ਕਬਾੜੀਏ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ,ਲੱਖਾਂ ਰੁਪਏ ਦਾ ਨੁਕਸਾਨ

Wednesday, Jun 30, 2021 - 11:46 AM (IST)

ਤਪਾ ਮੰਡੀ (ਸ਼ਾਮ,ਗਰਗ): ਸੰਘਣੀ ਆਬਾਦੀ ’ਚ ਮੰਗਲਵਾਰ ਦੀ ਰਾਤ 10 ਵਜੇ ਦੇ ਕਰੀਬ ਅੰਦਰਲੀ ਗਊਸ਼ਾਲਾ ਨੇੜੇ ਇੱਕ ਕਬਾੜੀਏ ਦੇ ਗੋਦਾਮ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ ਹੋਣ ਬਾਰੇ ਜਾਣਕਾਰੀ ਮਿਲੀ ਹੈ। ਮਾਲਕ ਜਗਦੇਵ ਸਿੰਘ ਉਰਫ ਰੰਮੀ ਕਬਾੜੀਏ ਨੇ ਦੱਸਿਆ ਕਿ ਉਹ 9 ਵਜੇ ਦੇ ਕਰੀਬ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਗਿਆ ਸੀ ਤਾਂ ਸੜਕ ਤੇ ਸੈਰ ਕਰਦੇ ਰਾਹਗੀਰਾਂ ਨੇ ਦੁਕਾਨ ਅੰਦਰੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖ ਕੇ ਦੁੱਧ ਦੀ ਡੇਅਰੀ ਵਾਲੇ ਮਾਲਕ ਜਗਦੀਸ਼ ਰਾਏ ਘੁੰਨਸ ਨੂੰ ਦੱਸਿਆ ਤਾਂ ਉਨ੍ਹਾਂ ਦੁਕਾਨ ਦੇ ਇਰਦ-ਗਿਰਦ ਦੁਕਾਨਾਂ ਅਤੇ ਘਰ ਮਾਲਕਾਂ ਨੂੰ ਅਲਰਟ ਕਰਕੇ ਦੁਕਾਨ ਮਾਲਕ ਨੂੰ ਬੁਲਾ ਕੇ ਸ਼ਟਰ ਖੁੱਲ੍ਹਵਾਇਆ ਤਾਂ 100 ਫੁੱਟ ਦੁਕਾਨ ’ਚ ਪਿਛਲੇ ਪਾਸੇ ਬਣੇ ਗੁਦਾਮ ’ਚ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਇਕੱਠੇ ਹੋਏ ਲੋਕ ਅੱਗ ਬੁਝਾਉਣ ਦੀਆਂ ਕੋਸ਼ਿਸਾਂ ’ਚ ਲੱਗੇ ਹੋਏ ਸਨ ਪਰ ਅੱਗ ਦੇ ਭਾਂਬੜ ਤੇਜ਼ ਹੋ ਰਹੇ ਸੀ। ਸਮਾਜ ਸੇਵੀ ਪ੍ਰਵੀਨ ਕੁਮਾਰ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਬਰਨਾਲਾ-ਰਾਮਪੁਰਾ ਤੋਂ ਪੰਜ ਫਾਇਰ ਬ੍ਰਿਗੇਡ ਦੀਆਂ ਪੁੱਜੀਆਂ ਗੱਡੀਆਂ ਨੇ ਭਾਰੀ ਜਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ।

ਘਟਨਾ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ,ਥਾਣਾ ਮੁੱਖੀ ਇੰਸਪੈਕਟਰ ਜਗਜੀਤ ਸਿੰਘ ਘੁੰਮਾਣ ਆਪਣੀ ਪੁਲਸ ਪਾਰਟੀ ਸਮੇਤ ਪਹੁੰਚ ਕੇ ਅੱਗ ਬੁਝਾਉਣ ’ਚ ਜੁੱਟ ਗਏ। ਗੋਦਾਮ ਦੇ ਮਾਲਕ ਜਗਦੇਵ ਸਿੰਘ ਉਰਫ ਰੰਮੀ ਕਬਾੜੀਏ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਲੱਗਿਆਂ ਪਰ ਇਸ ਘਟਨਾ ’ਚ ਉਸ ਦਾ ਲੱਖਾਂ ਰੁਪਏ ਦਾ ਸਾਮਾਨ ਅੱਗ ਦੀ ਲਪੇਟ ‘ਚ ਆਇਆ ਹੋਇਆ ਹੈ। ਮੌਕੇ ਤੇ ਖੜ੍ਹੇ ਲੋਕ ਇਹ ਹੀ ਕਹਿ ਰਹੇ ਸੀ ਕਿ ਪੈ ਰਹੀ ਕੜਾਕੇ ਦੀ ਧੁੱਪ ਅਤੇ ਤਾਪਮਾਨ ’ਚ ਵਾਧਾ ਹੋਣ ਕਾਰਨ ਜਾਂ ਫਿਰ ਕਿਸੇ ਮਜ਼ਦੂਰ ਦੇ ਬੀੜੀ ਸਿਗਰੇਟ ਸੁੱਟਣ ਕਾਰਨ ਅੱਗ ਲੱਗੀ ਹੈ। ਗੋਦਾਮ ‘ਚ ਜ਼ਿਆਦਾਤਰ ਅੱਗ ਗੱਤੇ ਨੂੰ ਲੱਗਣ ਤੋਂ ਬਾਅਦ ਰਬੜ ਦੇ ਟਾਇਰਾਂ ਨੂੰ ਪੈ ਗਈ ਹੈ। ਇਕੱਠੀ ਭੀੜ ਵੀ ਪਾਣੀ ਦੀਆਂ ਬਾਲਟੀਆਂ ਭਰਕੇ ਇਰਦ-ਗਿਰਦ ਘਰਾਂ ‘ਚੋਂ ਲਿਆ ਕੇ ਅੱਗ ਬੁਝਾਉਣ ‘ਚ ਜੁੱਟੇ ਹੋਏ ਸਨ। ਜਿਸ ਦੁਕਾਨ ’ਚ ਅੱਗ ਲੱਗੀ ਹੈ। ਇਰਦ-ਗਿਰਦ ਦਰਜਨ ਦੇ ਕਰੀਬ ਦੁਕਾਨਾਂ ਅਤੇ ਪਿਛਲੇ ਪਾਸੇ ਗਊਸ਼ਾਲਾ ਹੈ। ਪਰ ਗੁਆਂਢੀਆਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਦਾ ਇੱਕ ਕਰਮਚਾਰੀ ਜੋ ਅੱਗ ਬੁਝਾ ਰਿਹਾ ਸੀ ਕੰਚ ਉਛਲ ਕੇ ਕੰਨ ਤੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਜਿਸ ਨੂੰ ਲਾਗਲੇ ਪ੍ਰਾਈਵੇਟ ਕਲੀਨਿਕ ‘ਚ ਦਾਖਲ ਕਰਵਾਇਆ ਗਿਆ। ਪਰ ਇਸ ਅੱਗ ਦੇ ਲੱਗਣ ਨਾਲ ਕਬਾੜੀਏ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। 


Shyna

Content Editor

Related News