ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਕੈਪਟਨ ਸਰਕਾਰ ਕੋਲੋਂ ਆਰ. ਟੀ. ਆਈ. ਰਾਹੀਂ ਮੰਗਿਆ ਜਵਾਬ

Friday, Nov 08, 2019 - 11:49 AM (IST)

ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਕੈਪਟਨ ਸਰਕਾਰ ਕੋਲੋਂ ਆਰ. ਟੀ. ਆਈ. ਰਾਹੀਂ ਮੰਗਿਆ ਜਵਾਬ

ਪਟਿਆਲਾ (ਜੋਸਨ)—ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਭੇਜੀ 1000 ਕਰੋੜ ਦੀ ਗ੍ਰਾਂਟ ਨਾਲ ਕੀਤੇ ਜਾ ਰਹੇ ਕੰਮਾਂ ਦਾ ਲੇਖਾ-ਜੋਖਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਨਿਗਮ ਪ੍ਰਸ਼ਾਸਨ ਕੋਲ ਆਰ. ਟੀ. ਆਈ. ਪਾ ਕੇ ਜਵਾਬ ਮੰਗਿਆ ਹੈ ਕਿ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਭੇਜੀ ਗ੍ਰਾਂਟ ਨਾਲ ਕਿਹੜੀ ਡਿਵੈਲਪਮੈਂਟ ਕੀਤੀ ਹੈ?

ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਨਵੀਂ ਬਣੀ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਦਾਅਵਿਆਂ ਦਾ ਜਵਾਬ ਆਰ. ਟੀ. ਆਈ. ਪਾ ਕੇ ਮੰਗਿਆ ਹੋਵੇ। ਕੋਹਲੀ ਨੇ ਜਵਾਬ ਮੰਗਿਆ ਹੈ ਕਿ ਪਟਿਆਲਾ ਸ਼ਹਿਰ ਲਈ ਭੇਜੀ ਗ੍ਰਾਂਟ ਨਾਲ ਜੇ ਵਿਕਾਸ ਕੰਮ ਕੀਤੇ ਹਨ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੀਤੇ ਵਿਕਾਸ ਕੰਮਾਂ ਵਾਲਾ ਵ੍ਹਾਈਟ ਪੇਪਰ ਜਾਰੀ ਕਰ ਕੇ ਸਚਾਈ ਪਟਿਆਲਵੀਆਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਸਾਬਕਾ ਮੇਅਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਦੂਜੀ ਵਾਰ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਤਿੰਨ ਤੋਂ ਵੱਧ ਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਮੈਂਬਰ ਪਾਰਲੀਮੈਂਟ ਬਣਨਾ ਨਸੀਬ ਹੋਣ ਦੇ ਨਾਲ-ਨਾਲ ਸਰਕਾਰ ਵਿਚ ਨਿਗਮ ਨੂੰ ਮੇਅਰ, ਇੰਪੂਰਵਮੈਂਟ ਟਰੱਸਟ ਦਾ ਚੇਅਰਮੈਨ, ਲੋਕਲ ਬਾਡੀ ਮੰਤਰੀ ਅਤੇ 59 ਐੱਮ. ਸੀ. ਹੋਣ ਦੇ ਬਾਵਜੂਦ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋਣ ਦੇ ਨਾਲ-ਨਾਲ ਡਿਵੈਲਪਮੈਂਟ ਪੱਖ ਤੋਂ ਸ਼ਹਿਰ ਹਵਾ ਵਿਚ ਲਟਕਦਾ ਨਜ਼ਰ ਆ ਰਿਹਾ ਹੈ।

ਸਾਬਕਾ ਮੇਅਰ ਕੋਹਲੀ ਦਾ ਕਹਿਣਾ ਹੈ ਕਿ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲਦੀ ਵਿਖਾਈ ਦਿੰਦੀ ਹੈ, ਜਦੋਂ ਕੈਨਾਲ ਬੇਸਡ ਵਾਟਰ ਸਪਲਾਈ, ਡੇਅਰੀ ਫਾਰਮਿੰਗ ਸ਼ਿਫਟਿੰਗ, ਸ਼ਹਿਰ ਦੇ ਅੰਦੂਰਨੀ ਹਿੱਸਿਆਂ ਵਿਚ ਸਟੋਨ ਸੀਵਰੇਜ ਪ੍ਰਾਜੈਕਟ, ਰਾਜਿੰਦਰਾ ਲੇਕ ਵਰਗੇ ਪ੍ਰਾਜੈਕਟ ਕਾਂਗਰਸ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਵਿਚ ਸ਼ੁਰੂ ਹੁੰਦੇ ਵਿਖਾਈ ਨਹੀਂ ਦਿੰਦੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਬਣੀ ਨੂੰ ਢਾਈ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਪਟਿਆਲਾ ਸ਼ਹਿਰ ਨੂੰ ਭੇਜੀ 1000 ਕਰੋੜ ਰੁਪਏ ਦੀ ਗ੍ਰਾਂਟ ਨਾਲ ਕੋਈ ਪ੍ਰਾਜੈਕਟ ਸਿਰੇ ਚੜ੍ਹਦਾ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਅੱਜ ਇਸ ਗੱਲ ਦਾ ਜਵਾਬ ਮੰਗਣ ਲਈ ਉਤਾਵਲੇ ਹਨ।ਇਸ ਮੌਕੇ ਜਸਪ੍ਰੀਤ ਸਿੰਘ ਭੋਲਾ ਸੇਠੀ, ਸਾਬਕਾ ਕੌਂਸਲਰ ਅਮਰਜੀਤ ਸਿੰਘ ਦਾਰਾ, ਸਾਬਕਾ ਕੌਂਸਲਰ ਨਿਰਮਲਾ ਦੇਵੀ, ਮਨਜੀਤ ਸਿੰਘ ਛਾਂਗਾ, ਗੁਰਸ਼ਰਨ ਸਿੰਘ ਸੰਨੀ, ਅੰਮ੍ਰਿਤਪਾਲ ਸਿੰਘ, ਸੰਜੀਵ ਕੁਮਾਰ ਲਾਹੌਰੀ ਗੇਟ ਅਤੇ ਹਰਸ਼ਪਾਲ ਸਿੰਘ ਆਦਿ ਵੀ ਹਾਜ਼ਰ ਸਨ।


author

Shyna

Content Editor

Related News