ਹੁਣ ਸਤੰਬਰ ਵਿਚ ਹੋਵੇਗਾ ਸਿੱਖ ਸੰਮੇਲਨ, ਫਸਲਾਂ ਦੀ ਬਿਜਾਈ ਕਾਰਨ ਬਦਲੀ ਗਈ ਤਾਰੀਖ਼

Sunday, May 10, 2026 - 06:41 PM (IST)

ਹੁਣ ਸਤੰਬਰ ਵਿਚ ਹੋਵੇਗਾ ਸਿੱਖ ਸੰਮੇਲਨ, ਫਸਲਾਂ ਦੀ ਬਿਜਾਈ ਕਾਰਨ ਬਦਲੀ ਗਈ ਤਾਰੀਖ਼

ਜੈਤੋ (ਰਘੂਨੰਦਨ ਪਰਾਸ਼ਰ): ਸਿੱਖ ਏਕਤਾ ਦਲ ਦੇ ਪ੍ਰਮੁੱਖ ਆਗੂ ਲਖਵਿੰਦਰ ਸਿੰਘ ਔਲਖ ਸਿਰਸਾ ਨੇ ਐਤਵਾਰ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈ ਹੱਥੀ ਕਿਰਤ ਕਰੋ, ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਅਤੇ ਸਿੱਖ ਸੰਗਤ ਵੱਲੋਂ ਖਰੀਫ ਦੇ ਸੀਜ਼ਨ ਦੀਆ ਫਸਲਾਂ ਦੀ ਬਿਜਾਈ ਨੂੰ ਧਿਆਨ ਵਿਚ ਰੱਖਣ ਦੀ ਕੀਤੀ ਗਈ ਅਪੀਲ ਨੂੰ ਮੁੱਖ ਰੱਖਦਿਆਂ ਹੋਇਆਂ ਸਿਰਸਾ ਵਿਖੇ 24 ਮਈ ਨੂੰ ਹੋਣ ਵਾਲਾ ਸਿੱਖ ਸੰਮੇਲਨ ਹੁਣ ਨਵੀਂ ਅਨਾਜ ਮੰਡੀ ਸਿਰਸਾ ਵਿਚ 13 ਸਤੰਬਰ 2026 ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। 

ਉਨ੍ਹਾਂ ਅੱਗੇ ਜਾਣਗਾਰੀ ਦਿੰਦਿਆਂ ਹੋਇਆ ਦੱਸਿਆ ਕਿ ਹਰਿਆਣਾ ਸਿੱਖ ਏਕਤਾ ਦਲ, ਅਕਾਲ ਪੰਥਕ ਮੋਰਚਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਵਿਸ਼ਾਲ ਸਿੱਖ ਸੰਮੇਲਨ ਨਵੀਂ ਅਨਾਜ ਮੰਡੀ, ਸਿਰਸਾ ਵਿਚ ਹੋਵੇਗਾ। ਸਿੱਖ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੀ ਅੱਜ ਹਰਿਆਣਾ ਸਿੱਖ ਏਕਤਾ ਦਲ, ਅਕਾਲ ਪੰਥਕ ਮੋਰਚਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ ਦੀ ਇਕ ਮਹੱਤਵਪੂਰਨ ਸਾਂਝੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਉਪਰੰਤ ਸੁਖਵਿੰਦਰ ਸਿੰਘ ਖਾਲਸਾ, ਪ੍ਰਕਾਸ਼ ਸਿੰਘ ਸਾਹੂਵਾਲਾ, ਲਖਵਿੰਦਰ ਸਿੰਘ ਔਲਖ, ਗੁਰਮੇਜ ਸਿੰਘ ਸਿਰਸਾ, ਸੁਰਜੀਤ ਸਿੰਘ ਅਤੇ ਮੁਖਤਾਰ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਉਣੀ ਦੀਆ ਫਸਲਾਂ ਦੀ ਬਿਜਾਈ ਦੇ ਸਮੇਂ ਨੂੰ ਦੇਖਦੇ ਹੋਏ ਸੰਗਤ ਵੱਲੋਂ 24 ਮਈ ਨੂੰ ਹੋਣ ਵਾਲੇ ਸਿੱਖ ਸੰਮੇਲਨ ਦੀ ਤਾਰੀਖ ਬਦਲਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਾਰੇ ਮੈਂਬਰਾਂ ਵੱਲੋ ਜ਼ੂਮ ਮੀਟਿੰਗ ਕਰਕੇ ਸਰਬਸੰਮਤੀ ਨਾਲ ਸਿੱਖ ਸੰਮੇਲਨ ਦੀ ਨਵੀਂ ਤਾਰੀਖ ਐਤਵਾਰ, 13 ਸਤੰਬਰ 2026  ਤੈਅ ਕੀਤੀ ਗਈ ਹੈ। 

ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਮੀਟਿੰਗ ਵਿਚ ਸਿੱਖ ਪੰਥ ਦੀ ਚੜ੍ਹਦੀ ਕਲਾ, ਮੌਜੂਦਾ ਹਾਲਾਤ ਅਤੇ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਏਕਤਾ ਦਲ ਵੱਲੋਂ 8 ਸਤੰਬਰ 2024 ਨੂੰ ਕਰਨਾਲ ਵਿਚ ਕਰਵਾਏ ਗਏ ਸਿੱਖ ਸੰਮੇਲਨ ਵਿਚ ਲਏ ਗਏ ਫੈਸਲੇ ਅਨੁਸਾਰ ਹੀ ਅਗਲਾ ਸਿੱਖ ਸੰਮੇਲਨ ਨਵੀਂ ਅਨਾਜ ਮੰਡੀ, ਸਿਰਸਾ ਵਿਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਮੇਲਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਜਾਵੇਗਾ। ਮੀਟਿੰਗ ਵਿਚ ਬੁਲਾਰਿਆਂ ਨੇ ਹਰਿਆਣਾ ਵਿਚ ਸਿੱਖ ਸੰਸਥਾਵਾਂ ਦੇ ਮੌਜੂਦਾ ਹਾਲਾਤਾ ਉੱਪਰ ਚਿੰਤਾ ਜਤਾਉਂਦਿਆਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਸਭ ਨੂੰ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਗਿਆ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖਾਂ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਦਖਲਅੰਦਾਜ਼ੀ ਅਤੇ ਕੁੱਝ ਤੱਤਾਂ ਵੱਲੋਂ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਮੌਜੂਦ ਸਭ ਸੰਸਥਾਵਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ 13 ਸਤੰਬਰ 2026 ਨੂੰ ਨਵੀਂ ਅਨਾਜ ਮੰਡੀ ਸਿਰਸਾ ਵਿਚ ਹੋਣ ਵਾਲੇ ਇਸ ਸੰਮੇਲਨ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਪੰਥ ਦੀ ਮਜ਼ਬੂਤੀ ਅਤੇ ਏਕਤਾ ਦਾ ਪ੍ਰਗਟਾਵਾ ਕਰਨ।


author

Anmol Tagra

Content Editor

Related News