ਮਿਲ ਮਾਲਕ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਸ਼ਿਵ ਸੈਨਾ ਪ੍ਰਧਾਨ ਅਨੁਜ ਗੁਪਤਾ ਸਾਥੀਆਂ ਸਣੇ ਕਾਬੂ

05/25/2019 10:51:18 PM

ਖੰਨਾ,(ਸੁਨੀਲ): ਸ਼ਹਿਰ 'ਚ ਮਿਲ ਮਾਲਕ ਨੂੰ ਧਮਕੀਆਂ ਦੇਣ ਤੇ ਬਲੈਕਮੇਲਿੰਗ ਕਰਨ ਦੇ ਦੋਸ਼ ਹੇਠ ਸ਼ਿਵ ਸੈਨਾ ਪ੍ਰਧਾਨ ਅਨੁਜ ਗੁਪਤਾ ਤੇ ਉਸ ਦੇ ਕੁੱਝ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਨੇ ਸ਼ਿਕਾਇਤਕਰਤਾ ਪੁਰਸ਼ੋਤਮ ਅਗਰਵਾਲ ਪੁੱਤਰ ਪੰਨਾ ਲਾਲ ਅਗਰਵਾਲ ਵਾਸੀ ਸੈਕਟਰ3 ਸੀ ਮੇਨ ਬਾਜਾਰ ਮੰਡੀ ਗੋਬਿੰਦਗੜ ਜਿਲਾ ਫਤਿਹਗੜ•ਸਾਹਿਬ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸ਼ਿਵ ਸੈਨਾ ਹਿੰਦੂ ਰਾਸ਼ਟਰ ਪ੍ਰਧਾਨ ਅਨੁਜ ਗੁਪਤਾ ਵਾਸੀ ਮਾਡਲ ਟਾਊਨ ਅਮਲੋਹ ਰੋਡ ਖੰਨਾ, ਨੂੰ ਉਸ ਦੇ ਸਾਥੀਆਂ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ 'ਚ ਹੇਮੰਤ ਸਿੰਘ ਪੁੱਤਰ ਕਰਨ ਸਿੰਘ ਵਾਸੀ ਨਜਦੀਕ ਕਬਜਾ ਫੈਕਟਰੀ ਰੋਡ ਰਾਧਾ ਕ੍ਰਿਸ਼ਨ ਮੰਦਿਰ ਖੰਨਾ, ਰਣਜੀਤ ਸ਼ਰਮਾ ਉਰਫ ਰਿੰਕੂ ਪੁੱਤਰ ਸਾਧੂ ਰਾਮ ਵਾਸੀ ਸੁੱਖਾ ਸਿੰਘ ਕਾਲੋਨੀ ਗੋਬਿੰਦਗੜ, ਕਰਨੈਲ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਤੂਰਾਂ, ਅਰੁਨ ਪੁੱਤਰ ਹਰੀ ਪ੍ਰਾਸ਼ ਵਾਸੀ ਪਿੰਡ ਅੰਬੇਮਾਜਰਾ, ਜਿੰਮੀ ਵਾਸੀ ਈਦਗਾਹ ਕਾਲੋਨੀ ਮੰਡੀ ਗੋਬਿੰਦਗੜ ਸ਼ਾਮਲ ਹਨ। ਪੁਲਸ ਵਲੋਂ ਉਕਤ ਸ਼ਿਵ ਸੈਨਾ ਪ੍ਰਧਾਨ ਤੇ ਉਸ ਦੇ ਸਾਥੀਆਂ ਖਿਲਾਫ ਬਲੈਕਮੇਲ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਨਾਮਜ਼ਦ ਕਰਦੇ ਹੋਏ ਆਈ. ਪੀ. ਸੀ. ਦੀ ਧਾਰਾ 384, 323, 341, 342, 427, 506, 147, 149, 120ਬੀ ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਅਨੁਜ ਗੁਪਤਾ ਨੂੰ ਸਾਥੀਆਂ ਸਮੇਤ ਕਾਬੂ ਕਰ ਲਿਆ ਹੈ। 
