ਆਟਾ-ਦਾਲ ਸਕੀਮ ਨਾਲੋਂ ਲੋਕਾਂ ਨੂੰ ਲੋੜ ਹੈ ਸਸਤੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦੀ

04/22/2019 1:46:12 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਦੇਸ਼ ਨੂੰ ਆਜ਼ਾਦ ਹੋਏ ਨੂੰ ਭਾਵੇਂ 7 ਦਹਾਕਿਆਂ ਤੋਂ ਵਧ ਦਾ ਸਮਾਂ ਹੋ ਚੁੱਕਾ ਹੈ ਜਿਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਗਰੀਬ ਤੇ ਮੱਧ-ਵਰਗੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ। ਸਿਆਸੀ ਆਗੂਆਂ ਨੇ ਲੋਕਾਂ ਨਾਲ ਵਾਅਦੇ ਤਾਂ ਕਈ ਕੀਤੇ ਪਰ ਉਨ੍ਹਾਂ ਨੂੰ ਸਿਰੇ ਨਹੀਂ ਚੜ੍ਹਾਇਆ, ਜਿਸ ਕਰਕੇ ਲੋਕ ਅਨੇਕਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਜਿਨ੍ਹਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ, ਉਸ ਵੱਲ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ । ਸਰਕਾਰਾਂ ਆਟਾ-ਦਾਲ ਵਰਗੀਆਂ ਸਕੀਮਾਂ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਜਦਕਿ ਆਟਾ-ਦਾਲ ਸਕੀਮ ਨਾਲੋਂ ਲੋਕਾਂ ਨੂੰ ਲੋੜ ਹੈ ਸਸਤੀਆਂ ਸਿਹਤ ਸਹੂਲਤਾਂ ਅਤੇ ਸਸਤੀ ਸਿੱਖਿਆ ਮੁਹੱਈਆ ਕਰਵਾਉਣ ਦੀ। ਇਸ ਗੰਭੀਰ ਮਸਲੇ ਸਬੰਧੀ 'ਜਗ ਬਾਣੀ' ਵਲੋਂ ਇਸ ਹਫਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

ਕਈ ਬੀਮਾਰੀਆਂ ਤੋਂ ਪੀੜਤ ਹਨ ਲੋਕ
ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਦੇ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹਨ। ਕੈਂਸਰ ਦੇ ਕਹਿਰ ਨੇ ਅਨੇਕਾਂ ਲੋਕਾਂ ਨੂੰ ਖਾ ਲਿਆ ਹੈ ਅਤੇ ਕਾਲੇ ਪੀਲੀਏ ਦਾ ਜ਼ੋਰ ਲਗਾਤਾਰ ਵਧ ਰਿਹਾ ਹੈ। ਕਈ ਲੋਕਾਂ ਨੂੰ ਹਾਰਟ ਅਟੈਕ, ਬਲੱਡ ਪ੍ਰੈਸ਼ਰ, ਅੱਖਾਂ ਦੇ ਰੋਗ, ਹੱਡੀਆਂ ਦੀਆਂ ਬੀਮਾਰੀਆਂ ਅਤੇ ਸ਼ੂਗਰ ਤੋਂ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਕਤ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਬਹੁਤ ਸਾਰੇ ਪੈਸਿਆਂ ਦੀ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ। ਕੁਝ ਬੀਮਾਰੀਆਂ 'ਤੇ ਲੱਖਾਂ ਰੁਪਏ ਇਲਾਜ ਕਰਵਾਉਣ ਲਈ ਖਰਚਾ ਹੁੰਦਾ ਹੈ ਪਰ ਇੰਨੇ ਪੈਸੇ ਖਰਚਣੇ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਸਿਹਤ ਸਹੂਲਤਾਂ ਕਿਤੇ ਵੀ ਸਸਤੀਆਂ ਨਹੀਂ ਹਨ।  

ਸਰਕਾਰੀ ਹਸਪਤਾਲਾਂ 'ਚ ਜਾਣ-ਬੁਝ ਕੇ ਸਰਕਾਰ ਨਹੀਂ ਕਰ ਰਹੀ ਸੁਧਾਰ
ਸਰਕਾਰੀ ਹਸਪਤਾਲਾਂ 'ਚ ਸਰਕਾਰ ਜਾਣ-ਬੁੱਝ ਕੇ ਸੁਧਾਰ ਨਹੀਂ ਕਰ ਰਹੀ। ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਟੈਸਟਾਂ ਵਾਲੀਆਂ ਮਸ਼ੀਨਾਂ ਤੇ ਹੋਰ ਸਾਜ਼ੋ-ਸਾਮਾਨ ਦੀ ਘਾਟ ਹੈ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਮਾਹਿਰਾਂ ਦੀਆਂ ਅਨੇਕਾਂ ਅਸਾਮੀਆਂ ਖਾਲੀ ਹਨ। ਇਸ ਕਰ ਕੇ ਮਰੀਜ਼ਾਂ ਨੂੰ ਲੋੜੀਂਦੇ ਟੈਸਟ ਪ੍ਰਈਵੇਟ ਹਸਪਤਾਲਾਂ 'ਚ ਮਹਿੰਗੇ ਰੇਟ 'ਤੇ ਕਰਵਾਉਣੇ ਪੈਂਦੇ ਹਨ। ਕਮਰਿਆਂ ਦਾ ਕਿਰਾਇਆ ਤੇ ਹੋਰ ਖਰਚਾ ਦੁੱਗਣਾ ਪਾਇਆ ਜਾਂਦਾ ਹੈ। ਇਲਾਜ ਬਹੁਤ ਮਹਿੰਗਾ ਹੈ ਅਤੇ ਉੱਪਰੋਂ ਅੰਗਰੇਜ਼ੀ ਦਵਾਈਆਂ ਦੇਣ ਸਮੇਂ ਮਰੀਜ਼ਾਂ ਦੀ ਵੱਡੀ ਲੁੱਟ ਕੀਤੀ ਜਾਂਦੀ ਹੈ ਅਤੇ ਦੁੱਗਣੇ ਤੋਂ ਵੀ ਵੱਧ ਰੇਟ ਲਏ ਜਾਂਦੇ ਹਨ।  

