ ਰੂਬੀ ਦੇ ਵਿਰੁੱਧ ਹੈ, ਜੋ ਇਸ ਨੂੰ ਬਲੈਕਮੇਲ ਕਰਦਾ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਮੀਨਾਕਸ਼ੀ ਵੱਲੋਂ ਪਹਿਲਾ ਵੀ ਰੁਪਿੰਦਰ ਰੂਬੀ ਤੇ ਇੱਕ ਛੇੜਖਾਨੀ ਦਾ ਮਾਮਲਾ ਪਹਿਲਾ ਵੀ ਦਰਜ਼ ਹੈ, ਜਿਸ ਵਿਚੋਂ ਰੂਬੀ ਦੀ ਮਾਣਯੋਗ ਹਾਈਕੋਰਟ 'ਚੋਂ ਜਮਾਨਤ ਹੋ ਚੁੱਕੀ ਹੈ। ਹੁਣ ਸੁਸਾਇਡ ਨੋਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਅਮਿਤ ਕੁਮਾਰ ਬਿੱਟੂ ਦੀ ਉਮਰ 40 ਸਾਲ ਸੀ ਅਤੇ ਉਸਦਾ ਇੱਕ 12 ਸਾਲ ਦਾ ਬੱਚਾ ਹੈ। ਬਿੱਟੂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸ਼ਹਿਰ ਵਿਚ ਸੋਗ ਦੀ ਲਹਿਰ ਹੈ।