ਜੇਕਰ ਜੀ. ਆਰ. ਪੀ. ਚੁਸਤੀ ਦਿਖਾਉਂਦੀ ਤਾਂ ਫਡ਼ੇ ਜਾਂਦੇ ਲੁਟੇਰੇ

01/24/2019 3:05:29 AM

ਚੰਡੀਗਡ਼੍ਹ, (ਹਾਂਡਾ)- ਅਜਮੇਰ-ਚੰਡੀਗਡ਼੍ਹ ਗਰੀਬ ਰੱਥ ’ਚ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਲੋਕੇਸ਼ਨ ਅਚਲਾ ਨਾਂ  ਦੀ ਅੌਰਤ ਨੇ ਜੀ. ਆਰ. ਪੀ. ਨੂੰ ਦੇ ਦਿੱਤੀ ਸੀ  ਪਰ ਜੀ. ਆਰ. ਪੀ. ਦੀ ਟੀਮ ਉਕਤ ਲੋਕੇਸ਼ਨ ’ਤੇ ਵਾਰਦਾਤ ਦੇ ਤਿੰਨ ਘੰਟੇ ਬਾਅਦ ਪਹੁੰਚੀ, ਉਦੋਂ ਤਕ ਡਕੈਤ ਦੂਰ ਨਿਕਲ ਚੁੱਕੇ ਸਨ। ਅਚਲਾ ਨੇ ਦੱਸਿਆ ਕਿ ਜੇਕਰ ਜੀ. ਆਰ. ਪੀ. ਸਮਾਂ ਰਹਿੰਦੇ ਉਨ੍ਹਾਂ ਵਲੋਂ ਦਿੱਤੀ ਗਈ ਲੋਕੇਸ਼ਨ ’ਤੇ ਪਹੁੰਚ ਜਾਂਦੀ ਤਾਂ ਮੁਲਜ਼ਮਾਂ ਦਾ ਸੁਰਾਗ ਮਿਲ ਸਕਦਾ ਸੀ। 
 ਅਸੀਂ ਹਲਕੀ ਨੀਂਦ ’ਚ ਸੀ ਕਿ 10 ਹਥਿਆਰਬੰਦ ਦਾਖਲ ਹੋ ਗਏ 
 ਅਚਲਾ ਆਰੀਆ ਆਪਣੀ ਬੇਟੀ ਜਿਗਿਆਸਾ ਅਤੇ ਪਤੀ ਨਾਲ ਟਰੇਨ ਦੇ  ਡੱਬੇ ਨੰਬਰ ਜੀ 9 ’ਚ ਸਵਾਰ ਸੀ। ਉਨ੍ਹਾਂ ਦੀ ਬੁੱਧਵਾਰ ਨੂੰ ਹਾਈ ਕੋਰਟ ’ਚ ਪੇਸ਼ੀ ਸੀ। ਪੂਰਾ ਪਰਿਵਾਰ ਉਕਤ ਘਟਨਾ ਤੋਂ ਬਾਅਦ ਸਹਿਮਿਆ ਹੋਇਆ ਹੈ। ਅਚਲਾ ਨੇ ਦੱਸਿਆ ਕਿ ਰੋਹਤਕ ਤੇ ਪਾਨੀਪਤ ਦੇ ਵਿਚਕਾਰ ਅਚਾਨਕ ਟਰੇਨ ਰੁਕ ਗਈ, ਕਿਸੇ ਨੇ  ਡੱਬਾ ਨੰਬਰ ਜੀ 11 ਤੋਂ ਚੇਨ ਖਿੱਚੀ ਸੀ। ਅਸੀਂ ਹਲਕੀ ਨੀਂਦ ’ਚ ਸੀ ਕਿ ਅਚਾਨਕ 10 ਹਥਿਆਰਬੰਦ ਉਨ੍ਹਾਂ ਦੇ ਕੋਚ ’ਚ ਦਾਖਲ ਹੋ ਗਏ ਤੇ ਦੋਵਾਂ ਪਾਸਿਓਂ ਐਂਟਰੀ ਪੁਆਇੰਟ ਬੰਦ ਕਰ ਦਿੱਤੇ। 
 ਰੌਲਾ ਪਾਇਆ ਤਾਂ ਖੂਨ-ਖਰਾਬਾ ਹੋਵੇਗਾ 
