ਐੱਸ. ਟੀ. ਐੱਫ. ਵਲੋਂ 140 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ

12/12/2019 8:34:01 PM

ਮੋਹਾਲੀ, (ਕੁਲਦੀਪ)— ਐੱਸ. ਟੀ. ਐੱਫ. ਵਲੋਂ ਨਸ਼ੇ ਵਾਲੇ ਪਦਾਰਥ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਅੰਮ੍ਰਿਤਪਾਲ ਸਿੰਘ ਉਰਫ ਮੰਮੂ ਦੱਸਿਆ ਜਾਂਦਾ ਹੈ ਜੋ ਕਿ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਰਾਸ ਦਾ ਰਹਿਣ ਵਾਲਾ ਹੈ । ਪੁਲਸ ਮੁਤਾਬਕ ਮੁਲਜ਼ਮ ਦੇ ਕਬਜ਼ੇ 'ਚੋਂ 140 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ।

ਲਖਨੌਰ ਟੀ-ਪੁਆਇੰਟ 'ਤੇ ਆ ਰਿਹਾ ਦਬੋਚਿਆ ਮੁਲਜ਼ਮ
ਐੱਸ. ਟੀ. ਐੱਫ. ਦੇ ਏ. ਆਈ. ਜੀ. ਰੋਪੜ ਰੇਂਜ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਸਕੌਡਾ ਕਾਰ 'ਤੇ ਸਵਾਰ ਹੋ ਕੇ ਲਖਨੌਰ ਪਿੰਡ ਵੱਲ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਹੈ । ਏ. ਐੱਸ. ਆਈ. ਅਵਤਾਰ ਸਿੰਘ ਸੋਹੀ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਲਖਨੌਰ ਟੀ-ਪੁਆਇੰਟ ਦੇ ਨਜ਼ਦੀਕ ਨਾਕਾ ਲਗਾ ਕੇ ਉਸ ਨੂੰ ਰੋਕ ਲਿਆ। ਤਲਾਸ਼ੀ ਲਏ ਜਾਣ 'ਤੇ ਉਸ ਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਭਾਰ ਕਰਨ 'ਤੇ 140 ਗਰਾਮ ਹੋਇਆ ।

ਦੋਸਤ ਤੋਂ ਪੈਸੇ ਮੰਗਣ ਗਿਆ ਤਾਂ ਦੋਸਤ ਨੇ ਬਣਾ ਦਿੱਤਾ ਸਮੱਗਲਰ
ਏ. ਆਈ. ਜੀ. ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਕੁੱਝ ਸਮਾਂ ਪਹਿਲਾਂ ਪਿੰਡ 'ਚ ਹੀ ਕਿਸੇ ਦੇ ਨਾਲ ਝਗੜਾ ਹੋ ਗਿਆ ਸੀ ਜਿਸ ਦਾ ਸਮਝੌਤਾ ਕਰਨ 'ਤੇ ਉਸ ਦੇ ਕਾਫ਼ੀ ਪੈਸੇ ਖਰਚ ਹੋ ਗਏ। ਇਸ ਦੌਰਾਨ ਉਹ ਆਪਣੇ ਇਕ ਦੋਸਤ ਦੇ ਕੋਲ ਪੈਸੇ ਉਧਾਰ ਮੰਗਣ ਗਿਆ ਤਾਂ ਦੋਸਤ ਨੇ ਪੈਸੇ ਦੇਣ ਦੀ ਬਜਾਏ ਉਸ ਨੂੰ ਹੈਰੋਇਨ ਦੀ ਸਮੱਗਲਿੰਗ ਕਰਨ ਦੀ ਸਲਾਹ ਦਿੱਤੀ। ਮੋਟੇ ਮੁਨਾਫੇ ਦੇ ਲਾਲਚ 'ਚ ਆ ਕੇ ਉਹ ਦੋਸਤ ਦਾ ਕਹਿਣਾ ਮੰਨ ਕੇ ਹੈਰੋਇਨ ਦੀ ਸਪਲਾਈ ਦੇਣ ਲੱਗ ਪਿਆ। ਉਹ ਹੈਰੋਇਨ ਦਿੱਲੀ ਦੇ ਵਿਕਾਸਪੁਰੀ ਖੇਤਰ 'ਚ ਰਹਿ ਰਹੇ ਇਕ ਨਾਈਜੀਰੀਅਨ ਤੋਂ 1 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਖਰੀਦ ਕੇ ਲਿਆਉਣ ਲੱਗਾ ਤੇ ਇਧਰ ਆਪਣੇ ਪੱਕੇ ਗਾਹਕਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚ ਦਿੰਦਾ ਸੀ ।

ਤਿੰਨ ਵਾਰ ਦਿੱਲੀ ਤੋਂ ਲਿਆਇਆ ਸੀ ਹੈਰੋਇਨ
ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ ਮੰਮੂ ਨੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਇਹ ਵੀ ਦੱਸਿਆ ਕਿ ਉਹ ਹੁਣ ਤਕ ਦਿੱਲੀ ਤੋਂ ਤਿੰਨ ਵਾਰ ਹੈਰੋਇਨ ਖਰੀਦ ਕੇ ਲਿਆ ਚੁੱਕਾ ਹੈ। ਇਸ ਵਾਰ ਉਹ ਹੈਰੋਇਨ ਲੈ ਕੇ ਆਇਆ ਤਾਂ ਪੁਲਸ ਦੀ ਗ੍ਰਿਫਤ 'ਚ ਆ ਗਿਆ ।

ਐੱਸ. ਟੀ. ਐੱਫ. ਪੁਲਸ ਸਟੇਸ਼ਨ ਵਿਚ ਕੇਸ ਦਰਜ
ਏ. ਐੱਸ. ਆਈ. ਅਵਤਾਰ ਸਿੰਘ ਸੋਹੀ ਨੇ ਦੱਸਿਆ ਕਿ ਹੈਰੋਇਨ ਸਮੇਤ ਫੜੇ ਗਏ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ ਮੰਮੂ ਨਿਵਾਸੀ ਪਿੰਡ ਬਰਾਸ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਖਿਲਾਫ ਐੱਸ. ਟੀ. ਐੱਫ. ਦੇ ਪੁਲਸ ਸਟੇਸ਼ਨ ਫੇਜ਼-4 ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਅੱਜ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਦੌਰਾਨ ਡਿਊਟੀ ਮੈਜਿਸਟਰੇਟ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਹੈ । ਹੁਣ ਪੁਲਸ ਰਿਮਾਂਡ ਦੌਰਾਨ ਉਸ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ ।


KamalJeet Singh

Content Editor

Related News