ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਗਠਜੋੜ ਤੋੜ ਕੇ ਕਿਸਾਨ ਹਿਤੈਸੀ ਹੋਣ ਦਾ ਦਿੱਤਾ ਸਬੂਤ
Sunday, Sep 27, 2020 - 03:52 PM (IST)

ਤਪਾ ਮੰਡੀ (ਮੇਸ਼ੀ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਲੋਕ ਹਿੱਤਾਂ ਲਈ ਫੈਸਲੇ ਲਏ ਹਨ, ਬੇਸ਼ੱਕ ਉਹ ਕਿਸਾਨ, ਮਜਦੂਰ ਅਤੇ ਮੁਲਾਜਮਾਂ ਸਮੇਤ ਵਪਾਰੀ ਵਰਗ ਕਿਉਂ ਨਾ ਹੋਵੇ। ਲੋਕਾਂ ਦੀਆਂ ਸਮੂਹ ਸਾਂਝੀਆਂ ਤਕਲੀਫਾਂ ਦੇ ਹੱਲ ਕੱਢ ਕੇ ਫਾਇਦਾ ਪਹੁੰਚਾਉਣ ਲਈ ਹੀ ਆਪਣੀ ਅਗਾਂਹ ਵਧੂ ਸੋਚ ਸਦਕਾ ਅਗਲੇ ਕਦਮ ਪੁੱਟੇ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੋੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਤਪਾ ਵਿਖੇ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਨੇ ਹਮੇਸ਼ਾਂ ਹੀ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਕਰ ਰਹੀ ਹੈ। ਜਿਸ ਕਰਕੇ ਕੇਂਦਰ ਵੱਲੋਂ ਕਿਸਾਨਾਂ ਵਿਰੁੱਧ ਆਰਡੀਨੈਸਾਂ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਸਾਹਮਣੇ ਹੈ ਕਿ ਕੇਂਦਰ ਸਰਕਾਰ 'ਚ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਕੇਂਦਰੀ ਮੰਤਰੀ ਦੀ ਕੁਰਸੀ ਤਿਆਗਣ ਮਗਰੋਂ ਹੁਣ ਕੇਂਦਰ ਸਰਕਾਰ 'ਚ ਭਾਜਪਾ ਪਾਰਟੀ ਨਾਲ ਕਈ ਦਹਾਕਿਆਂ ਦੇ ਗਠਜੋੜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਤਮ ਕਰਕੇ ਇਹ ਸਾਬਤ ਕੀਤਾ ਹੈ ਕਿ ਅੰਨਦਾਤਾ ਸਮੂਹ ਲੋਕਾਂ ਦੀ ਲੜ੍ਹਾਈ ਉਨ੍ਹਾਂ ਦੀ ਆਪਣੀ ਲੜ੍ਹਾਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀਆਂ ਜੋ ਕਿ ਸਿਰਫ ਡਰਾਮੇਬਾਜ਼ੀ ਅਤੇ ਬਿਆਨਬਾਜ਼ੀ ਕਰਕੇ ਲੋਕਾਂ 'ਚ ਆਪਣਾ ਪ੍ਰਭਾਵ ਬਣਾਉਣਾ ਚਾਹੁੰਦੀਆਂ ਸਨ। ਜਿਨ੍ਹਾਂ ਦੀ ਬੌਲਤੀ ਬੰਦ ਕਰਕੇ ਰੱਖ ਦਿੱਤੀ ਹੈ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦੇ ਲੋਕਾਂ ਨਾਲ ਖੜ੍ਹੀ ਹੈ। ਜਦੋਂ ਉਨ੍ਹਾ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਢੀਂਡਸਾ ਜੋ ਕਿਸਾਨ ਹਿਤੈਸੀ ਹੋਣ ਦੀ ਦੁਹਾਈ ਪਾ ਰਹੇ ਸਨ, ਇਸ ਨਾਜ਼ੁਕ ਸਮੇਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਖਸੀ ਰਾਜ ਸਭਾ ਮੈਂਬਰੀ ਤੇ ਬਿਰਾਜਮਾਨ ਹਨ। ਉਹ ਵੀ ਅਪਣੀ ਰਾਜ ਮੈਂਬਰੀ ਤੋਂ ਅਸਤੀਫਾ ਦੇ ਕੇ ਸੜਕਾਂ ਤੇ ਆ ਕੇ ਮੋਰਚੇ ਲਗਾਉਣ ਪਰ ਉਨ੍ਹਾਂ ਨੂੰ ਕਿਸਾਨਾਂ ਨਾਲ ਧੱਕੇਸਾਹੀ ਨਾਲੋਂ ਵੱਧ ਉਨ੍ਹਾਂ ਨੂੰ ਕੁਰਸੀ ਪਿਆਰੀ ਹੈ ਤੇ ਉਹ ਭਾਜਪਾ ਦੇ ਨੇੜਲੇ ਆਗੂ ਬਣੇ ਹੋਏ ਹਨ। ਕਿਉਂਕਿ ਢੀਂਡਸਾ ਪਰਿਵਾਰ ਦੀ ਨਵੀਂ ਬਣਾਈ ਪਾਰਟੀ ਭਾਜਪਾ ਦੀ ਬੀ ਟੀਮ ਵਜੋਂ ਸਾਬਤ ਹੋ ਚੁੱਕੀ ਹੈ। ਜਿਸ ਲਈ ਆਪਣੀ ਪਾਰਟੀ 'ਚ ਗੁੰਮਰਾਹ ਕਰਕੇ ਸ਼ਾਮਲ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਢੀਂਡਸਾ ਪਰਿਵਾਰ ਤੋਂ ਕਿਨਾਰਾ ਕਰਨ ਲੱਗੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਹਿੱਤਾਂ ਦੀ ਰਖਵਾਲੀ ਲਈ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਲਈ ਲੜ੍ਹਾਈ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਆਖਰੀ ਸਾਹ ਤੱਕ ਲੜ੍ਹੇਗੀ। ਇਸ ਮੌਕੇ ਸ਼ਹਿਰੀ ਪ੍ਰਧਾਨ ਉੱਗਰ ਸੈਨ ਮੌੜ, ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰੀ ਵਰਗ ਦੇ ਦੀਪਕ ਬਾਂਸਲ, ਸੰਦੀਪ ਵਿੱਕੀ, ਟੀਟੂ ਦੀਕਸ਼ਿਤ, ਸੋਨੂੰ ਕੌਂਸਲਰ, ਮੇਜ਼ਰ ਸਿੰਘ, ਬੇਅਤ ਸਿੰਘ ਮਾਂਗਟ, ਰਣਦੀਪ ਸਿੰਘ ਢਿੱਲਵਾਂ, ਡੋਗਰ ਸਿੰਘ ਉਗੋ, ਪਰਮਜੀਤ ਸਿੰਘ ਪੰਮਾ ਤਾਜੋ, ਕਰਮਜੀਤ ਸਿੰਘ ਪੋਲਾ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਸਾਮਲ ਸਨ।