ਉਥੇ ਦੂਜੇ ਪਾਸੇ ਪੁਲਸ ਨੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਪੁਰਸ਼ੋਤਮ ਅਗਰਵਾਲ ਨੇ ਦੱਸਿਆ ਕਿ ਉਹ ਚਤੁਰਪੁਰਾ ਰੋਡ ਅੰਬੈਮਾਜਰਾ 'ਚ ਕੋਟੈਕਸ ਇੰਡਸਟਰੀ ਪ੍ਰਾਈਵੇਟ ਲਿਮਿਟਿਡ ਦੇ ਨਾਂ 'ਤੇ ਮਿਲ ਚਲਾਉਂਦਾ ਸੀ ਤੇ ਉਥੇ ਉਹ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਸੀ। ਪਿਛਲੇ ਕਰੀਬ ਇਕ ਸਾਲ ਤੋਂ ਵਪਾਰ 'ਚ ਘਾਟਾ ਪੈਣ ਦੇ ਚੱਲਦਿਆਂ ਉਸ ਨੂੰ ਮਿਲ ਬੰਦ ਕਰਨੀ ਪਈ। ਉਥੇ ਹੀ ਗੁਜਾਰੇ ਦੇ ਲਈ ਉਸ ਨੇ ਇੱਕ ਜਿੰਕ ਪਲਾਂਟ ਚਾਲੂ ਰੱਖਿਆ ਹੋਇਆ ਹੈ, ਜਿਸ 'ਚ ਕਰੀਬ 20-25 ਵਿਅਕਤੀ ਲੇਬਰ ਦਾ ਕੰਮ ਕਰ ਰਹੇ ਹਨ। ਜਦੋਂ ਉਹਨਾਂ ਦੀ ਪੂਰੀ ਮਿਲ ਚੱਲਦੀ ਸੀ ਤਾਂ ਉਸ ਸਮੇਂ ਮਿੱਲ 'ਚ ਕਰੀਬ 700 ਦੇ ਕਰੀਬ ਲੇਬਰ ਕੰਮ ਕਰਦੀ ਸੀ। ਘਾਟਾ ਪੈਣ ਦੀ ਸਥਿਤੀ 'ਚ ਵੀ ਉਹ ਕਰੀਬ 6 ਮਹੀਨੇ ਤੱਕ ਲੇਬਰ ਨੂੰ ਬਿਨਾਂ ਕੰਮ ਕਰਾਏ ਤਨਖਾਹ ਦਿੰਦਾ ਰਿਹਾ। 
ਉਸਦੇ ਵਲੋਂ ਕਿਸੇ ਵੀ ਲੇਬਰ ਦੀ ਕੋਈ ਤਨਖਾਹ ਨਹੀਂ ਰੋਕੀ ਗਈ। ਲੇਬਰ ਦੇ ਕੁੱਝ ਵਿਅਕਤੀਆਂ ਦੇ ਨਾਲ-ਨਾਲ ਅਨੁਜ ਗੁਪਤਾ ਪ੍ਰਧਾਨ ਸ਼ਿਵ ਸੈਨਾ ਹਿੰਦੂ ਰਾਸ਼ਟਰ ਅਤੇ ਉਸ ਦੇ ਸਾਥੀ ਉਸ ਨੂੰ ਕਾਫੀ ਸਮੇਂ ਤੋਂ ਬਲੈਕਮੇਲ ਕਰਦੇ ਆ ਰਹੇ ਸਨ। ਇੰਨਾ ਹੀ ਨਹੀਂ ਉਹ ਫੈਕਟਰੀ 'ਚ ਆ ਕੇ ਰੌਲਾ ਪਾਉਂਦੇ ਰਹੇ। ਕਥਿਤ ਦੋਸ਼ੀ ਫੈਕਟਰੀ ਦਾ ਗੇਟ ਬੰਦ ਕਰਕੇ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਧਮਕਾ ਰਹੇ ਸਨ। ਇਹ ਲੋਕ ਮਿਲ ਬੰਦ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਧਰਨਾ ਆਦਿ ਲਗਾ ਰਹੇ ਸਨ ਕਿ ਇਸੇ ਦੌਰਾਨ ਅਨੁਜ ਗੁਪਤਾ ਨੇ ਉਸ ਨੂੰ ਡਰਾ ਧਮਕਾ ਕੇ ਕਈ ਵਾਰ ਉਸ ਕੋਲੋਂ ਮੋਟੀ ਰਕਮ ਵਸੂਲ ਕੀਤੀ। ਉਹ ਡਰਦੇ ਮਾਰੇ ਉਸ ਨੂੰ ਪੈਸੇ ਦਿੰਦਾ ਰਿਹਾ। ਇਸੇ ਦੌਰਾਨ ਉਸ ਨੇ ਕੁਝ ਦਿਨਾਂ ਮਗਰੋਂ ਪਾਰਟੀ ਫੰਡ ਦੇਣ ਦੀ ਮੰਗ ਕਰਦੇ ਹੋਏ ਧਰਨਾ ਲਾਉਣ ਦੀ ਫਿਰ ਧਮਕੀ ਦਿੱਤੀ। ਜਿਸ ਦੀ ਸ਼ਿਕਾਇਤ ਮਿਲ ਮਾਲਕ ਵਲੋਂ ਪੁਲਸ ਨੂੰ ਕੀਤੀ ਗਈ।


Related News