70 ਲੱਖ ਰੁਪਏ ਕਿਰਾਇਆ ਬਕਾਇਆ ਹੋਣ ਕਾਰਨ ਨਗਰ ਕੌਂਸਲ ਨੇ ਦੁਕਾਨਾਂ ਕੀਤੀਆਂ ਸੀਲ
Thursday, Mar 06, 2025 - 04:32 PM (IST)

ਜੈਤੋ (ਜਿੰਦਲ) : ਨਗਰ ਕੌਂਸਲ ਜੈਤੋ ਵੱਲੋਂ ਸ਼ਹਿਰ ਵਿਚ ਕਿਰਾਏ 'ਤੇ ਦਿੱਤੀਆਂ ਗਈਆਂ ਦੁਕਾਨਾਂ ਦਾ ਕਿਰਾਇਆ ਨਾ ਆਉਣ ਕਾਰਨ ਜੈਤੋ ਦੀ ਗੋਲ ਮਾਰਕਿਟ, ਚੌਂਕ ਨੰਬਰ ਇਕ ਵਿਖੇ ਦੋ ਦੁਕਾਨਾਂ ਵੱਲ 70 ਲੱਖ ਰੁਪਏ ਬਕਾਇਆ ਹੋਣ ਕਾਰਨ ਨਗਰ ਕੌਂਸਲ ਵੱਲੋਂ ਇਹ ਦੁਕਾਨਾਂ ਸੀਲ ਕਰ ਦਿੱਤੀਆ ਗਈਆ ਹਨ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਹਰੀਸ਼ ਗੋਇਲ ਨੇ ਦੱਸਿਆ ਕਿ ਇਕ ਦੁਕਾਨ ਵੱਲ 47.5 ਲੱਖ ਰੁਪਏ ਅਤੇ ਦੂਸਰੀ ਦੁਕਾਨ ਵੱਲ 22.5 ਲੱਖ ਰੁਪਏ ਬਕਾਇਆ ਸੀ। ਵਾਰ-ਵਾਰ ਇਨ੍ਹਾਂ ਨੂੰ ਨੋਟਿਸ ਕੱਢੇ ਜਾਣ ਉਪਰੰਤ ਵੀ ਜਦੋਂ ਇਨ੍ਹਾਂ ਵੱਲੋਂ ਕਿਰਾਇਆ ਨਾ ਭਰਿਆ ਗਿਆ ਤਾਂ ਨਗਰ ਕੌਂਸਲ ਵੱਲੋਂ ਇਹ ਦੁਕਾਨਾਂ ਸੀਲ ਕਰਨੀਆਂ ਪਈਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ 100 ਦੇ ਕਰੀਬ ਹੋਰ ਅਜਿਹੀਆਂ ਦੁਕਾਨਾਂ ਹਨ ਜਿਨ੍ਹਾਂ ਵੱਲ ਨਗਰ ਕੌਂਸਲ ਦਾ ਕਰੀਬ ਡੇਢ਼- ਦੋ ਕਰੋੜ ਰੁਪਏ ਕਿਰਾਇਆ ਬਕਾਇਆ ਹੈ। ਇਨ੍ਹਾਂ 'ਤੇ ਵੀ ਕਾਰਵਾਈ ਹੋ ਸਕਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਹੀ ਇਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਨਗਰ ਕੌਂਸਲ ਨੂੰ ਸ਼ਹਿਰ ਦੇ ਵਿਕਾਸ ਲਈ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਨਗਰ ਕੌਂਸਲ ਦੀਆਂ ਦੁਕਾਨਾਂ ਹਨ, ਉਸ ਦਾ ਕਰਾਇਆ ਕੌਂਸਲ 'ਚ ਜਮਾ ਕਰਵਾ ਦੇਣ। ਨਹੀਂ ਤਾਂ ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਬੈਠੇ ਸੈਨਿਟਰੀ ਇੰਸਪੈਕਟਰ ਰੁਸਤਮ ਸ਼ੇਖ ਸੋਢੀ ਨੇ ਸ਼ਹਿਰ ਵਿਚ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਲਦੀ ਹੀ ਸ਼ਹਿਰ ਵਿਚ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਇਹ ਵੀ ਸੂਚਨਾ ਮਿਲੀ ਹੈ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਤੌਰ ਤੇ ਪੱਕੀ ਉਸਾਰੀ ਕੀਤੀ ਹੋਈ ਹੈ ਉਸ ਨੂੰ ਵੀ ਹਟਾਇਆ ਜਾਵੇਗਾ।