ਮਹਿੰਗੀ ਸਿੱਖਿਆ
ਇਸੇ ਤਰ੍ਹਾਂ ਸਿੱਖਿਆ ਵੀ ਬਹੁਤ ਮਹਿੰਗੀ ਅਤੇ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਭਾਵੇਂ ਕਈ ਥਾਵਾਂ 'ਤੇ ਗਰੀਬਾਂ ਦੇ ਬੱਚਿਆਂ ਦੀਆਂ ਫੀਸਾਂ ਮੁਆਫ਼ ਹਨ ਪਰ ਜੱਟ ਤੇ ਹੋਰ ਕਈ ਜਾਤਾਂ ਨਾਲ ਸਬੰਧਤ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਅਤੇ ਉੱਚ ਕੋਰਸ ਕਰਨੇ ਔਖੇ ਹਨ । ਹਰੇਕ ਮਾਂ-ਬਾਪ ਦੇ ਵੱਸ ਦੀ ਗੱਲ ਨਹੀਂ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਇਸ ਕਰ ਕੇ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ।

ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਹੋਈ ਦੂਰ
ਸਰਕਾਰ ਕੋਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਅਜੇ ਤੱਕ ਦੂਰ ਨਹੀਂ ਹੋਈ। ਬਹੁਤੇ ਥਾਵਾਂ 'ਤੇ ਧਰਤੀ ਹੇਠਲਾ ਪਾਣੀ ਖਰਾਬ ਤੇ ਖਾਰਾ ਹੈ, ਜਿਸ 'ਚ ਤੇਜ਼ਾਬ ਤੇ ਸ਼ੋਰੇ ਦੇ ਤੱਤ ਪਾਏ ਜਾ ਰਹੇ ਹਨ। ਲੋਕਾਂ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਨਾਂ 'ਤੇ ਸਰਕਾਰਾਂ ਨੇ ਭਾਵੇਂ ਕਰੋੜਾਂ ਰੁਪਏ ਖਰਚੇ ਹਨ, ਜਿਸ ਦੇ ਬਾਵਜੂਦ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਲੋਕ ਮਾੜਾ ਪਾਣੀ ਪੀ ਕੇ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਸਿਆਸੀ ਨੇਤਾਵਾਂ ਵਲੋਂ ਕੀਤੇ ਗਏ ਵਾਅਦਿਆਂ 'ਤੇ ਲੋਕ ਕਰਨ ਸਵਾਲ
ਹੁਣ ਲੋਕ ਸਭਾ ਚੋਣਾਂ-2019 ਦਾ ਮਾਹੌਲ ਹੈ। ਸਭ ਸਿਆਸੀ ਪਾਰਟੀਆਂ ਵੋਟਰਾਂ ਤੱਕ ਆਪਣੀ ਪਹੁੰਚ ਕਰਨਗੀਆਂ ਪਰ ਸਿਹਤ ਸਹੂਲਤਾਂ, ਸਸਤੀ ਵਿੱਦਿਆ, ਪੀਣ ਵਾਲੇ ਪਾਣੀ ਆਦਿ ਬਾਰੇ ਕਿਸੇ ਨੇ ਕੁਝ ਨਹੀਂ ਕਰਨਾ। ਬਸ ਕੁਝ ਝੂਠੇ ਵਾਅਦੇ ਅਤੇ ਲਾਰੇ ਹੀ ਲੋਕਾਂ ਨੂੰ ਲਾਏ ਜਾਣਗੇ। ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ। ਸਿਆਸੀ ਨੇਤਾਵਾਂ ਵੱਲੋਂ ਕੀਤੇ ਗਏ ਵਾਅਦਿਆਂ 'ਤੇ ਸਵਾਲ ਕਰਨੇ ਚਾਹੀਦੇ ਹਨ ਅਤੇ ਮੰਗ ਕੀਤੀ ਜਾਵੇ ਕਿ ਬਣਦੀਆਂ ਸਾਰੀਆਂ ਸਹੂਲਤਾਂ ਉਨ੍ਹਾਂ ਨੂੰ ਜਲਦ ਮੁਹੱਈਆ ਕਰਵਾਈਆਂ ਜਾਣ।


rajwinder kaur

Content Editor

Related News