 ਪੰਜ ਡਕੈਤਾਂ ਕੋਲ ਬੰਦੂਕਾਂ ਤੇ ਪਿਸਤੌਲ ਸਨ, ਜਦੋਂ ਕਿ ਬਾਕੀ ਵੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਦੋ  ਵਿਅਕਤੀਅਾਂ ਨੇ ਉੱਚੀ ਅਾਵਾਜ ’ਚ ਕਿਹਾ ਕਿ ਕੋਈ ਵੀ ਰੌਲਾ ਨਾ ਪਾਵੇ, ਨਹੀਂ ਤਾਂ ਖੂਨ-ਖਰਾਬਾ ਹੋਵੇਗਾ। ਚਾਰ ਡਕੈਤ ਹਥਿਆਰ ਲੈ ਕੇ ਖਡ਼੍ਹੇ ਰਹੇ ਅਤੇ ਬਾਕੀਆਂ ਨੇ ਮੁਸਾਫਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਕ ਵਿਅਕਤੀ ਨੇ ਜੇਬ ਦੀ ਤਲਾਸ਼ੀ ਦੇਣ ਤੋਂ ਇਨਕਾਰ ਕੀਤਾ ਤਾਂ  ਉਸਦੀ ਜੇਬ ਹਥਿਆਰ ਨਾਲ ਕੱਟ ਦਿੱਤੀ ਅਤੇ ਨਕਦੀ ਖੋਹ ਲਈ। ਮੇਰੀ ਧੌਣ ’ਤੇ ਇਕ ਨੇ ਚਾਕੂ ਰੱਖ ਦਿੱਤਾ ਤੇ ਸੋਨੇ ਦੀ ਚੇਨ, ਅੰਗੂਠੀਆਂ ਤੇ ਸੋਨੇ ਦੇ ਟਾਪਸ ਉਤਰਵਾ ਲਏ। ਉਹ  ਮੇਰਾ ਪਰਸ ਵੀ ਲੈ ਗਏ, ਜਿਸ ’ਚ 25000 ਰੁਪਏ ਸਨ। 
ਅੌਰਤ ਯਾਤਰੀ ਨਿਸ਼ਾਨੇ ’ਤੇ 
 ਅਚਲਾ ਦੀ ਬੇਟੀ ਜਿਗਿਆਸਾ ਦੀ ਪੁੜਪੜੀ ’ਤੇ ਪਿਸਤੌਲ ਤਾਣ ਕੇ ਤਿੰਨ ਹਜ਼ਾਰ ਦੀ ਨਕਦੀ ਖੋਹ ਲਈ ਗਈ। ਉਹ ਪਰਸ ਵੀ ਲੈ ਗਏ, ਜਿਸ ’ਚ ਅਚਲਾ ਦਾ ਫੋਨ ਵੀ ਸੀ। ਅਚਲਾ ਅਨੁਸਾਰ ਉਨ੍ਹਾਂ ਨੇ ਮਹਿਲਾ ਮੁਸਾਫਿਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਨੇ ਗਹਿਣੇ ਪਾਏ ਹੋਏ ਸਨ। ਅਚਲਾ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਖਾਣਾ ਤਕ ਖਾ ਸਕੇ। ਇਥੇ ਕਿਸੇ ਦੂਰ ਦੇ ਰਿਸ਼ਤੇਦਾਰ ਨਾਲ ਸੰਪਰਕ ਕਰਕੇ ਕੁਝ ਪੈਸੇ ਲਏ ਤੇ ਹਾਈ ਕੋਰਟ ’ਚ ਪੇਸ਼ੀ ਭੁਗਤਣ ਤੋਂ ਬਾਅਦ ਵਾਪਸ ਜੈਪੁਰ ਰਵਾਨਾ ਹੋ ਗਏ।


Related News